ਟਰੰਪ ਪ੍ਰਸ਼ਾਸਨ ਨੂੰ ਅਦਾਲਤ ਦਾ ਵੱਡਾ ਝਟਕਾ: ਅਮਰੀਕੀ ਫੌਜ ਵਿੱਚੋਂ ਨਹੀਂ ਕੱਢੇ ਜਾਣਗੇ ਟਰਾਂਸਜੈਂਡਰ ਸੈਨਿਕ
ਵਾਸ਼ਿੰਗਟਨ: ਅਮਰੀਕਾ ਦੀ ਇੱਕ ਸੰਘੀ ਅਪੀਲ ਅਦਾਲਤ ਨੇ ਪੈਂਟਾਗਨ (ਅਮਰੀਕੀ ਰੱਖਿਆ ਵਿਭਾਗ) ਨੂੰ ਦੋ ਦਰਜਨ ਤੋਂ ਵੱਧ ਟਰਾਂਸਜੈਂਡਰ ਸੈਨਿਕਾਂ ਨੂੰ ਫੌਜ ਵਿੱਚੋਂ ਕੱਢਣ ਤੋਂ ਰੋਕ ਦਿੱਤਾ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਇਹ ਸਾਬਤ ਕਰਨ ਵਿੱਚ ਨਾਕਾਮ ਰਿਹਾ ਹੈ ਕਿ ਇਨ੍ਹਾਂ ਸੈਨਿਕਾਂ ਦੇ ਫੌਜ ਵਿੱਚ ਰਹਿਣ ਨਾਲ ਰਾਸ਼ਟਰੀ ਸੁਰੱਖਿਆ ਨੂੰ ਕੋਈ ਖਤਰਾ ਹੈ। ਹਾਲਾਂਕਿ, ਨਵੇਂ ਟਰਾਂਸਜੈਂਡਰ ਸੈਨਿਕਾਂ ਦੀ ਭਰਤੀ 'ਤੇ ਲੱਗੀ ਪਾਬੰਦੀ ਬਰਕਰਾਰ ਰਹੇਗੀ।
ਤਿੰਨ ਜੱਜਾਂ ਵਾਲੀ ਬੈਂਚ ਨੇ ਬਹੁਮਤ ਨਾਲ ਪ੍ਰਸ਼ਾਸਨ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਪਹਿਲਾਂ ਸੁਣਾਏ ਗਏ ਫੈਸਲੇ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਵਕੀਲਾਂ ਮੁਤਾਬਕ, ਇਹ ਫੈਸਲਾ ਉਨ੍ਹਾਂ 27 ਮੌਜੂਦਾ ਟਰਾਂਸਜੈਂਡਰ ਸੈਨਿਕਾਂ 'ਤੇ ਲਾਗੂ ਹੋਵੇਗਾ, ਜੋ ਫੌਜ ਦੇ ਸਾਰੇ ਮਾਪਦੰਡਾਂ 'ਤੇ ਖਰੇ ਉਤਰੇ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਇੱਕ ਕਾਰਜਕਾਰੀ ਹੁਕਮ ਰਾਹੀਂ ਟਰਾਂਸਜੈਂਡਰਾਂ ਦੀ ਫੌਜੀ ਸੇਵਾ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਅਦਾਲਤੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਹ ਮਾਮਲਾ ਮੁੜ ਅਮਰੀਕਾ ਦੀ ਸੁਪਰੀਮ ਕੋਰਟ ਤੱਕ ਜਾ ਸਕਦਾ ਹੈ।



