ਦੁਬਈ ਦੇ ਸਮੁੰਦਰੀ ਕੰਢੇ ‘ਤੇ ਭਾਰਤੀਆਂ ਨੇ ਮਨਾਈ ਛਠ ਪੂਜਾ, ਵਾਤਾਵਰਣ ਦੀ ਸੁਰੱਖਿਆ ਨੂੰ ਲੈ ਕੇ ਸਥਾਨਕ ਲੋਕਾਂ ਨੇ ਚੁੱਕੇ ਸਵਾਲ
ਦੁਬਈ ਦੇ ਅਲ ਮਮਜ਼ਾਰ ਬੀਚ 'ਤੇ ਛਠ ਪੂਜਾ ਕਰਦੇ ਭਾਰਤੀ ਸ਼ਰਧਾਲੂਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਵੱਡੀ ਗਿਣਤੀ 'ਚ ਭਾਰਤੀ ਲੋਕ ਰਵਾਇਤੀ ਕੱਪੜੇ ਪਹਿਨ ਕੇ ਸਮੁੰਦਰ ਕੰਢੇ ਪੂਜਾ ਕਰਦੇ ਨਜ਼ਰ ਆ ਰਹੇ ਹਨ। ਔਰਤਾਂ ਸਮੁੰਦਰ ਦੇ ਪਾਣੀ ਵਿੱਚ ਖੜ੍ਹ ਕੇ ਚੜ੍ਹਦੇ ਅਤੇ ਛਿਪਦੇ ਸੂਰਜ ਨੂੰ ਅਰਗ ਦਿੰਦੀਆਂ ਦਿਖਾਈ ਦੇ ਰਹੀਆਂ ਹਨ। ਉੱਥੇ ਹੀ ਕੁਝ ਸ਼ਰਧਾਲੂਆਂ ਨੇ ਸਮੁੰਦਰ ਵਿੱਚ ਦੁੱਧ ਵੀ ਚੜ੍ਹਾਇਆ। ਦੁਬਈ ਵਿੱਚ ਨਦੀ ਜਾਂ ਤਲਾਅ ਨਾ ਮਿਲਣ ਕਾਰਨ ਭਾਰਤੀਆਂ ਨੇ ਸਮੁੰਦਰੀ ਤੱਟ ਨੂੰ ਹੀ ਪੂਜਾ ਸਥਾਨ ਬਣਾ ਲਿਆ।
ਪਰ, ਭਾਰਤੀਆਂ ਦੇ ਇਸ ਕਦਮ ਤੋਂ ਹਰ ਕੋਈ ਖੁਸ਼ ਨਹੀਂ ਦਿਖਿਆ। ਕੁਝ ਸਥਾਨਕ ਲੋਕਾਂ ਨੇ ਜਨਤਕ ਬੀਚ 'ਤੇ ਇਸ ਤਰ੍ਹਾਂ ਪੂਜਾ ਕਰਨ ਅਤੇ ਸਮੁੰਦਰ ਵਿੱਚ ਪੂਜਾ ਸਮੱਗਰੀ ਸੁੱਟਣ 'ਤੇ ਇਤਰਾਜ਼ ਜਤਾਇਆ। ਸੋਸ਼ਲ ਮੀਡੀਆ 'ਤੇ ਦੁਬਈ ਪੁਲਿਸ ਨੂੰ ਵੀ ਟੈਗ ਕੀਤਾ ਜਾਣ ਲੱਗਾ। ਇਸ ਦੌਰਾਨ ਸਮੁੰਦਰ ਵਿੱਚ ਦੁੱਧ, ਫੁੱਲ ਅਤੇ ਹੋਰ ਸਮੱਗਰੀ ਚੜ੍ਹਾਉਣ ਕਾਰਨ ਵਾਤਾਵਰਣ ਨੂੰ ਨੁਕਸਾਨ ਪਹੁੰਚਣ ਦੀਆਂ ਚਿੰਤਾਵਾਂ ਵੀ ਜ਼ਾਹਰ ਕੀਤੀਆਂ ਗਈਆਂ। ਕੁਝ ਸਥਾਨਕ ਲੋਕਾਂ ਨੇ ਕਿਹਾ ਕਿ ਕਿਸੇ ਦੀ ਧਾਰਮਿਕ ਆਸਥਾ ਨਾਲ ਕੋਈ ਸਮੱਸਿਆ ਨਹੀਂ ਹੈ, ਪਰ ਜਨਤਕ ਥਾਵਾਂ 'ਤੇ ਅਜਿਹੇ ਸਮਾਗਮਾਂ ਲਈ ਤੈਅਸ਼ੁਦਾ ਥਾਵਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸਥਾਨਕ ਨਿਯਮਾਂ ਦਾ ਸਤਿਕਾਰ ਕਰਨਾ ਜ਼ਰੂਰੀ ਹੈ।



