ਰੂਸ ਵਿੱਚ ਵਾਪਰਿਆ ਭਿਆਨਕ ਹਵਾਈ ਹਾਦਸਾ: ਅੱਗ ਦੇ ਗੋਲੇ ਵਿੱਚ ਬਦਲਿਆ ਫੌਜੀ ਜਹਾਜ਼, 19 ਲੋਕਾਂ ਦੀ ਮੌਤ
ਮਾਸਕੋ: ਰੂਸ ਦੇ ਸਾਈਬੇਰੀਆ ਖੇਤਰ ਵਿੱਚ ਏਐੱਨ-12 (AN-12) ਫੌਜੀ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਸਾਰੇ 19 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਹਾਜ਼ ਦੇ ਇੰਜਣ ਤੱਕ ਈਂਧਨ ਪਹੁੰਚਾਉਣ ਵਾਲੀ ਪ੍ਰਣਾਲੀ ਵਿੱਚ ਖਰਾਬੀ ਅਤੇ ਤੇਲ ਲੀਕ ਹੋਣ ਕਾਰਨ ਅੱਗ ਲੱਗ ਗਈ ਸੀ। ਦੇਖਦਿਆਂ ਹੀ ਦੇਖਦਿਆਂ ਜਹਾਜ਼ ਅਸਮਾਨ ਵਿੱਚ ਅੱਗ ਦੇ ਗੋਲੇ ਵਾਂਗ ਧਰਤੀ ਵੱਲ ਡਿੱਗਿਆ ਅਤੇ ਜ਼ਮੀਨ ਨਾਲ ਟਕਰਾਉਂਦੇ ਹੀ ਉਸ ਵਿੱਚ ਜ਼ੋਰਦਾਰ ਧਮਾਕਾ ਹੋਇਆ।
ਇਹ ਹਾਦਸਾ ਕੇਮੇਰੋਵੋ ਇਲਾਕੇ ਦੇ ਯਾਗੁਨੋਵੋ ਪਿੰਡ ਨੇੜੇ ਵਾਪਰਿਆ। ਰੂਸੀ ਰੱਖਿਆ ਮੰਤਰਾਲੇ ਨੇ 19 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਚਸ਼ਮਦੀਦਾਂ ਮੁਤਾਬਕ, ਜਹਾਜ਼ ਅਸਮਾਨ ਵਿੱਚ ਹੀ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ ਸੀ। ਰੂਸੀ ਅਧਿਕਾਰੀਆਂ ਨੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮਾਹਿਰਾਂ ਦੀ ਇੱਕ ਕਮੇਟੀ ਬਣਾ ਦਿੱਤੀ ਹੈ, ਜੋ ਉਡਾਣ ਸੁਰੱਖਿਆ ਨਿਯਮਾਂ ਦੀ ਉਲੰਘਣਾ ਸਮੇਤ ਸਾਰੇ ਤਕਨੀਕੀ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।



