ਬਰਤਾਨੀਆ: ਭਾਰਤੀ ਮੂਲ ਦੇ ਸਿੱਖ ਨੌਜਵਾਨ ਵੱਲੋਂ ਕਤਲ ਦੀ ਸਜ਼ਾ ਨੂੰ ਚੁਣੌਤੀ, ਅਦਾਲਤ ਨੇ ਸਵੈ-ਰੱਖਿਆ ਦੀ ਦਲੀਲ ਕੀਤੀ ਸੀ ਰੱਦ
ਲੰਡਨ: ਬਰਤਾਨੀਆ ਵਿੱਚ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਦੇ ਦੋਸ਼ ਹੇਠ ਘੱਟੋ-ਘੱਟ 25 ਸਾਲ ਦੀ ਸਜ਼ਾ ਕੱਟ ਰਹੇ 23 ਸਾਲਾ ਸਿੱਖ ਨੌਜਵਾਨ ਵਿਕਰਮ ਸਿੰਘ ਡਿਗਵਾ ਨੇ ਆਪਣੀ ਸਜ਼ਾ ਖਿਲਾਫ਼ ਅਪੀਲ ਕਰਨ ਦੀ ਇਜਾਜ਼ਤ ਮੰਗੀ ਹੈ। ਡਿਗਵਾ ਨੇ ਬਚਾਅ ਪੱਖ ਵਿੱਚ ਦਲੀਲ ਦਿੱਤੀ ਸੀ ਕਿ ਕਤਲ ਵਿੱਚ ਵਰਤੀ ਗਈ ਕ੍ਰਿਪਾਨ ਆਤਮ-ਰੱਖਿਆ ਲਈ ਸੀ, ਪਰ ਅਦਾਲਤ ਨੇ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਸੀ।
ਪਿਛਲੇ ਸਾਲ ਪੋਰਟਸਵੁੱਡ ਇਲਾਕੇ ਵਿੱਚ ਡਿਗਵਾ ਨੇ ਹੈਨਰੀ ਨੋਵਾਕ 'ਤੇ 21 ਸੈਂਟੀਮੀਟਰ ਲੰਬੇ ਬਲੇਡ ਨਾਲ ਪੰਜ ਵਾਰ ਕੀਤੇ ਸਨ। ਅਦਾਲਤ ਨੇ ਜੁਰਮ ਦੀ ਗੰਭੀਰਤਾ ਨੂੰ ਦੇਖਦਿਆਂ ਉਸਦੀ ਪੈਰੋਲ ਲਈ ਘੱਟੋ-ਘੱਟ ਸਜ਼ਾ 21 ਸਾਲ ਤੋਂ ਵਧਾ ਕੇ 25 ਸਾਲ ਕਰ ਦਿੱਤੀ ਸੀ। ਹੁਣ ਡਿਗਵਾ ਦੀ ਕਾਨੂੰਨੀ ਟੀਮ ਨੇ ਦੋਸ਼ਸਿੱਧੀ ਅਤੇ ਸਜ਼ਾ ਵਧਾਉਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਲਈ ਅਰਜ਼ੀ ਦਾਇਰ ਕੀਤੀ ਹੈ। ਬਰਤਾਨਵੀ ਸਿੱਖ ਆਗੂਆਂ ਨੇ ਵੀ ਸਪੱਸ਼ਟ ਕੀਤਾ ਹੈ ਕਿ ਕ੍ਰਿਪਾਨ ਧਾਰਮਿਕ ਆਸਥਾ ਦਾ ਪ੍ਰਤੀਕ ਹੈ, ਅਤੇ ਅਜਿਹੇ ਅਪਰਾਧਿਕ ਮਾਮਲਿਆਂ ਵਿੱਚ ਧਾਰਮਿਕ ਛੋਟ ਲਾਗੂ ਨਹੀਂ ਹੁੰਦੀ।



