ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਹੋਰ ਵਧਿਆ: ਤਹਿਰਾਨ ਵੱਲੋਂ ਕੁਵੈਤ ਅਤੇ ਬਹਿਰੀਨ ਸਥਿਤ ਅਮਰੀਕੀ ਟਿਕਾਣਿਆਂ ‘ਤੇ ਡਰੋਨ ਹਮਲੇ
ਤਹਿਰਾਨ: ਹਾਰਮੁਜ਼ ਜਲਡਮਰੂਮੱਧ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਿਹਾ ਟਕਰਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਈਰਾਨ ਨੇ ਬੁੱਧਵਾਰ ਤੜਕੇ ਕੁਵੈਤ ਅਤੇ ਬਹਿਰੀਨ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ। ਰਿਪੋਰਟਾਂ ਮੁਤਾਬਕ, ਇਨ੍ਹਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਕੁਵੈਤ ਸਥਿਤ ਅਮਰੀਕੀ 'ਅਲ ਸਲੇਮ ਏਅਰਬੇਸ' ਸੀ। ਈਰਾਨੀ ਮੀਡੀਆ ਨੇ ਵੀ ਇਸ ਏਅਰਬੇਸ 'ਤੇ ਡਰੋਨ ਹਮਲੇ ਦੀ ਪੁਸ਼ਟੀ ਕੀਤੀ ਹੈ।
ਅਮਰੀਕਾ ਵੱਲੋਂ ਈਰਾਨ ਦੀ ਸਮੁੰਦਰੀ ਨਾਕਾਬੰਦੀ ਕੀਤੀ ਗਈ ਹੈ, ਜਦਕਿ ਜਵਾਬ ਵਿੱਚ ਈਰਾਨ ਉਨ੍ਹਾਂ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਇਸ ਰਸਤੇ ਰਾਹੀਂ ਲੰਘਦੇ ਹਨ। ਹਾਲ ਹੀ ਦੇ ਦਿਨਾਂ ਵਿੱਚ ਕਈ ਟੈਂਕਰਾਂ 'ਤੇ ਹਮਲੇ ਹੋ ਚੁੱਕੇ ਹਨ, ਜਿਸ ਕਾਰਨ ਦੁਨੀਆ ਦੇ ਇਸ ਅਹਿਮ ਤੇਲ ਆਵਾਜਾਈ ਮਾਰਗ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ। ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਗੱਲਬਾਤ ਵੀ ਕਿਸੇ ਤਣ-ਪੱਤਣ ਨਹੀਂ ਲੱਗ ਰਹੀ, ਕਿਉਂਕਿ ਈਰਾਨ ਪਾਬੰਦੀਆਂ ਹਟਾਉਣ ਦੀ ਮੰਗ ਕਰ ਰਿਹਾ ਹੈ, ਜਦਕਿ ਅਮਰੀਕਾ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਬੰਦ ਕਰਵਾਉਣ 'ਤੇ ਅੜਿਆ ਹੋਇਆ ਹੈ।



