ਅਮਰੀਕਾ ‘ਚ ਹਵਾਈ ਸੇਵਾਵਾਂ ਲਗਾਤਾਰ ਤੀਜੇ ਦਿਨ ਵੀ ਠੱਪ: 10 ਹਜ਼ਾਰ ਉਡਾਣਾਂ ਪ੍ਰਭਾਵਿਤ, ਟਰੰਪ ਨੇ ਪੁਰਾਣੇ ਸਿਸਟਮ ‘ਤੇ ਚੁੱਕੇ ਸਵਾਲ
ਵਾਸ਼ਿੰਗਟਨ: ਅਮਰੀਕਾ ਵਿੱਚ ਏਅਰ ਟ੍ਰੈਫਿਕ ਕੰਟਰੋਲ (ATC) ਸਿਸਟਮ ਦੀ ਤਕਨੀਕੀ ਖਰਾਬੀ ਕਾਰਨ ਪੈਦਾ ਹੋਇਆ ਹਵਾਈ ਸੰਕਟ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ, ਜਿਸ ਨੇ ਲੱਖਾਂ ਯਾਤਰੀਆਂ ਦੀ ਖੱਜਲ-ਖੁਆਰੀ ਵਧਾ ਦਿੱਤੀ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਸਿਸਟਮ ਵਿੱਚ ਸ਼ੁੱਕਰਵਾਰ ਨੂੰ ਆਈ ਖਰਾਬੀ ਦਾ ਅਸਰ ਐਤਵਾਰ ਨੂੰ ਵੀ ਦੇਖਣ ਨੂੰ ਮਿਲਿਆ। ਏਵੀਏਸ਼ਨ ਡਾਟਾ ਟ੍ਰੈਕਰ 'ਫਲਾਈਟ ਅਵੇਅਰ' (FlightAware) ਦੀ ਰਿਪੋਰਟ ਅਨੁਸਾਰ, ਐਤਵਾਰ ਨੂੰ ਅਮਰੀਕਾ ਵਿੱਚ 10,000 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ, ਜਿਨ੍ਹਾਂ ਵਿੱਚੋਂ 2,300 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ 7,700 ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਰਹੀਆਂ। ਸਭ ਤੋਂ ਵੱਧ ਨੁਕਸਾਨ 'ਜੈੱਟਬਲੂ' ਏਅਰਲਾਈਨਜ਼ ਨੂੰ ਹੋਇਆ, ਜਿਸਦੀਆਂ 28 ਫੀਸਦੀ ਉਡਾਣਾਂ ਰੱਦ ਹੋਈਆਂ।
ਇਸ ਵੱਡੇ ਸੰਕਟ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੌਜੂਦਾ ਏਅਰ ਟ੍ਰੈਫਿਕ ਕੰਟਰੋਲ ਪ੍ਰਣਾਲੀ 'ਤੇ ਸਵਾਲ ਚੁੱਕੇ ਹਨ। ਟਰੰਪ ਨੇ ਕਿਹਾ ਕਿ ਅਮਰੀਕਾ ਦਾ ਮੌਜੂਦਾ ਸਿਸਟਮ ਲਗਭਗ 50 ਸਾਲ ਪੁਰਾਣਾ ਹੈ, ਜਿਸ ਨੂੰ ਤੁਰੰਤ ਆਧੁਨਿਕ ਤਕਨੀਕ ਨਾਲ ਬਦਲਣ ਦੀ ਲੋੜ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਜੇਕਰ ਕਾਂਗਰਸ ਨਵੇਂ ਸਿਸਟਮ ਲਈ ਫੰਡ ਮਨਜ਼ੂਰ ਕਰ ਦਿੰਦੀ ਹੈ, ਤਾਂ ਅਮਰੀਕਾ ਦੁਨੀਆ ਦੀ ਸਭ ਤੋਂ ਬਿਹਤਰੀਨ ਹਵਾਈ ਆਵਾਜਾਈ ਪ੍ਰਣਾਲੀ ਵਿਕਸਤ ਕਰ ਸਕਦਾ ਹੈ।
ਦੂਜੇ ਪਾਸੇ, ਅਮਰੀਕੀ ਆਵਾਜਾਈ ਸਕੱਤਰ ਸ਼ੌਨ ਡਫੀ ਨੇ ਕਿਸੇ ਵੀ ਤਰ੍ਹਾਂ ਦੇ ਸਾਈਬਰ ਹਮਲੇ ਦੀ ਸੰਭਾਵਨਾ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਸਿਰਫ਼ ਹਾਰਡਵੇਅਰ ਅਤੇ ਰਾਊਟਰ ਦੀ ਪੁਰਾਣੀ ਤਕਨੀਕ ਕਾਰਨ ਹੋਈ ਖਰਾਬੀ ਸੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸੋਮਵਾਰ ਤੱਕ ਹਵਾਈ ਸੇਵਾਵਾਂ ਪੂਰੀ ਤਰ੍ਹਾਂ ਆਮ ਵਾਂਗ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇਸ ਖਰਾਬੀ ਕਾਰਨ ਲਗਭਗ 5 ਘੰਟੇ ਲਈ ਸਾਰੀਆਂ ਉਡਾਣਾਂ ਨੂੰ ਰੋਕਣਾ ਪਿਆ ਸੀ, ਜੋ ਕਿ 9/11 ਹਮਲਿਆਂ ਤੋਂ ਬਾਅਦ ਅਮਰੀਕਾ ਦੇ ਇਤਿਹਾਸ ਵਿੱਚ ਹਵਾਈ ਸੇਵਾਵਾਂ ਠੱਪ ਹੋਣ ਦੀ ਸਭ ਤੋਂ ਲੰਬੀ ਘਟਨਾ ਬਣ ਗਈ ਹੈ।



