ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਮੁਸਲਮਾਨਾਂ ਦੀ ਸੂਚੀ ‘ਚ ਸ਼ਾਹਬਾਜ਼ ਤੇ ਮੁਨੀਰ ਸਿਖਰ ‘ਤੇ, ‘ਦ ਮੁਸਲਿਮ 500’ ਦੀ ਰੈਂਕਿੰਗ ‘ਤੇ ਉੱਠੇ ਸਵਾਲ
ਦੁਬਈ: 'ਦ ਮੁਸਲਿਮ 500' (The Muslim 500) ਵੱਲੋਂ ਜਾਰੀ ਕੀਤੀ ਗਈ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ 500 ਮੁਸਲਮਾਨਾਂ ਦੀ ਸਾਲਾਨਾ ਸੂਚੀ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਮੁਖੀ ਆਸਿਮ ਮੁਨੀਰ ਨੂੰ ਪਹਿਲਾ ਸਥਾਨ ਦਿੱਤੇ ਜਾਣ 'ਤੇ ਕੌਮਾਂਤਰੀ ਪੱਧਰ 'ਤੇ ਵੱਡੀ ਚਰਚਾ ਛਿੜ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਆਗੂਆਂ ਨੂੰ ਸਾਊਦੀ ਅਰਬ ਦੇ ਕਿੰਗ ਸਲਮਾਨ, ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਅਬ ਐਰਦੋਗਨ ਦੇ ਬਰਾਬਰ ਰੱਖਿਆ ਗਿਆ ਹੈ, ਜਿਸ ਕਾਰਨ ਇਸ ਰੈਂਕਿੰਗ ਦੇ ਆਧਾਰ ਅਤੇ ਚੋਣ ਪ੍ਰਕਿਰਿਆ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ।
ਪ੍ਰਕਾਸ਼ਨ ਮੁਤਾਬਕ, ਇਨ੍ਹਾਂ ਨੂੰ ਸਿਖਰ 'ਤੇ ਰੱਖਣ ਦਾ ਮੁੱਖ ਕਾਰਨ ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਵਿਚਾਲੇ 7 ਅਗਸਤ 2026 ਨੂੰ ਹੋਇਆ ਮੱਕਾ ਸਾਂਝਾ ਰੱਖਿਆ ਸਮਝੌਤਾ ਹੈ। ਇਸ ਸਮਝੌਤੇ ਵਿੱਚ ਸਾਊਦੀ ਅਰਬ ਦੀ ਆਰਥਿਕ ਤਾਕਤ, ਤੁਰਕੀ ਦੀ ਆਧੁਨਿਕ ਤਕਨੀਕ ਅਤੇ ਪਾਕਿਸਤਾਨ ਦੀ ਫੌਜੀ ਤਾਕਤ ਨੂੰ ਇਸ ਗੱਠਜੋੜ ਦਾ ਆਧਾਰ ਦੱਸਿਆ ਗਿਆ ਹੈ। ਪਰ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮੁਨੀਰ ਨੂੰ ਭਾਰਤ ਨਾਲ ਜੰਗਬੰਦੀ ਦਾ ਸਿਹਰਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਸਲਾਮੀ ਏਕਤਾ ਦਾ ਮੁੱਖ ਸੂਤਰਧਾਰ ਦੱਸਿਆ ਗਿਆ ਹੈ, ਜਿਸਦੀ ਕਾਫੀ ਆਲੋਚਨਾ ਹੋ ਰਹੀ ਹੈ।
ਇਸ ਤੋਂ ਇਲਾਵਾ ਸ਼ਾਹਬਾਜ਼ ਸ਼ਰੀਫ ਨੂੰ ਪਾਕਿਸਤਾਨ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਅਤੇ ਇੱਕ ਸਖ਼ਤ ਪ੍ਰਸ਼ਾਸਕ ਵਜੋਂ ਉਭਾਰਿਆ ਗਿਆ ਹੈ। ਇਸ ਸੂਚੀ ਵਿੱਚ ਈਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਾਮੇਨੇਈ ਨੂੰ ਚੌਥਾ, ਜਾਰਡਨ ਦੇ ਕਿੰਗ ਅਬਦੁੱਲਾ ਨੂੰ ਪੰਜਵਾਂ ਅਤੇ ਕਤਰ ਦੇ ਸ਼ੇਖ ਤਮੀਮ ਨੂੰ ਛੇਵਾਂ ਸਥਾਨ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸੂਚੀ ਵਿੱਚੋਂ ਸਿਰਫ਼ ਪਹਿਲੇ 50 ਲੋਕਾਂ ਦੀ ਹੀ ਰੈਂਕਿੰਗ (ਕ੍ਰਮਵਾਰ) ਜਾਰੀ ਕੀਤੀ ਜਾਂਦੀ ਹੈ, ਜਦਕਿ ਬਾਕੀ 450 ਨੂੰ ਸਿਰਫ਼ ਪ੍ਰਭਾਵ ਅਤੇ ਯੋਗਦਾਨ ਦੇ ਆਧਾਰ 'ਤੇ ਸੂਚੀਬੱਧ ਕੀਤਾ ਜਾਂਦਾ ਹੈ।



