ਸਾਊਦੀ ਅਰਬ ਦਾ ਅਮਰੀਕਾ ਨੂੰ ਵੱਡਾ ਝਟਕਾ: “ਜਦੋਂ ਤੱਕ ਨੇਤਨਯਾਹੂ ਸੱਤਾ ‘ਚ ਹਨ, ਇਜ਼ਰਾਈਲ ਨਾਲ ਸਮਝੌਤਾ ਅਸੰਭਵ”
ਤੇਲ ਅਵੀਵ: ਇਜ਼ਰਾਈਲ ਅਤੇ ਸਾਊਦੀ ਅਰਬ ਵਿਚਕਾਰ ਸਬੰਧ ਸੁਧਰਨ ਦੀਆਂ ਉਮੀਦਾਂ ਲਗਭਗ ਖ਼ਤਮ ਹੋ ਗਈਆਂ ਹਨ। ਸਾਊਦੀ ਅਰਬ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਬੈਂਜਾਮਿਨ ਨੇਤਨਯਾਹੂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਅਹੁਦੇ 'ਤੇ ਬਿਰਾਜਮਾਨ ਹਨ, ਉਹ ਕਿਸੇ ਵੀ ਤਰ੍ਹਾਂ ਦੀ ਸ਼ਾਂਤੀ ਗੱਲਬਾਤ ਵਿੱਚ ਸ਼ਾਮਲ ਨਹੀਂ ਹੋਵੇਗਾ। ਸਾਊਦੀ ਨੇ ਨੇਤਨਯਾਹੂ ਸਰਕਾਰ ਦੀ ਫਲਸਤੀਨ ਨੀਤੀ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਨਾਲ ਕੂਟਨੀਤਕ ਸਬੰਧ ਕਾਇਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਸਾਊਦੀ ਅਰਬ ਦਾ ਇਹ ਸਟੈਂਡ ਇਜ਼ਰਾਈਲ ਅਤੇ ਅਮਰੀਕਾ ਦੋਵਾਂ ਲਈ ਇੱਕ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਅਮਰੀਕਾ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਆਮ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ। ਇਸੇ ਰਣਨੀਤੀ ਤਹਿਤ ਅਮਰੀਕੀ ਪ੍ਰਸ਼ਾਸਨ ਨੇ ਸਾਊਦੀ ਅਰਬ ਨੂੰ ਨਾਟੋ ਵਰਗਾ ਰੱਖਿਆ ਸਹਿਯੋਗੀ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਸੀ, ਪਰ ਗਾਜ਼ਾ ਯੁੱਧ ਅਤੇ ਮੱਧ ਪੂਰਬ ਦੇ ਵਿਗੜਦੇ ਹਾਲਾਤਾਂ ਨੇ ਇਸ ਯੋਜਨਾ 'ਤੇ ਪਾਣੀ ਫੇਰ ਦਿੱਤਾ।
ਇਜ਼ਰਾਈਲ ਦੇ 'ਕੇਏਐਨ' (KAN) ਨਿਊਜ਼ ਨੇ ਇੱਕ ਸਾਊਦੀ ਕੂਟਨੀਤਕ ਸੂਤਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਨੇਤਨਯਾਹੂ ਦੇ ਹੁੰਦਿਆਂ ਦੋਵਾਂ ਦੇਸ਼ਾਂ ਵਿਚਾਲੇ ਆਮਕਰਨ ਅਸੰਭਵ ਹੈ। ਸੂਤਰ ਨੇ ਕਿਹਾ, "ਸਾਊਦੀ ਅਰਬ ਸ਼ਾਂਤੀ ਅਤੇ ਗੱਲਬਾਤ ਚਾਹੁੰਦਾ ਹੈ। ਅਸੀਂ ਇਜ਼ਰਾਈਲ-ਫਲਸਤੀਨ ਮੁੱਦੇ ਦਾ ਸੁਤੰਤਰ ਰਾਸ਼ਟਰ ਦੇ ਰੂਪ ਵਿੱਚ ਪੱਕਾ ਹੱਲ ਚਾਹੁੰਦੇ ਹਾਂ, ਪਰ ਨੇਤਨਯਾਹੂ ਦੀ ਅਜਿਹੀ ਕੋਈ ਮਨਸ਼ਾ ਨਹੀਂ ਹੈ।"



