Parineeti Chopra Raghav Chadha Wedding : ਸੰਵਾਦ ਸੂਤਰ, ਉਦੈਪੁਰ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਤੇ ਆਪ ਸੰਸਦ ਮੈਂਬਰ ਰਾਘਵ ਚੱਢਾ ਐਤਵਾਰ ਨੂੰ ਵਿਆਹ ਬੰਧਨ ’ਚ ਬੱਝ ਗਏ। ਇਸ ਤੋਂ ਪਹਿਲਾਂ ‘ਤਾਜ ਲੇਕ ਪੈਲਸ’ ਤੋਂ ਰਾਘਵ ਚੱਢਾ ਦੀ ਬਾਰਾਤ 18 ਕਿਸ਼ਤੀਆਂ ਰਾਹੀਂ ‘ਦਿ ਲੀਲ੍ਹਾ ਪੈਲਸ’ ਪੁੱਜੀ। ਰਾਜਸਥਾਨੀ ਸਿਹਾਰ ਬੰਨ੍ਹੀ ਰਾਘਵ ਵਿੰਟੇਜ ਕਾਰ ਰਾਹੀਂ ਪੁੱਜੇ ਤੇ ਸਾਢੇ ਤਿੰਨ ਵਜੇ ਪਰਿਣੀਤੀ ਨੂੰ ਜੈਮਾਲਾ ਪਾਈ। ਜੋੜੇ ਨੇ ਕ੍ਰੀਮ ਰੰਗ ਦੀ ਡਰੈੱਸ ਪਾਈ ਹੋਈ ਸੀ। ਵਿਆਹ ਦੀ ਥੀਮ ਪਰਲ ਵ੍ਹਾਈਟ ਹੋਣ ਕਾਰਨ ਜ਼ਿਆਦਾਤਰ ਮਹਿਮਾਨ ਇਸੇ ਰੰਗ ਦੀ ਪੁਸ਼ਾਕ ’ਚ ਨਜ਼ਰ ਆਏ।
ਰਾਘਵ ਤੇ ਪਰਿਨੀਤੀ ਦੇ ਸ਼ਾਹੀ ਵਿਆਹ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਪ ਦੇ ਸੰਸਦ ਮੈਂਬਰ ਸੰਜੇ ਸਿੰਘ, ਕ੍ਰਿਕਟਰ ਹਰਭਜਨ ਸਿੰਘ ਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ, ਪਰਿਣੀਤੀ ਦੀ ਖ਼ਾਸ ਸਹੇਲੀ ਸਾਨੀਆ ਮਿਰਜ਼ਾ ਤੇ ਉਨ੍ਹਾਂ ਦੀ ਭੈਣ ਅਨਮ ਮਿਰਜ਼ਾ, ਸਾਬਕਾ ਵਿੱਤ ਮਤੰਰੀ ਪੀ. ਚਿਦੰਬਰਮ, ਕਰਨ ਜੌਹਰ, ਟੀਐੱਸੀ ਸੰਸਦ ਮੈਂਬਰ ਓ ਬ੍ਰਾਇਨ, ਡਿਜ਼ਾਈਨਰ ਮਨੀਸ਼ ਮਲਹੋਤਰਾ ਆਦਿ ਸ਼ਾਮਿਲ ਹੋਏ।
ਮਹਿਮਾਨਾਂ ਨੇ ਵੱਖ-ਵੱਖ ਵਿਅੰਜਣਾਂ ਦਾ ਲਿਆ ਸੁਆਦ
ਵਿਆਹ ਦੇ ਮੈਨਿਊ ’ਚ ਰਾਜਸਥਾਨੀ ਤੋਂ ਇਲਾਵਾ ਪੰਜਾਬੀ ਤੇ ਹੋਰ ਸੂਬਿਆਂ ਦੇ ਮਸ਼ਹੂਰ ਵਿਅੰਜਣ ਸਨ। ਇਹੀ ਨਹੀਂ, ਇਟੈਲੀਅਨ ਤੇ ਫਰੈਂਜ ਵਿਅੰਜਣ ਵੀ ਪਰੋਸੇ ਗਏ।
ਅੱਜ ਰਾਜਨੀਤੀ ਨਹੀਂ, ਰਾਗਨੀਤੀ ਹੈ
ਸ਼ਾਹੀ ਵਿਆਹ ’ਚ ਸ਼ਾਮਿਲ ਹੋਣ ਪੁੱਜੇ ਸ਼ਿਵ ਸੈਨਾ (ਊਧਵ ਠਾਕਰੇ) ਨੇਤਾ ਆਦਿੱਤਿਆ ਠਾਕਰੇ ਨੇ ਕਿਹਾ ਕਿ ਅੱਜ ਰਾਜਨੀਤੀ ਨਹੀਂ ਰਾਗਨੀਤੀ ਹੈ।
ਗਾਣਿਆਂ ਦੀ ਧੁਨ ’ਤੇ ਥਿਰਕੇ ਭਗਵੰਤ ਮਾਨ
ਵਿਆਹ ਦੀਆਂ ਰਸਮਾਂ ’ਚ ਸ਼ਾਮਿਲ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨਿਚਰਵਾਰ ਦੁਪਹਿਰ ਨੂੰ ਹੀ ਉਦੈਪੁਰ ਪੁੱਜ ਗਏ ਸਨ। ਸ਼ਨਿਚਰਵਾਰ ਰਾਤ ਸੰਗੀਤ ਨਾਈਟ ’ਚ ਪੰਜਾਬ ਦੇ ਮਸ਼ਹੂਰ ਗਾਇਕ ਨਵਰਾਜ ਹੰਸ ਨੇ ਪੇਸ਼ਕਾਰੀ ਦਿੱਤੀ। ਇਸ ਦੌਰਾਨ ਇਕ ਵੀਡੀਓ ਇੰਟਨੈੱਟ ’ਤੇ ਪ੍ਰਸਾਰਤ ਹੋ ਰਹੀ ਹੈ, ਜਿਸ ’ਚ ਗਾਣੇ ਦੀ ਧੁਨ ’ਤੇ ਭਗਵੰਤ ਮਾਨ ਥਿਰਕਦੇ ਨਜ਼ਰ ਆ ਰਹੇ ਹਨ।
ਪੂਰੇ ਉਦੈਪੁਰ ’ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ
ਰਾਘਵ-ਪਰਿਨੀਤੀ ਦੇ ਵਿਆਹ ਕਾਰਨ ਪੂਰੇ ਉਦੈਪੁਰ ’ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ। ਹੋਟਲ ਤੋਂ ਇਕ ਤੈਅ ਦੂਰੀ ’ਤੇ ਹੀ ਲੋਕਾਂ ਨੂੰ ਰੋਕਿਆ ਜਾ ਰਿਹਾ ਸੀ। ਇਸ ਦੌਰਾਨ ਕਿਸੇ ਨੂੰ ਫੋਟੋ ਖਿਚਵਾਉਣ ਦੀ ਇਜਾਜ਼ਤ ਨਹੀਂ ਸੀ। ਰਾਜਸਥਾਨ ਪੁਲਿਸ ਨਾਲ ਪੰਜਾਬ ਪੁਲਿਸ ਵੀ ਉਦੈਪੁਰ ’ਚ ਸੁਰੱਖਿਆ ਦਾ ਜ਼ਿੰਮਾ ਸੰਭਾਲ ਰਹੀ ਸੀ।
ਨਹੀਂ ਆ ਸਕੇ ਸੀਐੱਮ ਗਹਿਲੋਤ
ਵਿਆਹ ’ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸ਼ਾਮਿਲ ਨਹੀਂ ਹੋ ਸਕੇ। ਸ਼ਨਿਚਰਵਾਰ ਦੁਪਹਿਰ ਨੂੰ ਅਚਾਨਕ ਮੌਸਮ ਖ਼ਰਾਬ ਹੋਣ ਤੇ ਭਾਰੀ ਬਾਰਿਸ਼ ਕਾਰਨ ਗਹਿਲੋਤ ਦਾ ਆਪਣਾ ਉਦੈਪੁਰ ਦੌਰਾ ਰੱਦ ਕਰਨਾ ਪਿਆ। ਪਰਿਣੀਤੀ ਦੀ ਚਚੇਰੀ ਭੈਣ ਪ੍ਰਿਅੰਕਾ ਚੋਪੜਾ ਤੇ ਉਨ੍ਹਾਂ ਦੇ ਅਦਾਕਾਰ ਪਤੀ ਨਿਕ ਜੋਨਸ ਤੇ ਧੀ ਮਾਲਤੀ ਵੀ ਵਿਆਹ ’ਚ ਸ਼ਾਮਿਲ ਨਹੀਂ ਹੋਏ। ਹਾਲਾਂਕਿ ਪ੍ਰਿਅੰਕਾ ਦੀ ਮਾਂ ਮਧੂ ਚੋਪੜਾ ਮੌਜੂਦ ਰਹੀਆਂ।



