ਅਭਿਸ਼ੇਕ ਤ੍ਰਿਪਾਠੀ, ਅਹਿਮਦਾਬਾਦ : ਸਾਬਰਮਤੀ ਦੇ ਕੰਢੇ ਬਣੇ ਨਰਿੰਦਰ ਮੋਦੀ ਸਟੇਡੀਅਮ ਵਿਚ ਐਤਵਾਰ ਨੂੰ ਦਿਲੋਂ ਇਕ ਹੀ ਪੁਕਾਰ ਨਿਕਲੇਗੀ ਭਾਰਤ, ਭਾਰਤ, ਭਾਰਤ। ਰੋਹਿਤ ਦੀ ਟੀਮ ਨੇ ਵਿਰੋਧੀ ਟੀਮ ਨੂੰ ਹਰਾਉਣ ਲਈ ਆਪਣੇ ਤਰਕਸ਼ ’ਚ ਸਾਰੇ ਤੀਰ ਭਰ ਲਏ ਹਨ। ਇਕ ਰੋਜ਼ਾ ਵਿਸ਼ਵ ਕੱਪ ਵਿਚ ਪਾਕਿਸਤਾਨ ਟੀਮ ਨੂੰ ਹੁਣ ਤੱਕ ਸਾਰੇ ਸੱਤ ਮੈਚਾਂ ਵਿਚ ਭਾਰਤੀ ਟੀਮ ਅੱਠ ਦੇ ਅੱਠ ਦੇ ਨਾਲ ਇਸ ਵਿਸ਼ਵ ਕੱਪ ਵਿਚ ਆਪਣੇ ਸਫਰ ਨੂੰ ਅੱਗੇ ਵਧਾਉਣਾ ਚਾਹੇਗੀ। ਆਸਟ੍ਰੇਲੀਆ ਅਤੇ ਅਫਗਾਨਿਸਤਾਨ ਨੂੰ ਹਰਾਉਣ ਵਾਲੀ ਭਾਰਤੀ ਟੀਮ ਜੇਕਰ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਸ ਲਈ ਸੈਮੀਫਾਈਨਲ ’ਚ ਪਹੁੰਚਣਾ ਆਸਾਨ ਹੋ ਜਾਵੇਗਾ। ਭਾਰਤ-ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਮੈਚ ਦੀ ਜਿਵੇਂ ਹੀ ਗੱਲ ਹੋਵੇਗੀ ਤਾਂ ਕਿਰਨ ਮੋਰੇ ਦੇ ਸਾਹਮਣੇ ਜਾਵੇਦ ਮਿਆਂਦਾਦ ਦਾ ਉਛਲਣਾ ਅਤੇ ਜਾਵੇਦ-ਚੇਤਨ ਵਿਚਾਲੇ ਹੋਈ ਤਕਰਾਰ ਨੂੰ ਯਾਦ ਕੀਤਾ ਜਾਵੇਗਾ। ਸਲੀਮ ਮਲਿਕ-ਮਨਿੰਦਰ ਸਿੰਘ, ਅਜੈ ਜਡੇਜਾ-ਵਕਾਰ ਯੂਨਿਸ, ਰਿਸ਼ੀਕੇਸ਼ ਕਾਨਿਤਕਰ-ਸਕਲੇਨ ਮੁਸ਼ਤਾਕ, ਸਚਿਨ ਤੇਂਦੁਲਕਰ-ਸ਼ੋਏਬ ਅਖਤਰ, ਵਿਰਾਟ ਕੋਹਲੀ-ਵਹਾਬ ਰਿਆਜ਼, ਵਿਰਾਟ-ਹਾਰਿਸ ਰਾਊਫ ਅਤੇ ਜੋਗਿੰਦਰ ਸ਼ਰਮਾ-ਮਿਸਬਾਹ-ਉਲ-ਹੱਕ ਦੀ ਤਕਰਾਰ ਨੂੰ ਕੌਣ ਭੁੱਲ ਸਕਦਾ ਹੈ। ਐਤਵਾਰ ਨੂੰ ਇਸ ਵਿਚ ਕੋਈ ਨਵੀਂ ਮਿਸਾਲ ਜੁੜ ਜਾਵੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ।
ਭਾਰਤੀ ਟੀਮ ਹੈ ਮਜ਼ਬੂਤ : ਸ਼ੁਭਮਨ ਗਿੱਲ ਡੇਂਗੂ ਤੋਂ ਉਭਰ ਰਿਹਾ ਹੈ। ਕਪਤਾਨ ਰੋਹਿਤ ਸ਼ਰਮਾ ਦਾ ਕਹਿਣਾ ਹੈ ਕਿ ਗਿੱਲ ਇਸ ਮੈਚ ਵਿਚ ਖੇਡਣਾ 90 ਫੀਸਦੀ ਤੈਅ ਹੈ। ਸਾਡੀ ਟੀਮ ਗੁਆਂਢੀਆਂ ਨਾਲੋਂ ਮਜ਼ਬੂਤ ਦਿਖਾਈ ਦੇ ਰਹੀ ਹੈ। ਭਾਰਤੀ ਟੀਮ ਆਪਣੇ ਜੇਤੂ ਇਲੈਵਨ ਵਿਚ ਜ਼ਿਆਦਾ ਬਦਲਾਅ ਨਹੀਂ ਕਰੇਗੀ। ਜੇਕਰ ਗਿੱਲ ਮੈਚ ਫਿੱਟ ਰਹੇ ਤਾਂ ਇਸ਼ਾਨ ਕਿਸ਼ਨ ਨੂੰ ਬਾਹਰ ਜਾਣਾ ਪਵੇਗਾ। ਇਸ ਦੇ ਨਾਲ ਹੀ ਰੋਹਿਤ ਨੇ ਫੈਸਲਾ ਕਰਨਾ ਹੈ ਕਿ ਉਹ ਚੇਨਈ ਦੀ ਤਰ੍ਹਾਂ ਤਿੰਨ ਸਪਿਨਰਾਂ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਦੇ ਨਾਲ ਜਾਵੇਗਾ ਜਾਂ ਦਿੱਲੀ ਦੀ ਤਰ੍ਹਾਂ ਅਸ਼ਵਿਨ ਦੀ ਜਗ੍ਹਾ ਸ਼ਾਰਦੁਲ ਨੂੰ ਮੈਦਾਨ ’ਚ ਉਤਾਰੇਗਾ। ਹਾਲਾਂਕਿ ਮੈਦਾਨ ਵੱਡਾ ਹੋਣ ਕਾਰਨ ਤਿੰਨ ਸਪਿਨਰਾਂ ਦੇ ਖੇਡਣ ਦੀ ਜ਼ਿਆਦਾ ਸੰਭਾਵਨਾ ਹੈ। ਜੇਕਰ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ ਤਾਂ ਸ਼ਾਰਦੁਲ ਬਿਹਤਰ ਬਦਲ ਹੈ ਪਰ ਜੇਕਰ ਗੇਂਦ ਥੋੜ੍ਹੀ ਵੀ ਰੁਕ ਕੇ ਆਉਂਦੀ ਹੈ ਤਾਂ ਅਸ਼ਵਿਨ ਲੰਬੀਆਂ ਬਾਊਂਡਰੀ ਲਾਈਨਾਂ ਦੇ ਨਾਲ ਵਧੇਰੇ ਵਿਹਾਰਕ ਬਦਲ ਹੋਵੇਗਾ। ਰਾਹੁਲ-ਅਈਅਰ ਨੂੰ ਸੰਭਾਲਣਾ ਹੋਵੇਗਾ ਮੱਧਕ੍ਰਮ : ਵਿਰਾਟ ਅਤੇ ਰੋਹਿਤ ਦੀ ਫਾਰਮ ਦੇ ਕਾਰਨ ਭਾਰਤੀ ਟੀਮ ਦੇ ਹੌਸਲੇ ਬੁਲੰਦ ਹਨ, ਪਰ 50 ਓਵਰਾਂ ਦੇ ਮੈਚ ਵਿਚ ਬਹੁਤ ਕੁਝ ਸ਼੍ਰੇਅਸ ਅਈਅਰ ਅਤੇ ਲੋਕੇਸ਼ ਰਾਹੁਲ ’ਤੇ ਨਿਰਭਰ ਕਰੇਗਾ। ਉਨ੍ਹਾਂ ਨੂੰ ਪਾਕਿਸਤਾਨ ਦੇ ਚੰਗੇ ਸਪਿਨਰਾਂ ਦੀ ਕਮੀ ਦਾ ਫਾਇਦਾ ਉਠਾਉਣਾ ਹੋਵੇਗਾ। ਪਾਕਿਸਤਾਨ ਦੇ ਉਪ ਕਪਤਾਨ ਸ਼ਾਦਾਬ ਖਾਨ ਨੇ ਦੋ ਮੈਚਾਂ ਵਿਚ 16 ਓਵਰਾਂ ਵਿਚ 100 ਦੌੜਾਂ ਦਿੱਤੀਆਂ ਹਨ ਅਤੇ ਉਹ ਨਵੀਂ ਗੇਂਦ ਦੇ ਗੇਂਦਬਾਜ਼ ਹਸਨ ਅਲੀ ਦੇ ਨਾਲ ਭਾਰਤੀਆਂ ਲਈ ਆਸਾਨ ਟੀਚਾ ਹੋ ਸਕਦੇ ਹਨ। ਸਾਨੂੰ ਦੂਜੇ ਸਪਿਨਰ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜੋ ਹੁਣ ਤੱਕ ਪਾਕਿਸਤਾਨ ਦੀ ਕਮਜ਼ੋਰ ਕੜੀ ਰਿਹਾ ਹੈ। ਸਾਊਦ ਸ਼ਕੀਲ ਕਿਸੇ ਵੀ ਮੈਚ ਦਾ ਰੁਖ ਬਦਲ ਸਕਦਾ ਹੈ ਪਰ ਪਾਕਿਸਤਾਨ ਦੀ ਬੱਲੇਬਾਜ਼ੀ ਉਸ ਦੇ ਕਪਤਾਨ ਬਾਬਰ ਆਜ਼ਮ ’ਤੇ ਨਿਰਭਰ ਹੈ।
ਟੀਮਾਂ ਇਸ ਤਰ੍ਹਾਂ ਹਨ :
ਭਾਰਤ : ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪਾਂਡਿਆ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਰਵੀਚੰਦਰਨ ਅਸ਼ਵਿਨ, ਇਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ।
ਪਾਕਿਸਤਾਨ : ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ, ਫਖਰ ਜ਼ਮਾਨ, ਇਮਾਮ-ਉਲ-ਹੱਕ, ਅਬਦੁੱਲਾ ਸ਼ਫੀਕ, ਮੁਹੰਮਦ ਰਿਜ਼ਵਾਨ, ਸਊਦ ਸ਼ਕੀਲ, ਇਫਤਿਖਾਰ ਅਹਿਮਦ, ਸਲਮਾਨ ਅਲੀ ਆਗਾ, ਮੁਹੰਮਦ ਨਵਾਜ਼, ਉਸਾਮਾ ਮੀਰ, ਹਰਿਸ ਰਾਊਫ, ਹਸਨ ਅਲੀ, ਸ਼ਾਹੀਨ ਅਫਰੀਦੀ ਅਤੇ ਮੁਹੰਮਦ ਵਸੀਮ।



