ਹੋਰਮੁਜ਼ ਜਲਡਮਰੂ ‘ਚ ਵੱਡਾ ਹਾਦਸਾ: ਬਾਰੂਦੀ ਸੁਰੰਗਾਂ ਨਾਲ ਟਕਰਾਉਣ ਮਗਰੋਂ ਦੋ ਤੇਲ ਟੈਂਕਰਾਂ ਨੂੰ ਲੱਗੀ ਭਿਆਨਕ ਅੱਗ
ਤਹਿਰਾਨ: ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਕੇ ਹੋਰਮੁਜ਼ ਜਲਡਮਰੂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਤੇਲ ਟੈਂਕਰ ਸਮੁੰਦਰੀ ਬਾਰੂਦੀ ਸੁਰੰਗਾਂ ਨਾਲ ਟਕਰਾ ਗਏ, ਜਿਸ ਕਾਰਨ ਉਨ੍ਹਾਂ ਨੂੰ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦਰਮਿਆਨ ਈਰਾਨੀ ਜਲ ਸੈਨਾ ਨੇ ਸਪੱਸ਼ਟ ਕੀਤਾ ਹੈ ਕਿ ਹੋਰਮੁਜ਼ ਜਲਡਮਰੂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਜਦੋਂ ਤੱਕ ਅਮਰੀਕਾ ਈਰਾਨ ਵੱਲੋਂ ਰੱਖੀਆਂ ਸੱਤ ਸ਼ਰਤਾਂ ਨਹੀਂ ਮੰਨਦਾ, ਇਸ ਫੈਸਲੇ ਨੂੰ ਬਦਲਿਆ ਨਹੀਂ ਜਾਵੇਗਾ।
IRGC ਦੀ ਅਧਿਕਾਰਤ ਨਿਊਜ਼ ਏਜੰਸੀ 'ਸੇਪਾਹ ਨਿਊਜ਼' 'ਤੇ ਜਾਰੀ ਬਿਆਨ ਮੁਤਾਬਕ, ਜਲ ਸੈਨਾ ਨੇ ਦੱਸਿਆ ਕਿ ਦੋਵਾਂ ਜਹਾਜ਼ਾਂ ਨੇ ਆਪਣੇ ਨੇਵੀਗੇਸ਼ਨ ਅਤੇ ਪਛਾਣ ਸਿਸਟਮ (ਟਰੈਕਿੰਗ) ਬੰਦ ਕਰ ਦਿੱਤੇ ਸਨ। ਉਹ ਅਮਰੀਕੀ ਫੌਜਾਂ ਦੀ ਸ਼ਹਿ 'ਤੇ ਇੱਕ ਗੈਰ-ਕਾਨੂੰਨੀ ਰਸਤੇ ਰਾਹੀਂ ਜਲਡਮਰੂ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਰਸਤੇ ਵਿੱਚ ਵਿਛਾਈਆਂ ਗਈਆਂ ਸੁਰੰਗਾਂ ਨੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।



