ਏਐੱਨਆਈ, ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹਵਾ ਦੀ ਗੁਣਵੱਤਾ ਲਗਾਤਾਰ ਡਿੱਗ ਰਹੀ ਹੈ। ਚਾਰੇ ਪਾਸੇ ਧੁਆਂਖੀ ਧੁੰਦ ਦਾ ਮਾਹੌਲ ਹੈ। ਇਸ ਸਥਿਤੀ ਨੂੰ ਕਾਬੂ ਕਰਨ ਲਈ ਦਿੱਲੀ ਸਰਕਾਰ ਅਲਰਟ ਮੋਡ ‘ਤੇ ਹੈ। ਤਾਜ਼ਾ ਜਾਣਕਾਰੀ ਮੁਤਾਬਿਕ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਪ੍ਰਦੂਸ਼ਣ ਨੂੰ ਲੈ ਕੇ ਮੰਗਲਵਾਰ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਬੁੱਧਵਾਰ ਨੂੰ ਸਾਰੇ ਸਬੰਧਤ ਵਿਭਾਗਾਂ ਦੀ ਮੀਟਿੰਗ ਬੁਲਾਈ ਹੈ।

ਇਸ ਬੈਠਕ ‘ਚ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ, ਮਾਲ ਮੰਤਰੀ ਆਤਿਸ਼ੀ ਅਤੇ ਕਈ ਵਿਭਾਗਾਂ ਦੇ ਅਧਿਕਾਰੀ ਹਿੱਸਾ ਲੈਣਗੇ। ਨਿਊਜ਼ ਏਜੰਸੀ ਏਐੱਨਆਈ ਨੇ ਵਾਤਾਵਰਨ ਮੰਤਰੀ ਦੇ ਦਫ਼ਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।

13 ਤੋਂ 20 ਨਵੰਬਰ ਤੱਕ ਲਾਗੂ ਹੋਣੀ ਹੈ ਔਡ-ਈਵਨ ਸਕੀਮ

ਜ਼ਿਕਰਯੋਗ ਹੈ ਕਿ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ 13 ਨਵੰਬਰ ਤੋਂ 20 ਨਵੰਬਰ ਤੱਕ ਲਾਗੂ ਹੋਣ ਵਾਲੀ ਔਡ-ਈਵਨ ਯੋਜਨਾ ਬਾਰੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੂੰ ਲਾਗੂ ਕਰਨ ‘ਤੇ ਚਰਚਾ ਕਰਨ ਲਈ ਅੱਜ ਜ਼ਰੂਰੀ ਮੀਟਿੰਗ ਬੁਲਾਈ ਹੈ। ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਲਈ ਬੁਲਾਈ ਗਈ ਮੀਟਿੰਗ ਦੁਪਹਿਰ 12 ਵਜੇ ਸ਼ੁਰੂ ਹੋਵੇਗੀ, ਜਿਸ ਵਿਚ ਟਰਾਂਸਪੋਰਟ, ਮਾਲ ਤੇ ਹੋਰ ਵਿਭਾਗਾਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ। ਧਿਆਨਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਵਿਚ ਹਵਾ ਦੀ ਵਿਗੜਦੀ ਗੁਣਵੱਤਾ ਨੂੰ ਦੇਖਦਿਆਂ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਪਿਛਲੇ ਸੋਮਵਾਰ ਨੂੰ ਔਡ-ਈਵਨ ਸਕੀਮ ਦਾ ਐਲਾਨ ਕੀਤਾ ਸੀ।