ਨਈ ਦੁਨੀਆ, ਦੁਰਗ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਛੱਤੀਸਗੜ੍ਹ ਦੇ ਦੁਰਗ ਵਿਚ ਕਰਵਾਈ ਚੋਣ ਸਭਾ ਵਿਚ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਫ਼ੈਸਲਾ ਕਰ ਲਿਆ ਹੈ ਕਿ ਮੇਰੀ ਸਰਕਾਰ ਦੇਸ਼ ਦੇ 80 ਕਰੋੜ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਦੇਣ ਵਾਲੀ ਯੋਜਨਾ ਨੂੰ ਪੰਜ ਸਾਲ ਹੋਰ ਵਧਾਏਗੀ।
ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਨੇ ਕਿਹਾ ਕਿ ਤੁਹਾਡਾ ਇਹ ਪਿਆਰ ਤੇ ਅਸ਼ੀਰਵਾਦ ਮੈਨੂੰ ਹਮੇਸ਼ਾ ਪਵਿੱਤਰ ਫ਼ੈਸਲੇ ਲੈਣ ਦੀ ਤਾਕਤ ਦਿੰਦਾ ਹੈ। ਕਾਂਗਰਸ ਨੇ ਗ਼ਰੀਬਾਂ ਨੂੰ ਧੋਖੇ ਤੋਂ ਇਲਾਵਾ ਕਦੀ ਕੁਝ ਨਹੀਂ ਦਿੱਤਾ। ਇਸ ਲਈ ਜਦ ਤੱਕ ਕਾਂਗਰਸ ਕੇਂਦਰ ਸਰਕਾਰ ਵਿਚ ਰਹੀ, ਉਹ ਗ਼ਰੀਬਾਂ ਦੇ ਹੱਕ ਦਾ ਪੈਸਾ ਲੁੱਟ ਕੇ ਖਾਂਦੀ ਰਹੀ ਤੇ ਆਪਣੇ ਆਗੂਆਂ ਦੀ ਤਿਜੋਰੀ ਭਰਦੀ ਰਹੀ। ਇਸ ਦੌਰਾਨ ਮੋਦੀ ਨੇ ਕਿਹਾ ਕਿ ਦੇਸ਼ ਵਿਚ ਗ਼ਰੀਬੀ ਸਭ ਤੋਂ ਵੱਡੀ ਜਾਤੀ ਹੈ ਤੇ ਮੋਦੀ ਹਰ ਗ਼ਰੀਬ ਦਾ ਭਰਾ ਤੇ ਪੁੱਤ ਹੈ। ਇਸ ਪਿੱਛੋਂ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਰਤਲਾਮ ਵਿਚ ਸਭਾ ਵਿਚ ਵੀ ਇਸੇ ਤਰ੍ਹਾਂ ਐਲਾਨ ਕਰਦੇ ਹੋਏ ਕਿਹਾ ਕਿ ਮੁਫ਼ਤ ਰਾਸ਼ਨ ਯੋਜਨਾ ਦਾ ਵਿਸਥਾਰ ‘ਮੋਦੀ ਦੀ ਗਰੰਟੀ’ ਹੈ।
ਦੁਰਗ ਵਿਚ ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਮੋਦੀ ਨੂੰ ਦਿਨ-ਰਾਤ ਗਾਲ੍ਹਾਂ ਕੱਢਦੇ ਹਨ। ਮੈਂ ਹਰ ਦਿਨ ਦੋ-ਢਾਈ ਕਿੱਲੋ ਗਾਲ੍ਹਾਂ ਖਾਂਦਾ ਹਾਂ, ਪਰ ਇਹ ਮੋਦੀ ਹੈ, ਗਾਲ੍ਹਾਂ ਤੋਂ ਡਰਦਾ ਨਹੀਂ। ਪਰ ਹੁਣ ਤਾਂ ਇੱਥੇ ਦੇ ਮੁੱਖ ਮੰਤਰੀ (ਭੂਪੇਸ਼ ਬਘੇਲ) ਦੇਸ਼ ਦੀਆਂ ਜਾਂਚ ਏਜੰਸੀਆਂ ਤੇ ਦੇਸ਼ ਦੇ ਸੁਰੱਖਿਆ ਬਲਾਂ ਨੂੰ ਵੀ ਗਾਲ੍ਹਾਂ ਕੱਢਣ ਲੱਗੇ ਹਨ।
ਇਨ੍ਹਾਂ ’ਤੇ ਵੀ ਦੋਸ਼ ਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਓਬੀਸੀ ਹੈ, ਇਸ ਲਈ ਵੀ ਗਾਲ੍ਹਾਂ ਕੱਢਦੇ ਹਨ। ਓਬੀਸੀ ਸਮਾਜ ਨੂੰ ਗਾਲ੍ਹਾਂ ਕੱਢਣ ਦਾ ਹੱਕ ਇਨ੍ਹਾਂ ਨੂੰ ਨਹੀਂ ਹੈ। ਇਸ ਮਾਮਲੇ ਵਿਚ ਕੋਰਟ ਨੇ ਫ਼ੈਸਲਾ ਵੀ ਸੁਣਾ ਦਿੱਤਾ ਹੈ। ਮੋਦੀ ਨੂੰ ਗਾਲ੍ਹਾਂ ਕੱਢਣ ਵਾਲਿਆਂ ਨੂੰ ਜੇਲ੍ਹ ਤਾਂ ਹੋਵੇਗੀ ਹੀ ਚਾਹੇ ਕੁਝ ਦਿਨਾਂ ਲਈ ਮਾਮਲਾ ਟਲ਼ ਗਿਆ ਹੈ। ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਵਿਚ ਪਹਿਲੇ ਗੇੜ ਵਿਚ 20 ਸੀਟਾਂ ਲਈ ਸੱਤ ਨਵੰਬਰ ਨੂੰ ਤੇ ਬਾਕੀ 70 ਸੀਟਾਂ ਲਈ ਦੂਜੇ ਗੇੜ ਦਾ ਮਤਦਾਨ 17 ਨਵੰਬਰ ਨੂੰ ਹੋਵੇਗਾ।
ਇਨ੍ਹਾਂ ਨੇ ਤਾਂ ਮਹਾਦੇਵ ਨੂੰ ਵੀ ਨਹੀਂ ਛੱਡਿਆ
ਪ੍ਰਧਾਨ ਮੰਤਰੀ ਮੋਦੀ ਨੇ ਮਹਾਦੇਵ ਆਨਲਾਈਨ ਸੱਟਾ ਐਪ ਦੇ ਸੰਦਰਭ ਵਿਚ ਭੂਪੇਸ਼ ਸਰਕਾਰ ’ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਇਨ੍ਹਾਂ ਨੇ ਤਾਂ ਮਹਾਦੇਵ ਨੂੰ ਵੀ ਨਹੀਂ ਛੱਡਿਆ। ਦੋ ਦਿਨ ਪਹਿਲਾਂ ਹੀ ਰਾਇਪੁਰ ਵਿਚ ਵੱਡੀ ਕਾਰਵਾਈ ਹੋਈ ਹੈ। ਰੁਪਇਆਂ ਦਾ ਬਹੁਤ ਵੱਡਾ ਢੇਰ ਮਿਲਿਆ ਹੈ। ਲੋਕ ਕਹਿ ਰਹੇ ਹਨ ਕਿ ਇਹ ਪੈਸਾ ਸੱਟੇਬਾਜ਼ਾਂ ਦਾ ਹੈ। ਜੂਏ ਦੀ ਖੇਡ ਖੇਡਣ ਵਾਲਿਆਂ ਦਾ ਹੈ ਜੋ ਉਨ੍ਹਾਂ ਨੇ ਛੱਤੀਸਗੜ੍ਹ ਦੇ ਗ਼ਰੀਬਾਂ ਤੇ ਨੌਜਵਾਨਾਂ ਨੂੰ ਲੁੱਟ ਕੇ ਜਮ੍ਹਾਂ ਕੀਤਾ ਹੈ। ਲੁੱਟ ਦੇ ਇਸੇ ਪੈਸੇ ਨਾਲ ਕਾਂਗਰਸੀ ਆਗੂ ਆਪਣਾ ਘਰ ਭਰ ਰਹੇ ਹਨ। ਇੱਥੇ ਦੀ ਸਰਕਾਰ, ਇੱਥੇ ਦੇ ਮੁੱਖ ਮੰਤਰੀ ਨੂੰ ਜਨਤਾ ਨੂੰ ਦੱਸਣਾ ਚਾਹੀਦਾ ਹੈ ਕਿ ਦੂਬਈ ਵਿਚ ਬੈਠੇ ਘੁਟਾਲਿਆਂ ਦੇ ਦੋਸ਼ੀਆਂ ਨਾਲ ਉਨ੍ਹਾਂ ਦੇ ਕੀ ਸਬੰਧ ਹਨ।
ਤੁਹਾਡਾ ਪੈਸਾ ਲੁੱਟਣ ਵਾਲਿਆਂ ਨੂੰ ਜੇਲ੍ਹ ਭੇਜਾਂਗੇ
ਪ੍ਰਧਾਨ ਮੰਤਰੀ ਮੋਦੀ ਨੇ ਛੱਤੀਸਗੜ੍ਹ ਦੀ ਭੂਪੇਸ਼ ਸਰਕਾਰ ਨੂੰ ਘੁਟਾਲਿਆਂ ’ਤੇ ਘੇਰਦੇ ਹੋਏ ਕਿਹਾ ਕਿ ਇੱਥੇ 2000 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ, 500 ਕਰੋੜ ਰੁਪਏ ਦਾ ਸੀਮੰਟ ਘੁਟਾਲਾ, 5000 ਕਰੋੜ ਦਾ ਚਾਵਲ ਘੁਟਾਲਾ, 1300 ਕਰੋੜ ਰੁਪਏ ਦਾ ਚਰਵਾਹਾ ਘੁਟਾਲਾ, 700 ਕਰੋੜ ਰੁਪਏ ਦਾ ਡੀਐੱਮਐੱਫ ਘੁਟਾਲਾ ਹੋਇਆ ਹੈ। ਛੱਤੀਸਗੜ੍ਹ ਨੂੰ ਲੁੱਟਣ ਦਾ ਕੋਈ ਵੀ ਮੌਕਾ ਕਾਂਗਰਸ ਨੇ ਨਹੀਂ ਛੱਡਿਆ ਹੈ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇੱਥੇ ਭਾਜਪਾ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਤੋਂ ਪੈਸੇ-ਪੈਸੇ ਦਾ ਹਿਸਾਬ ਲਿਆ ਜਾਵੇਗਾ। ਤੁਹਾਡਾ ਪੈਸਾ ਲੁੱਟਣ ਵਾਲਿਆਂ ਨੂੰ ਜੇਲ੍ਹ ਭੇਜਿਆ ਜਾਵੇਗਾ।


