ਭਾਰਤ-ਅਮਰੀਕਾ ਦੇ ਸਾਂਝੇ ਆਪ੍ਰੇਸ਼ਨ ‘ਮਾਨਸੂਨ ਥੰਡਰ’ ‘ਚ ਵੱਡਾ ਖੁਲਾਸਾ: ਬੀਟੈਕ ਤੇ ਐਮਬੀਏ ਡਿਗਰੀਧਾਰੀ ਨੌਜਵਾਨ ਨਿਕਲੇ ਅੰਤਰਰਾਸ਼ਟਰੀ ਨਸ਼ਾ ਤਸਕਰ
ਨਵੀਂ ਦਿੱਲੀ: ਅੰਤਰਰਾਸ਼ਟਰੀ ਨਸ਼ਾ ਤਸਕਰੀ ਵਿਰੁੱਧ ਭਾਰਤ ਅਤੇ ਅਮਰੀਕਾ ਦੀਆਂ ਏਜੰਸੀਆਂ ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ 'ਮਾਨਸੂਨ ਥੰਡਰ' ਵਿੱਚ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ, ਜਿਸ ਵਿੱਚ ਉੱਚ ਸਿੱਖਿਆ ਪ੍ਰਾਪਤ ਨੌਜਵਾਨ ਸ਼ਾਮਲ ਹਨ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਅਤੇ ਅਮਰੀਕੀ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀਈਏ) ਨੇ 4 ਤੋਂ 13 ਨਵੰਬਰ ਦਰਮਿਆਨ ਕਈ ਸ਼ਹਿਰਾਂ ਵਿੱਚ ਛਾਪੇਮਾਰੀ ਕਰਕੇ ਛੇ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਭਾਰਤ ਤੋਂ ਅਮਰੀਕਾ ਵਿੱਚ ਪਾਬੰਦੀਸ਼ੁਦਾ ਅਤੇ ਨਿਯੰਤਰਿਤ ਦਵਾਈਆਂ ਦੀ ਤਸਕਰੀ ਕਰਦਾ ਸੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਵਿੱਦਿਅਕ ਯੋਗਤਾ ਨੇ ਜਾਂਚ ਏਜੰਸੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਤੇਲੰਗਾਨਾ ਦੇ 27 ਸਾਲਾ ਟੀ. ਮਨੋਜ ਕੋਲ ਕੰਪਿਊਟਰ ਸਾਇੰਸ ਵਿੱਚ ਬੀਟੈਕ ਦੀ ਡਿਗਰੀ ਹੈ ਅਤੇ ਉਸ ਨੂੰ ਜਨਵਰੀ 2024 ਵਿੱਚ ਇਸੇ ਤਰ੍ਹਾਂ ਦੇ ਮਾਮਲੇ ਵਿੱਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਇਸ ਤੋਂ ਇਲਾਵਾ ਲਖਨਊ ਦੇ 30 ਸਾਲਾ ਟੀ.ਡੀ. ਜੈਸਵਾਲ ਕੋਲ ਐਮਬੀਏ, 32 ਸਾਲਾ ਆਰਤੀ ਸੋਨੀ ਕੋਲ ਗਣਿਤ ਵਿੱਚ ਗ੍ਰੈਜੂਏਸ਼ਨ ਅਤੇ ਕੋਲਕਾਤਾ ਦੇ 28 ਸਾਲਾ ਏ. ਮੁੱਤਲਿਬ ਕੋਲ ਇੰਜੀਨੀਅਰਿੰਗ ਦੀ ਡਿਗਰੀ ਹੈ।
ਐਨਸੀਬੀ ਮੁਤਾਬਕ ਜੂਨ 2022 ਤੋਂ ਨਵੰਬਰ 2026 ਦਰਮਿਆਨ ਇਸ ਨੈੱਟਵਰਕ ਨੇ ਅਮਰੀਕਾ ਵਿੱਚ ਲਗਭਗ ਤਿੰਨ ਹਜ਼ਾਰ ਪਾਰਸਲ ਭੇਜੇ, ਜਿਨ੍ਹਾਂ ਵਿੱਚ ਕਰੀਬ ਪੰਜ ਲੱਖ ਗੋਲੀਆਂ ਸਨ। ਏਜੰਸੀਆਂ ਨੂੰ 59 ਹਜ਼ਾਰ ਤੋਂ ਵੱਧ ਗਾਹਕਾਂ ਦਾ ਡੇਟਾਬੇਸ ਵੀ ਮਿਲਿਆ ਹੈ। ਮੁਲਜ਼ਮ ਟੈਲੀਗ੍ਰਾਮ, ਸਕਾਈਪ ਅਤੇ ਵਟਸਐਪ ਰਾਹੀਂ ਆਰਡਰ ਲੈਂਦੇ ਸਨ ਅਤੇ ਭੁਗਤਾਨ ਲਈ ਯੂਪੀਆਈ, ਬੈਂਕ ਖਾਤਿਆਂ ਤੇ ਕ੍ਰਿਪਟੋਕਰੰਸੀ ਦੀ ਵਰਤੋਂ ਕਰਦੇ ਸਨ।



