ਸਿਲਹਟ (ਏਪੀ) : ਖੱਬੇ ਹੱਥ ਦੇ ਸਪਿੰਨਰ-ਤਾਈਜੁਲ ਇਸਲਾਮ ਨੇ ਆਪਣੇ ਕਰੀਅਰ ਵਿਚ ਦੂਜੀ ਵਾਰ ਮੈਚ ਵਿਚ 10 ਵਿਕਟ ਲੈਣ ਦਾ ਕਾਰਨਾਮਾ ਕੀਤਾ ਜਿਸ ਨਾਲ ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ ਪਹਿਲਾ ਟੈਸਟ ਕ੍ਰਿਕਟ ਮੈਚ ਵਿਚ ਸ਼ਨਿਚਰਵਾਰ ਨੂੰ ਇੱਥੇ 150 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਇਸ ਦੇ ਨਾਲ ਹੀ ਬੰਗਲਾਦੇਸ਼ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਤਾਈਜੁਲ ਨੇ ਪਹਿਲੀ ਪਾਰੀ ਵਿਚ 109 ਦੌੜਾਂ ਦੇ ਕੇ ਚਾਰ ਤੇ ਦੂਜੀ ਪਾਰੀ ਵਿਚ 75 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਨਿਊਜ਼ੀਲੈਂਡ ਦੀ ਟੀਮ 332 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਖੇਡ ਦੇ ਪੰਜਵੇਂ ਤੇ ਆਖਰੀ ਦਿਨ ਪਹਿਲਾ ਸੈਸ਼ਨ ਵਿਚ ਹੀ ਦੂਜੀ ਪਾਰੀ ਵਿਚ 181 ਦੌੜਾਂ ਬਣਾ ਕੇ ਆਲਆਊਟ ਹੋ ਗਈ। ਤਾਈਜੁਲ ਤੋਂ ਇਲਾਵਾ ਬੰਗਲਾਦੇਸ਼ ਵੱਲੋਂ ਆਫ ਸਪਿੰਨਰ ਨਈਮ ਹਸਨ ਨੇ 40 ਦੌੜਾਂ ਦੇ ਕੇ ਦੋ ਵਿਕਟਾਂ ਜਦਕਿ ਤੇਜ਼ ਗੇਂਦਬਾਜ਼ ਸ਼ੋਰੀਫੁਲ ਇਸਲਾਮ ਤੇ ਆਫ ਸਪਿੰਨਰ ਮੇਹਦੀ ਹਸਨ ਨੇ ਇਕ-ਇਕ ਵਿਕਟ ਹਾਸਲ ਕੀਤੀਆਂ। ਨਿਊਜ਼ੀਲੈਂਡ ਨੇ ਸਵੇਰੇ ਸੱਤ ਵਿਕਟਾਂ ’ਤੇ 113 ਦੌੜਾਂ ਨਾਲ ਆਪਣੀ ਦੂਜੀ ਪਾਰੀ ਅੱਗੇ ਵਧਾਈ। ਉਸਦੇ ਵੱਲੋਂ ਡੇਰਿਲ ਮਿਸ਼ੇਲ ਨੇ ਸਰਬੋਤਮ 58 ਦੌੜਾਂ ਬਣਾਈਆਂ ਜਦਕਿ ਕਪਤਾਨ ਟਿਮ ਸਾਊਥੀ ਨੇ 24 ਗੇਂਦਾਂ ’ਤੇ 34 ਦੌੜਾਂ ਦੀ ਹਮਲਾਵਰ ਪਾਰੀ ਖੇਡੀ। ਈਸ਼ ਸੋਢੀ ਨੇ 91 ਗੇਂਦਾਂ ’ਤੇ 22 ਦੌੜਾਂ ਦੀ ਸੰਘਰਸ਼ਪੂਰਨ ਪਾਰੀ ਖੇਡੀ। ਦੋਵਾਂ ਟੀਮਾਂ ਦੇ ਵਿਚਾਲੇ ਦੂਜਾ ਤੇ ਆਖਰੀ ਟੈਸਟ ਮੈਚ 6 ਦਸੰਬਰ ਤੋਂ ਮੀਰਪੁਰ ਵਿਚ ਖੇਡਿਆ ਜਾਵੇਗਾ।