ਮੈਲਬੌਰਨ (ਏਪੀ): ਜਾਨਿਕ ਸਿਨਰ ਨੇ ਦੋ ਸੈੱਟ ਤੋਂ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਆਸਟ੍ਰੇਲੀਅਨ ਓਪਨ ਦੇ ਫਾਈਨਲ ’ਚ ਡੇਨੀਲ ਮੇਦਵੇਦੇਵ ਨੂੰ 3-6, 3-6, 6-4, 6-4, 6-3 ਨਾਲ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਿਆ। ਨੋਵਾਕ ਜੋਕੋਵਿਕ ਦੇ ਟੂਰਨਾਮੈਂਟ ’ਤੇ ਲੰਬੇ ਸਮੇਂ ਤੋਂ ਚੱਲ ਰਹੇ ਦਬਦਬੇ ਨੂੰ ਸੈਮੀਫਾਈਨਲ ’ਚ ਉਲਟਫੇਰ ਕਰਨ ਵਾਲਾ 22 ਸਾਲਾ ਸਿਨਰ ਪਹਿਲੀ ਵਾਰ ਕਿਸੇ ਵੱਡੇ ਟੂਰ ਫਾਈਨਲ ’ਚ ਖੇਡ ਰਿਹਾ ਸੀ। ਉਹ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤਣ ਵਾਲਾ ਇਟਲੀ ਦਾ ਪਹਿਲਾ ਖਿਡਾਰੀ ਹੈ।

ਯੂਐੱਸ ਓਪਨ 2021 ਦੇ ਚੈਂਪੀਅਨ ਮੇਦਵੇਦੇਵ ਦੀ ਛੇ ਗ੍ਰੈਂਡ ਸਲੈਮ ਫਾਈਨਲ ਵਿਚ ਇਹ ਪੰਜਵੀਂ ਹਾਰ ਹੈ। ਤੀਜਾ ਦਰਜਾ ਪ੍ਰਾਪਤ ਰੂਸੀ ਨੇ ਟੂਰਨਾਮੈਂਟ ਦੇ ਆਪਣੇ ਚੌਥੇ ਪੰਜ ਸੈੱਟਾਂ ਦੇ ਮੈਚ ਦੇ ਨਾਲ ਗ੍ਰੈਂਡ ਸਲੈਮ ਦੇ ਓਪਨ ਦੌਰ ਵਿਚ ਕੋਰਟ ’ਤੇ ਸਭ ਤੋਂ ਵੱਧ ਵਾਰ ਖੇਡਣ ਦਾ ਨਵਾਂ ਰਿਕਾਰਡ ਬਣਾਇਆ। ਇਸ ਮਾਮਲੇ ਵਿਚ ਉਸਨੇ 2022 ਦੇ ਯੂਐੱਸ ਓਪਨ ਵਿਚ ਕਾਰਲੋਸ ਅਲਕਰਾਜ਼ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਅਲਕਰਾਜ਼ ਨੇ ਉਦੋਂ ਕੋਰਟ ਵਿਚ 23 ਘੰਟੇ 40 ਮਿੰਟ ਬਿਤਾਏ ਸੀ। ਤਿੰਨ ਵਾਰ ਆਸਟਰੇਲੀਅਨ ਓਪਨ ਦੇ ਫਾਈਨਲ ਵਿਚ ਪਹੁੰਚਣ ਦੇ ਬਾਵਜੂਦ ਮੇਦਵੇਦੇਵ ਖ਼ਿਤਾਬ ਨਹੀਂ ਜਿੱਤ ਸਕਿਆ। ਉਹ 2021 ਵਿਚ ਜੋਕੋਵਿਕ ਅਤੇ 2022 ਵਿਚ ਰਾਫੇਲ ਨਡਾਲ ਤੋਂ ਹਾਰ ਗਿਆ ਸੀ।

ਨਡਾਲ ਖ਼ਿਲਾਫ਼ ਵੀ ਉਹ ਪਹਿਲੇ ਦੋ ਸੈੱਟਾਂ ਵਿਚ ਆਪਣੀ ਬੜ੍ਹਤ ਕਾਇਮ ਨਹੀਂ ਰੱਖ ਸਕਿਆ। ਇਸ ਵਾਰ ਮੇਦਵੇਦੇਵ ਨੇ ਪੰਜ-ਪੰਜ ਸੈੱਟਾਂ ਦੇ ਤਿੰਨ ਮੈਚ ਜਿੱਤ ਕੇ ਖ਼ਿਤਾਬੀ ਮੁਕਾਬਲੇ ਵਿਚ ਥਾਂ ਬਣਾਈ। ਇਨ੍ਹਾਂ ਵਿਚੋਂ ਦੋ ਮੈਚਾਂ ਵਿਚ ਉਸ ਨੇ ਪਹਿਲੇ ਦੋ ਸੈੱਟਾਂ ਵਿਚ ਪਛੜਨ ਮਗਰੋਂ ਜ਼ੋਰਦਾਰ ਵਾਪਸੀ ਕੀਤੀ। ਇਸ ਦੌਰਾਨ ਸਿਨਰ ਨੇ ਫਾਈਨਲ ਤੋਂ ਪਹਿਲਾਂ ਛੇ ਮੈਚਾਂ ਵਿੱਚ ਸਿਰਫ਼ ਇੱਕ ਸੈੱਟ ਗੁਆਇਆ, ਜੋ ਜੋਕੋਵਿਚ ਖ਼ਿਲਾਫ਼ ਤੀਜੇ ਸੈੱਟ ਦੇ ਟਾਈਬ੍ਰੇਕਰ ਵਿਚ ਸੀ। ਮੈਚ ਤੋਂ ਬਾਅਦ, ਕਾਰਲੋਸ ਅਲਕਾਰਜ਼, ਰਾਡ ਲੇਵਰ ਅਤੇ ਇਗਾ ਸਵਿਆਤੇਕ ਵਰਗੇ ਖਿਡਾਰੀਆਂ ਨੇ ਜੈਾਨਕ ਸਿਨਰ ਨੂੰ ਉਸਦੀ ਜਿੱਤ ’ਤੇ ਵਧਾਈ ਦਿੱਤੀ। ਜਾਨਿਕ ਸਿੰਨਰ ਤੋਂ ਪਹਿਲਾਂ ਇਟਲੀ ਦੇ ਐਡਰੀਨੋ ਪਨਾਟਾ ਆਖਰੀ ਵਾਰ ਗ੍ਰੈਂਡ ਸਲੈਮ ਵਿਚ ਚੈਂਪੀਅਨ ਬਣੇ ਸਨ। ਉਸਨੇ 1976 ਦੇ ਫਰੈਂਚ ਓਪਨ ਦੇ ਪੁਰਸ਼ ਸਿੰਗਲ ਵਰਗ ਵਿਚ ਹੈਰੋਲਡ ਸੋਲੋਮਨ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ।