ਅਹਿਮਦਾਬਾਦ (ਪੀਟੀਆਈ) : ਆਸਟ੍ਰੇਲੀਆ ਤੇ ਇੰਗਲੈਂਡ ਲਈ ਇਸ ਵਿਸ਼ਵ ਕੱਪ ਵਿਚ ਹਾਲਾਤ ਬਿਲਕੁਲ ਹੀ ਵੱਖਰੇ ਰਹੇ ਹਨ ਜਿੱਥੇ ਇਕ ਟੀਮ ਵਿਸ਼ਵ ਕੱਪ ਸੂਚੀ ਵਿਚ ਸੈਮੀਫਾਈਨਲ ਵਿਚ ਪਹੁੰਚਣ ਲਈ ਮਜ਼ਬੂਤੀ ਨਾਲ ਅੱਗ ਵੱਧ ਰਹੀ ਹੈ ਤਾਂ ਦੂਜੇ ਪਾਸੇ ਹੇਠਲੇ ਸਥਾਨ ’ਤੇ ਹੈ। ਹੁਣ ਸ਼ਨਿਚਰਵਾਰ ਐਸ਼ੇਜ਼ ਸੀਰੀਜ਼ ਦੀ ਦੋਵੇਂ ਵਿਰੋਧੀ ਟੀਮਾਂ ਆਹਮੋ ਸਾਹਮਣੇ ਹੋਣਗੀਆਂ ਜਿਸ ਵਿਚ ਉਨ੍ਹਾਂ ਦੀ ਕੋਸ਼ਿਸ਼ ਇਕ ਦੂਜੇ ਨੂੰ ਹਰਾਉਣ ਦੀ ਹੋਵੇਗੀ। ਇੰਗਲੈਂਡ ਦੇ ਲਈ ਇਸ ਟੂਰਨਾਮੈਂਟ ਵਿਚ ਬਣੇ ਰਹਿਣ ਦਾ ਇਹ ਆਖਰੀ ਮੌਕਾ ਹੋਵੇਗਾ ਤੇ ਉਹ ਆਸਟ੍ਰੇਲੀਆ ਦੇ ਵਿਰੁੱਧ ਪਲਟਵਾਰ ਕਰਨਾ ਚਾਹੇਗਾ। ਇਸ ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਅਲਗ ਅਲਗ ਤਰ੍ਹਾਂ ਦੀ ਸਮੱਸਿਆ ਨਾਲ ਜੂਝ ਰਹੀਆਂ ਹਨ। ਆਸਟ੍ਰੇਲੀਆ ਨੂੰ ਆਪਣੇ ਦੋ ਅਹਿਮ ਖਿਡਾਰੀਆਂ ਮਿਸ਼ੇਲ ਮਾਰਸ਼ ਤੇ ਗਲੈਨ ਮੈਕਸਵੈੱਲ ਦੀ ਗੈਰਮੌਜੂਦਗੀ ਲਈ ਬਦਲਾਅ ਲੱਭਣੇ ਹੋਣਗੇ। ਸਿਖਰਲੇ ਕ੍ਰਮ ਵਿਚ ਮਾਰਸ਼ ਜ਼ਬਰਦਸਤ ਫਾਰਮ ਵਿਚ ਦਿੱਖ ਰਹੇ ਸੀ ਜਦਕਿ ਮੈਕਸਵੈੱਲ ਅੰਤ ਵਿਚ ਪਾਰੀ ਨੂੰ ਮਜ਼ਬੂਤੀ ਦੇ ਰਿਹਾ ਸੀ ਤੇ ਉਸ ਨੇ ਵਿਸ਼ਵ ਕੱਪ ਵਿਚ ਸਭ ਤੋਂ ਤੇਜ਼ ਸੈਂਕੜਾ ਵੀ ਲਾਇਆ। ਇਨ੍ਹਾਂ ਦੀ ਗੈਰਮੌਜੂਦਗੀ ਵਿਚ ਕੈਮਰਨ ਗ੍ਰੀਨ ਤੇ ਮਾਰਕਸ ਸਟੋਇਨਿਸ ਦੇ ਟੀਮ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇੰਗਲੈਂਡ ਨੇ ਜਿੱਤ ਦੀ ਕੋਸ਼ਿਸ਼ ਵਿਚ ਕਈ ਬਦਲਾਅ ਕੀਤੇ ਜਿਸ ਵਿਚ ਸ਼ਨਿਚਰਵਾਰ ਦੇ ਮੈਚ ਲਈ ਉਸ ਦੇ ਆਖਰੀ ਗਿਆਰਾ ਵਿਚ ਬਦਲਾਅ ਦੀ ਉਮੀਦ ਹੈ। ਟੀਮ ਇਸੇ ਸਟੇਡੀਅਮ ਵਿਚ ਸ਼ੁਰੂਆਤੀ ਮੈਚ ਵਿਚ ਨਿਊਜ਼ੀਲੈਂਡ ਤੋਂ ਹਾਰ ਗਈ ਸੀ। ਹੈਰੀ ਬਰੂਕ ਦੇ ਵਾਪਸੀ ਦੀ ਉਮੀਦ ਹੈ ਜਦਕਿ ਜ਼ਖਮੀ ਰੀਸ ਟਾਪਲੀ ਦੀ ਜਗ੍ਹਾ ਆਏ ਬ੍ਰਾਈਡਨ ਕਾਰਸ ਦੇ ਵੀ ਮੈਚ ਵਿਚ ਖੇਡਣ ਦੀ ਉਮੀਦ ਹੈ। ਇੰਗਲੈਂਡ ਨੂੰ 2025 ਵਿਚ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਆਸਟ੍ਰੇਲੀਆ ਦੇ ਵਿਰੁੱਧ ਆਪਣਾ ਸਰਬੋਤਮ ਖੇਡ ਦਿਖਾਉਣਾ ਪਵੇਗਾ। ਵਿਸ਼ਵ ਕੱਪ ਵਿਚ ਸਿਖਰ ਸੱਤ ਟੀਮਾਂ ਹੀ ਪਾਕਿਸਤਾਨ ਵਿਚ ਹੋਣ ਵਾਲੇ 50 ਓਵਰ ਦੇ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਸਕਣਗੀਆਂ।

ਜ਼ਿਆਦਾਤਰ ਖਿਡਾਰੀਆਂ ਨੂੰ ਰੱਖਣ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ : ਕਮਿੰਸ

ਆਪਣੇ ਦੋ ਸਟਾਰ ਖਿਡਾਰੀਆਂ ਦੀ ਗੈਰਮੌਜੂਦਗੀ ਨਾਲ ਜੂਝ ਰਹੀ ਆਸਟ੍ਰੇਲੀਆ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਕਿਹਾ ਕਿ ਵਿਸ਼ਵ ਕੱਪ ਨੂੰ ਦੇਖਦੇ ਹੋਏ ਟੀਮ ਵਿਚ 15 ਖਿਡਾਰੀਆਂ ਤੋਂ ਜ਼ਿਆਦਾ ਨੂੰ ਰੱਖਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਕਮਿੰਸ ਨੇ ਕਿਹਾ ਕਿ ਈਮਾਨਦਾਰੀ ਨਾਲ ਕਹਾਂ ਤਾਂ ਇਹ ਦੋ ਮਹੀਨੇ ਦਾ ਟੂਰਨਾਮੈਂਟ ਹੈ। ਤੁਸੀਂ ਨਿਊਜ਼ੀਲੈਂਡ ਵਰਗੇ ਹਾਲਾਤ ਵਿਚ ਨਹੀਂ ਹੋਣਾ ਚਾਹੁੰਦੇ ਹੋਵੇਗੇ। ਉਨ੍ਹਾਂ ਦੇ ਕੁੱਝ ਖਿਡਾਰੀ ਜ਼ਖਮੀ ਹੋ ਗਏ ਪਰ ਕਿਸਮਤ ਨਾਲ ਉਹ ਕੇਨ ਵਿਲੀਅਮਸਨ ਨੂੰ ਟੀਮ ਵਿਚ ਰੱਖਣ ਵਿਚ ਸਮਰੱਥ ਰਹੇ। ਜੇਕਰ ਅਚਾਨਕ ਨਾਲ ਤੁਹਾਨੂੰ ਉਸ ਨੂੰ ਬਾਹਰ ਕਰਨਾ ਪਿਆ ਤਾਂ ਮੈਨੂੰ ਲੱਗਦਾ ਹੈ ਕਿ ਇਹ ਕ੍ਰਿਕਟ ਜਾਂ ਵਿਸ਼ਵ ਕੱਪ ਲਈ ਚੰਗਾ ਨਹੀਂ ਹੋਵੇਗਾ। ਅਜਿਹਾ ਨਹੀਂ ਹੈ ਕਿ ਤੁਸੀਂ ਖਿਡਾਰੀਆਂ ਨੂੰ ਹੋਰ ਦੇਸ਼ਾਂ ਤੋ ਲੈ ਸਕਦੇ ਹੋ ਇਸ ਲਈ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਤੁਹਾਡੇ ਕੋਲ ਹਮੇਸ਼ਾ ਇੰਨੇ ਖਿਡਾਰੀ ਹੋਣੇ ਚਾਹੀਦੇ ਹਨ ਜਿੰਨੀ ਤੁਹਾਨੂੰ ਜ਼ਰੂਰਤ ਹੈ ਤੇ ਤੁਸੀਂ ਉਨ੍ਹਾਂ ਵਿਚੋਂ ਚੋਣ ਕਰਨ ਲਈ ਸਮਰੱਥ ਹੋਵੋ।