ਸਪੋਰਟਸ ਡੈਸਕ, ਨਵੀਂ ਦਿੱਲੀ : ਡੇਰਿਅਸ ਚੇਨਈ, ਜ਼ੋਰਾਵਰ ਸਿੰਘ ਸੰਧੂ ਤੇ ਪ੍ਰਿਥਵੀਰਾਜ ਟੋਂਡੇਮਨ ਦੀ ਤਿਕੜੀ ਨੇ ਪੁਰਸ਼ ਟੀਮ ਟਰੈਪ ਮੁਕਾਬਲੇ ‘ਚ ਭਾਰਤ ਲਈ ਗੋਲਡ ਮੈਡਲ ਜਿੱਤਿਆ। ਭਾਰਤ ਨੇ ਚੱਲ ਰਹੀਆਂ ਏਸ਼ਿਆਈ ਖੇਡਾਂ 2023 ‘ਚ ਆਪਣਾ 11ਵਾਂ ਗੋਲਡ ਮੈਡਲ ਜਿੱਤਿਆ ਹੈ। ਉੱਥੇ ਹੀ ਭਾਰਤ ਨੇ ਨਿਸ਼ਾਨੇਬਾਜ਼ੀ ‘ਚ ਮਹਿਲਾ ਟਰੈਪ ਟੀਮ ਈਵੈਂਟ ‘ਚ ਸਿਲਵਰ ਮੈਡਲ ਜਿੱਤਿਆ। ਰਾਜੇਸ਼ਵਰੀ ਕੁਮਾਰੀ, ਮਨੀਸ਼ਾ ਕੀਰਅਤੇ ਪ੍ਰੀਤੀ ਰਾਜਕ ਨੇ 337 ਅੰਕ ਬਣਾਏ। ਚੀਨ ਨੇ ਗੋਲਡ ਮੈਡਲ ਜਿੱਤਿਆ। ਬ੍ਰੌਨਜ਼ ਕਜ਼ਾਕਿਸਤਾਨ ਨੂੰ ਮਿਲਿਆ।

ਜ਼ਿਕਰਯੋਗ ਹੈ ਕਿ ਭਾਰਤ ਲਈ ਸੱਤਵਾਂ ਦਿਨ ਸਫ਼ਲ ਰਿਹਾ। ਭਾਰਤ ਨੇ ਆਪਣੇ ਖਾਤੇ ‘ਚ 5 ਹੋਰ ਤਮਗੇ ਜੋੜੇ। ਇਸ ਦੇ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ 38 ਹੋ ਗਈ। ਭਾਰਤ ਏਸ਼ੀਆਈ ਖੇਡਾਂ 2023 ਦੀ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਤੋਂ ਅੱਗੇ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਹਨ। ਭਾਰਤ ਨੇ ਸ਼ਨਿਚਰਵਾਰ ਨੂੰ ਪੁਰਸ਼ ਸਕੁਐਸ਼ ਟੀਮ ਈਵੈਂਟ ਤੇ ਮਿਕਸਡ ਡਬਲਜ਼ ਟੈਨਿਸ ਈਵੈਂਟ ਵਿੱਚ ਗੋਲਡ ਮੈਡਲ ਜਿੱਤੇ। 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ‘ਚ ਸਿਲਵਰ ਜਿੱਤਿਆ। ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ ਸਿਲਵਰ ਤੇ ਬ੍ਰੌਨਜ਼ ਮੈਡਲ ਜਿੱਤਿਆ।