ਸ਼ੰਭੂ ਗੋਇਲ, ਲਹਿਰਾਗਾਗਾ : ਹਲਕਾ ਲਹਿਰਾ ਵਿਖੇ ਚੋਰਾਂ ਵੱਲੋਂ ਲੁੱਟਾਂ-ਖੋਹਾਂ ਤੇ ਚੋਰੀਆਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਿਸ ਕਾਰਨ ਅੱਜ ਫਿਰ ਲਹਿਰਾ ਨਾਲ ਸਬੰਧਤ ਤਿੰਨ ਕਿਸਾਨਾਂ ਦੇ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਅਤੇ ਤੇਲ ਚੋਰੀ ਹੋ ਚੁੱਕਾ ਹੈ। ਇਸ ਸਬੰਧੀ ਪੀੜਤ ਨੀਲ ਕੁਮਾਰ, ਸੱਤਪਾਲ ਤੇ ਰਾਮ ਲਾਲ ਵਾਸੀ ਲਹਿਰਾ ਨੇ ਦੱਸਿਆ ਕਿ ਸਾਡੀ ਜ਼ਮੀਨ ਜਾਖਲ ਰੋਡ ਉੱਪਰ ਸਥਿਤ ਹੈ। ਜਿਸ ਵਿਚੋਂ ਕੱਲ ਦੇਰ ਰਾਤ ਸਾਡੇ ਉਪਰੋਕਤ ਤਿੰਨੇ ਜਣਿਆਂ ਦੇ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਅਤੇ ਤੇਲ ਚੋਰੀ ਹੋ ਚੁੱਕਾ ਹੈ ਅਤੇ ਟਰਾਂਸਫਾਰਮਰਾਂ ਦੇ ਖੋਲ ਥੱਲੇ ਸੁੱਟ ਦਿੱਤੇ ਹਨ। ਜਿਸ ਕਾਰਨ ਅਸੀਂ ਜੀਰੀ ਦੀ ਫ਼ਸਲ ਨੂੰ ਅਖੀਰਲੇ ਪਾਣੀ ਲਾਉਣ ਤੋਂ ਵਾਂਝੇ ਹੋ ਗਏ ਹਾਂ। ਪੀੜਤਾਂ ਨੇ ਦੱਸਿਆ ਕਿ ਅਸੀਂ ਥਾਣਾ ਲਹਿਰਾ ਵਿਖੇ ਅਣਪਛਾਤਿਆਂ ਖਿਲਾਫ ਪਰਚਾ ਵੀ ਦਰਜ ਕਰਾ ਚੁੱਕੇ ਹਾਂ। ਉਨਾਂ੍ਹ ਪਾਵਰਕਾਮ ਮਹਿਕਮੇ ਤੋਂ ਮੰਗ ਕੀਤੀ ਕਿ ਸਾਡੇ ਖੇਤਾਂ ‘ਚ ਟਰਾਂਸਫਾਰਮਰ ਜਲਦ ਲਾਏ ਜਾਣ ਤਾਂ ਜੋ ਸਾਡੀ ਜੀਰੀ ਦੀ ਫ਼ਸਲ ਖ਼ਰਾਬ ਨਾ ਹੋ ਸਕੇ।