ਰਾਕੇਸ਼ ਗਾਂਧੀ, ਜਲੰਧਰ : ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਮੰਦਰਾਂ/ਗੁਰਦੁਆਰਾ ਤੇ ਟੈਂਟ ਹਾਊਸ ਤੋਂ ਲੰਗਰ ਲਾਉਣ ਲਈ ਭਾਂਡੇ ਲੈ ਕੇ ਅੱਗੇ ਵੇਚਣ ਵਾਲੇ ਇਕ ਵਿਅਕਤੀ ਨੂੰ ਗਿ੍ਫਤਾਰ ਕਰ ਕੇ ਉਸ ਕੋਲੋਂ ਲੱਖਾਂ ਦੇ ਭਾਂਡੇ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਸਬ-ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਇਲਾਕੇ ‘ਚ ਗਸ਼ਤ ਕਰ ਰਹੀ ਸੀ ਕਿ ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਵਿਕਾਸ ਖੰਨਾ ਵਾਸੀ ਖੁਰਲਾ ਕਿੰਗਰਾ ਜੋ ਗੁਰਦੁਆਰਾ ਸਾਹਿਬ ਟੈਂਟ ਹਾਊਸ ਤੇ ਮੰਦਰਾਂ ‘ਚੋਂ ਲੰਗਰ ਲਈ ਵਰਤੇ ਜਾਂਦੇ ਸਿਲਵਰ ਤੇ ਪਿੱਤਲ ਦੇ ਭਾਂਡੇ ਇਹ ਕਹਿ ਕੇ ਲੈ ਜਾਂਦਾ ਸੀ ਕੀ ਉਸ ਨੇ ਲੰਗਰ ਲਾਉਣਾ ਹੈ ਪਰ ਉਹ ਕਿਧਰੇ ਵੀ ਲੰਗਰ ਨਹੀਂ ਲਗਾਉਂਦਾ ਤੇ ਭਾਂਡੇ ਸਸਤੇ ਭਾਅ ‘ਤੇ ਵੇਚ ਦਿੰਦਾ ਹੈ। ਵੀਰਵਾਰ ਵੀ ਉਹ ਕਿਸੇ ਥਾਂ ਤੋਂ ਭਾਂਡੇ ਲੈ ਕੇ ਸੂਰਿਆ ਇਨਕਲੇਵ ਗੇਟ ਲਾਗੇ ਸਥਿਤ ਇਕ ਖਾਲੀ ਪਲਾਟ ‘ਚ ਭਾਂਡੇ ਰੱਖ ਕੇ ਕਿਸੇ ਵਾਹਨ ਦਾ ਇੰਤਜ਼ਾਰ ਕਰ ਰਿਹਾ ਸੀ। ਪਲਾਟ ‘ਚ ਛਾਪੇਮਾਰੀ ਕਰ ਕੇ ਮੌਕੇ ਤੋਂ ਵਿਕਾਸ ਖੰਨਾ ਨੂੰ ਗਿ੍ਫ਼ਤਾਰ ਕਰ ਲਿਆ। ਪੁਲਿਸ ਨੇ ਪਲਾਟ ‘ਚੋਂ ਅੱਠ ਵੱਡੇ ਪਤੀਲੇ ਸਿਲਵਰ ਦੇ, ਚਾਰ ਪਰਾਤਾਂ ਛੋਟੀਆਂ, ਇਕ ਵੱਡੀ ਪਰਾਤ, ਨੌਂ ਢੱਕਣ ਤੇ ਦੋ ਦੇਗਾ ਤਾਂਬੇ ਦੀਆਂ ਬਰਾਮਦ ਕਰ ਲਈਆਂ। ਫੜੇ ਗਏ ਮੁਲਜ਼ਮ ਖਿਲਾਫ਼ ਥਾਣਾ ਰਾਮ ਮੰਡੀ ‘ਚ ਧਾਰਾ 379, 420 ਦਰਜ ਕਰ ਕੇ ਉਸ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਵਿਕਾਸ ਖੰਨਾ ਖ਼ਿਲਾਫ਼ ਥਾਣਾ-7, ਥਾਣਾ ਗੁਰਾਇਆ, ਥਾਣਾ ਫਿਲੌਰ ਤੇ ਗੰਗਾਨਗਰ ‘ਚ ਵੀ ਚੋਰੀ ਤੇ ਠੱਗੀ ਦੇ ਮਾਮਲੇ ਦਰਜ ਹਨ। ਉਸ ਦੀ ਗਿ੍ਫ਼ਤਾਰੀ ਨਾਲ ਪੁਲਿਸ ਨੇ ਜਲੰਧਰ ਤੇ ਲੁਧਿਆਣਾ ‘ਚ ਦਰਜ ਤਿੰਨ ਮਾਮਲੇ ਹੱਲ ਕੀਤੇ ਹਨ।