ਠਾਣੇ (ਏਜੰਸੀ) : ਮਹਾਰਾਸ਼ਟਰ ਦੇ ਠਾਣੇ ’ਚ ਇਕ ਗਿਰੋਹ ਨੇ ਪੇਮੇਂਟ ਗੇਟਵੇ ਸੇਵਾ ਮੁਹਈਆ ਕਰਵਾਉਣ ਵਾਲੀ ਇਕ ਕੰਪਨੀ ਦਾ ਖ਼ਾਤਾ ਹੈਕ ਕਰ ਰੇ ਵੱਖ-ਵੱਖ ਬੈਂਕਾਂ ਦੇ ਵੱਖ-ਵੱਖ ਖ਼ਾਤਿਆਂ ਤੋਂ 16,180 ਕਰੋੜ ਰੁਪਏ ਕੱਢ ਲਏ। ਸ਼ੁਰੂ ’ਚ ਕੰਪਨੀ ਨੇ ਪੇਮੇਂਟ ਗੇਟਵੇ ਖ਼ਾਤਾ ਹੈਕ ਕਰ ਕੇ ਉਸ ’ਚੋਂ 25 ਕਰੋੜ ਰੁਪਏ ਕੱਢਣ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਠੱਗੀ ਦਾ ਇਹ ਮਾਮਲਾ 16 ਹਜ਼ਾਰ ਕਰੋੜ ਤੋਂ ਵੱਧ ਦਾ ਨਿਕਲਿਆ। ਪੁਲਿਸ ਦਾ ਮੰਨਣਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਾਇਬਰ ਕ੍ਰਾਈਮ ਹੋ ਸਕਦਾ ਹੈ। ਪੁਲਿਸ ਜਾਂਚ ਟੀਮ ਨੇ ਮੁਲਜ਼ਮਾਂ ਦੇ ਟਿਕਾਣਿਆਂ ਤੋਂ ਕਈ ਫਰਜ਼ੀ ਦਸਤਾਵੇਜ਼ ਬਰਾਮਦ ਕੀਤੇ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਧੋਖਾਧੜੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਪਰ ਮਾਮਲਾ ਹੁਣ ਸਾਹਮਣੇ ਆਇਆ ਹੈ ਜਦੋਂ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਦੇ ਸ੍ਰੀਨਗਰ ਥਾਣੇ ’ਚ ਇਸੇ ਸਾਲ ਅਪ੍ਰੈਲ ’ਚ ਇਕ ਸ਼ਿਕਾਇਤ ਦਰਜ ਕਰਵਾਈ ਗਈ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ। ਇਸ ਤੋਂ ਬਾਅਦ ਠਾਣੇ ਅਪਰਾਧ ਸ਼ਾਖਾ ਦੇ ਇਕ ਅਧਿਕਾਰੀ ਦੀ ਸ਼ਿਕਾਇਤ ’ਤੇ ਨੌਪਾੜਾ ਥਾਣੇ ’ਚ ਸ਼ੁੱਕਰਵਾਰ ਨੂੰ ਸੰਜੇ ਸਿੰਘ, ਅਮੋਲ ਅੰਦਾਲੇ, ਅਮਨ, ਕੇਦਾਨ, ਸਮੀਰ ਦਿਘੇ, ਜਿਤੇਂਦਰ ਪਾਂਡੇ ਤੇ ਬੇਪਛਾਣ ਲੋਕਾਂ ਖ਼ਿਲਾਫ਼ ਧੋਖਾਧੜੀ, ਜਾਲਸਾਜ਼ੀ, ਅਪਰਾਧਿਕ ਸਾਜ਼ਿਸ਼ ਸਮੇਤ ਕਈ ਧਾਰਾਵਾਂ ਤੋਂ ਇਲਾਵਾ ਸੂਚਨਾ ਤਕਨੀਕ ਐਕਟ ਦੀਆਂ ਮੱਦਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਮਾਮਲੇ ’ਚ ਅਜੇ ਕੋਈ ਗਿ੍ਰਫ਼ਤਾਰੀ ਨਹੀਂ ਹੋਈ।

ਐੱਫਆਈਆਰ ਮੁਤਾਬਕ, ਮੁਲਜ਼ਮ ਜਿਤੇਂਦਰ ਪਾਂਡੇ ਅੱਠ ਤੋਂ 10 ਸਾਲਾਂ ਤੱਕ ਬੈਂਕਾਂ ’ਚ ਰਿਲੇਸ਼ਨਸ਼ਿਪ ਤੇ ਸੇਲਸ ਮੈਨੇਜਰ ਦੇ ਰੂਪ ’ਚ ਕੰਮ ਕਰ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਪੂਰੇ ਮਾਮਲੇ ਦਾ ਮਾਸਟਰਮਾੲੀਂਡ ਹੈ ਕਿਉਂਕਿ ਉਸ ਨੂੰ ਬੈਂਕਾਂ ਦੇ ਵਿੱਤੀ ਲੈਣ-ਦੇਣ ਦੀ ਚੰਗੀ ਤਕਨੀਕੀ ਜਾਣਕਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਇਸ ਮਾਮਲੇ ’ਚ ਕਈ ਵੱਡੇ ਲੋਕ ਸ਼ਾਮਿਲ ਹੋ ਸਕਦੇ ਹਨ ਤੇ ਹੋ ਸਕਦਾ ਕਿ ਗਿਰੋਹ ਨੇ ਪੂਰੇ ਭਾਰਤ ’ਚ ਕਈ ਕੰਪਨੀਆਂ ਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੋਵੇ। ਅਧਿਕਾਰੀ ਨੇ ਦੱਸਿਆ ਮਾਮਲੇ ਦੀ ਜਾਂਚ ਜਾਰੀ ਹੈ।