ਤਰਲੋਚਨ ਸਿੰਘ ਸੋਢੀ, ਕੁਰਾਲੀ : ਕੁਰਾਲੀ ਦੇ ਰੂਪਨਗਰ ਰੋਡ ‘ਤੇ ਪੈਂਦੇ ਇਕ ਮੈਡੀਕਲ ਸਟੋਰ ਤੋਂ ਨਸ਼ੇ ਲਈ ਵਰਤੀਆਂ ਜਾਂਦੀਆਂ 340 ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ‘ਚ ਸਟੋਰ ਮਾਲਕ ਮਲਕੀਤ ਸਿੰਘ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ। ਵੇਰਵਿਆਂ ਅਨੁਸਾਰ ਕੁਰਾਲੀ ਸ਼ਹਿਰ ਦੇ ਕਈ ਮੈਡੀਕਲ ਸਟੋਰਾਂ ਵਿਚ ਛਾਪੇਮਾਰੀ ਕੀਤੀ ਗਈ ਹੈ । ਪਤਾ ਚੱਲਿਆ ਹੈ ਕਿ ਇਨ੍ਹਾਂ ਵਿਚੋਂ ਕਈਆਂ ਪਾਸੋਂ ਡਰੱਗਜ਼ ਅਤੇ ਕੈਮਿਸਟ ਐਕਟ ਮੁਤਾਬਕ ਹਾਲੇ ਪੜਤਾਲ ਕੀਤੀ ਜਾਣੀ ਹੈ। ਥਾਣਾ ਸਿਟੀ ਦੇ ਐੱਸਐੱਚਓ ਗਗਨਦੀਪ ਸਿੰਘ ਨੇ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਡਰੱਗ ਇੰਸਪੈਕਟਰ ਅਨੁਰਾਗ ਕੁਮਾਰ ਦੀ ਅਗਵਾਈ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਅਭਿਆਨ ਚਲਾਇਆ ਸੀ। ਇਸ ਦੌਰਾਨ ਰੋਪੜ ਰੋਡ ‘ਤੇ ਸਥਿਤ ਇਕ ਦੁਕਾਨ ਵਿਚੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਦੇ 34 ਪੱਤੇ (340) ਗੋਲੀਆਂ ਬਰਾਮਦ ਹੋਈਆਂ ਹਨ। ਇਹੀ ਨਹੀਂ ਇਸ ਦੁਕਾਨ ਵਿਚੋਂ ਮਿਆਦ ਪੁਗ ਚੁੱਕੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਮਲਕੀਤ ਸਿੰਘ ਨਾਮੀ ਦੁਕਾਨਦਾਰ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ। ਇਸੇ ਦੌਰਾਨ ਡਰੱਗ ਇੰਸਪੈਕਟਰ ਅਨੁਰਾਗ ਕੁਮਾਰ ਤੇ ਸਿਟੀ ਥਾਣੇ ਦੇ ਐੱਸਐੱਚਓ ਗਗਨਦੀਪ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਜ਼ੋਨ ਘੋਸ਼ਿਤ ਕਰਨ ਲਈ ਅਰੰਭੀ ਮੁਹਿੰਮ ਦੇ ਤਹਿਤ ਆਮ ਪੜਤਾਲ ਇਸੇ ਤਰ੍ਹਾਂ ਉਨ੍ਹਾਂ ਵੱਲੋਂ ਸਖ਼ਤੀ ਨਾਲ ਕਾਰਵਾਈ ਜਾਰੀ ਰਹੇਗੀ।