ਨਵੀਂ ਦਿੱਲੀ (ਏਜੰਸੀ) : ਫਿਚ ਰੇਟਿੰਗਜ਼ ਨੇ ਵੀਰਵਾਰ ਨੂੰ ਚਾਲੂ ਵਿੱਤੀ ਵਰ੍ਹੇ ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ 6.3 ਫ਼ੀਸਦ ’ਤੇ ਬਰਕਰਾਰ ਰੱਖਿਆ ਹੈ। ਰੇਟਿੰਗ ਏਜੰਸੀ ਨੇ ਕਿਹਾ ਹੈ ਕਿ ਸਖ਼ਤ ਕਰੰਸੀ ਨੀਤੀ ਤੇ ਬਰਾਮਦ ਵਿਚ ਕਮਜ਼ੋਰੀ ਦੇ ਬਾਵਜੂਦ ਅਰਥਚਾਰੇ ਵਿਚ ਲਚਕੀਲਾਪਣ ਨਜ਼ਰ ਆ ਰਿਹਾ ਹੈ। ਦੂਜੇ ਪਾਸੇ, ਅਲ ਨੀਨੋ ਦੇ ਖ਼ਤਰੇ ’ਤੇ ਸਾਲ ਦੇ ਅਖ਼ੀਰ ਵਿਚ ਮਹਿੰਗਾਈ ਦਰ ਬਾਰੇ ਅੰਦਾਜ਼ਾ ਵਧਾਇਆ ਹੈ। ਚਾਲੂ ਵਿੱਤੀ ਵਰ੍ਹੇ ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਮਜ਼ਬੂਤ ਸੇਵਾ ਖੇਤਰ ਸਰਗਰਮੀ ਤੇ ਮਜ਼ਬੂਤ ਮੰਗ ਕਾਰਨ ਭਾਰਤੀ ਅਰਥਚਾਰੇ ਵਿਚ 7.8 ਫ਼ੀਸਦ ਦਾ ਵਾਧਾ ਰਿਹਾ।

ਰਿਪੋਰਟ ਅਨੁਸਾਰ ਸਖ਼ਤ ਕਰੰਸੀ ਨੀਤੀ ਤੇ ਬਰਾਮਦ ਵਿਚ ਕਮਜ਼ੋਰੀ ਦੇ ਬਾਵਜੂਦ ਭਾਰਤੀ ਅਰਥਚਾਰੇ ਵਿਚ ਲਚਕੀਲਾਪਣ ਨਜ਼ਰ ਆ ਰਿਹਾ ਹੈ ਤੇ ਵਾਧੇ ਦੇ ਮਾਮਲੇ ਵਿਚ ਹੋਰਨਾਂ ਮੁਲਕਾਂ ਤੋਂ ਅੱਗੇ ਨਿਕਲ ਗਿਆ ਹੈ। ਹਾਲਾਂਕਿ ਗਲੋਬਲ ਇਕਨੋਮਿਕ ਆਊਟਲੁੱਕ ਦੇ ਸਤੰਬਰ ਆਊਟਲੁੱਕ ਵਿਚ ਫਿਚ ਨੇ ਕਿਹਾ ਹੈ ਕਿ ਇਸ ਬਾਰੇ ਸੰਕੇਤ ਮਿਲੇ ਹਨ ਕਿ ਜੁਲਾਈ-ਸਤੰਬਰ ਤਿਮਾਹੀ ਵਿਚ ਵਾਧੇ ਦੀ ਰਫ਼ਤਾਰ ਮੱਠੀ ਹੋਣ ਦਾ ਖ਼ਦਸ਼ਾ ਹੈ।