ਪਰਮਿੰਦਰ ਸਿੰਘ ਥਿੰਦ ,ਫਿਰੋਜ਼ਪੁਰ : ਇਕ ਪੁਲਿਸ ਮੁਲਾਜ਼ਮ, ਇਕ ਸਿਹਤ ਕਾਮੇ ਅਤੇ ਇਕ ਔਰਤ ਵੱਲੋਂ ਕਥਿੱਤ ਤੌਰ ‘ਤੇ ਬਲੈਕਮੇਲ ਕੀਤੇ ਜਾਣ ਤੋਂ ਤੰਗ ਆਏ ਇਕ ਡਿੱਪੂ ਹੋਲਡਰ ਵੱਲੋਂ ਵੀਰਵਾਰ ਸਵੇਰੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਗਾ ਲਏ ਜਾਣ ਦੀ ਖ਼ਬਰ ਹੈ। 54 ਸਾਲਾ ਡਿੱਪੂ ਹੋਲਡਰ ਕੈਂਸਰ ਪੀੜਤ ਦੱਸਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਡਿੱਪੂ ਹੋਲਡਰ ਬਲੈਕਮੇਲਿੰਗ ਤੋਂ ਇਸ ਕਦਰ ਦੁਖੀ ਸੀ ਕਿ ਉਸ ਨੇ ਛਾਉਣੀ ਦੇ ਬਾਜ਼ਾਰ ਨੰਬਰ 2 ਵਿਚ ਕਥਿਤ ਦੋਸ਼ੀ ਲੜਕੀ ਦੀ ਦੁਕਾਨ ‘ਤੇ ਜਾ ਕੇ ਅੱਗ ਲਾ ਲਈ। ਪੈਟਰੋਲ ਦੀ ਅੱਗ ਇੰਨੀ ਫੈਲ ਗਈ ਕਿ ਲੜਕੀ ਦੀ ਦੁਕਾਨ ਸਮੇਤ ਆਸਪਾਸ ਦੇ ਇਲਾਕੇ ‘ਚ ਫੈਲ ਗਈ। ਸਥਾਨਕ ਲੋਕਾਂ ਵੱਲੋਂ ਪਾਣੀ ਦਾ ਛਿੜਕਾਅ ਕਰ ਕੇ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਪੀੜਤ ਨੂੰ ਨੇੜੇ ਹੀ ਬਿਠਾਇਆ ਗਿਆ। ਘਟਨਾ ਦੇ ਬਾਅਦ ਪੀੜਤ ਦੇ ਪਰਿਵਾਰ ਨੇ ਮੌਕੇ ‘ ਤੇ ਪਹੁੰਚ ਕੇ ਉਸ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ।
ਖ਼ਬਰ ਲਿਖੇ ਜਾਣ ਤੱਕ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਸਥਾਨਕ ਨਿੱਜੀ ਹਸਪਤਾਲ ‘ਚ ਜੇਰੇ ਇਲਾਜ ਪੀੜਤ ਓਮ ਪ੍ਰਕਾਸ਼ ਪਠਾਨ ਪੁੱਤਰ ਸੁਰਿੰਦਰ ਬਾਂਸਲ ਨੇ ਦੱਸਿਆ ਕਿ 3 ਸਤੰਬਰ ਨੂੰ ਇਕ ਲੜਕੀ ਆਪਣੀ ਮਰਜ਼ੀ ਨਾਲ ਉਸ ਦੇ ਨਾਲ ਗਈ ਸੀ ਪਰ ਅਗਲੇ ਹੀ ਦਿਨ 4 ਸਤੰਬਰ ਨੂੰ ਉਸ ਕੋਲੋਂ 15 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਨੇ ਲੜਕੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਅਤੇ 5 ਸਤੰਬਰ ਨੂੰ ਉਹ ਦਿੱਲੀ ਚਲਾ ਗਿਆ । 9 ਸਤੰਬਰ ਨੂੰ ਲੜਕੀ ਨੇ ਸਿਵਲ ਹਸਪਤਾਲ ਜਾ ਕੇ ਆਪਣਾ ਮੈਡੀਕਲ ਕਰਵਾਇਆ ਅਤੇ ਜਬਰ ਜਨਾਹ ਦਾ ਮਾਮਲਾ ਦਰਜ ਕਰਵਾ ਦਿੱਤਾ।
ਪੀੜਤ ਨੇ ਦੱਸਿਆ ਕਿ ਉਸ ਨੂੰ ਸਿਵਲ ਹਸਪਤਾਲ ਵਿੱਚ ਤਾਇਨਾਤ ਇੱਕ ਮੁਲਾਜ਼ਮ, ਪੰਜਾਬ ਪੁਲਿਸ ਦੇ ਇੱਕ ਏਐੱਸਆਈ ਅਤੇ ਨੀਮ ਵਾਲਾ ਚੌਕ ਦੇ ਇੱਕ ਨੌਜਵਾਨ ਵੱਲੋਂ ਬਹੁਤ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੇ ਕਿਹਾ ਕਿ ਉਹ ਇੱਕ ਇੱਜ਼ਤਦਾਰ ਪਰਿਵਾਰ ਨਾਲ ਸਬੰਧ ਰੱਖਦਾ ਹੈ, ਇਸ ਲਈ ਉਸ ਨੇ ਮੌਤ ਨੂੰ ਗਲੇ ਲਗਾਉਣਾ ਹੀ ਬਿਹਤਰ ਸਮਝਿਆ।
ਪੀੜਤ ਨੇ ਦੱਸਿਆ ਕਿ ਮੰਗਲਵਾਰ ਸਵੇਰੇ 10 ਵਜੇ ਉਸ ਨੂੰ ਲੜਕੀ ਦਾ ਫੋਨ ਆਇਆ ਸੀ। ਵੀਰਵਾਰ ਸਵੇਰੇ ਜਦੋਂ ਉਹ ਲੜਕੀ ਦੀ ਦੁਕਾਨ ਦੇ ਬਾਹਰ ਗਿਆ ਤਾਂ ਲੜਕੀ ਨੇ ਉਸ ਨੂੰ ਲਲਕਾਰਿਆ, ਜਿਸ ਤੋਂ ਬਾਅਦ ਉਸ ਨੇ ਖੁਦ ‘ਤੇ ਤੇਲ ਛਿੜਕ ਕੇ ਅੱਗ ਲਗਾ ਲਈ।
ਮ੍ਰਿਤਕਾ ਦੇ ਭਰਾ ਅਜੇ ਬਾਂਸਲ ਨੇ ਦੱਸਿਆ ਕਿ ਉਸ ਦੇ ਪਰਿਵਾਰ ਵੱਲੋਂ ਲੜਕੀ ਦੇ ਜੀਜੇ ਨੂੰ ਕੁਝ ਰਕਮ ਦਿੱਤੀ ਗਈ ਸੀ। ਜਦੋਂ ਉਹ ਉਸ ਤੋਂ ਪੈਸਿਆਂ ਦੀ ਮੰਗ ਕਰਨ ਲੱਗਾ ਤਾਂ ਲੜਕੀ ਨੇ ਉਸ ਦੇ ਭਰਾ ‘ਤੇ ਜਬਰਦਸਤੀ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਅਜੈ ਨੇ ਦੱਸਿਆ ਕਿ ਲੜਕੀ ਉਸ ਦੇ ਭਰਾ ਨੂੰ ਬਹੁਤ ਤੰਗ ਕਰਦੀ ਸੀ। ਜਿਸ ਤੋਂ ਬਾਅਦ ਉਸ ਦੇ ਭਰਾ ਨੇ ਅਜਿਹਾ ਕਦਮ ਚੁੱਕਿਆ ਹੈ।
ਮ੍ਰਿਤਕ ਦੇ ਪੁੱਤਰ ਚਿੰਟੂ ਬਾਂਸਲ ਨੇ ਦੱਸਿਆ ਕਿ ਉਸ ਦਾ ਪਿਤਾ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਲੜਕੀ ਸਮੇਤ ਕੁਝ ਲੋਕਾਂ ਵੱਲੋਂ ਉਸ ਦੇ ਪਿਤਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਅਜਿਹਾ ਦਰਦਨਾਕ ਕਦਮ ਚੁੱਕਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਥਾਣਾ ਕੈਂਟ ਦੇ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾ ਸਕੇਗੀ।



