Asian Games 2023, Day-8 Highlights: ਏਸ਼ਿਆਈ ਖੇਡਾਂ 2023 ਦਾ ਅੱਠਵਾਂ ਦਿਨ ਭਾਰਤ ਲਈ ਬਹੁਤ ਯਾਦਗਾਰ ਰਿਹਾ। ਦਿਨ ਦੀ ਸ਼ੁਰੂਆਤ ਟਰੈਪ ਸ਼ੂਟਿੰਗ ਵਿੱਚ ਸੋਨ ਤਗਮੇ ਨਾਲ ਕੀਤੀ। ਇਸ ਤੋਂ ਬਾਅਦ ਦੇਸ਼ ਦੀਆਂ ਧੀਆਂ ਨੇ ਵੀ ਇਸੇ ਖੇਡ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਐਥਲੈਟਿਕਸ ਵਿੱਚ ਬਹੁਤ ਸਾਰੇ ਮੈਡਲ ਸਨ। ਅਵਿਨਾਸ਼ ਸਾਬਲੇ ਨੇ ਸਟੀਪਲਚੇਜ਼ ਵਿੱਚ ਭਾਰਤ ਨੂੰ ਆਪਣਾ ਪਹਿਲਾ ਸੋਨ ਤਮਗਾ ਦਿਵਾ ਕੇ ਇਤਿਹਾਸ ਰਚਿਆ। ਇਸ ਦੇ ਨਾਲ ਹੀ ਤਜਿੰਦਰਪਾਲ ਸਿੰਘ ਨੇ ਵੀ ਸੋਨ ਤਮਗਾ ਜਿੱਤਿਆ। ਭਾਰਤ ਨੇ 13 ਸੋਨ, 21 ਚਾਂਦੀ ਅਤੇ 13 ਕਾਂਸੀ ਸਮੇਤ ਕੁੱਲ 53 ਤਗਮੇ ਜਿੱਤੇ ਹਨ। ਭਾਰਤੀ ਬੈਡਮਿੰਟਨ ਟੀਮ ਨੂੰ ਫਾਈਨਲ ਮੈਚ ਵਿੱਚ ਚੀਨ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਇਸ ਵਾਰ ਸੋਨ ਤਮਗਾ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ ਹੈ। ਹਾਲਾਂਕਿ ਭਾਰਤੀ ਟੀਮ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਇਥੇ ਦੇਖੋ ਲਿਸਟ
- ਅਦਿਤੀ ਅਸ਼ੋਕ: ਗੋਲਫ ਸਿਲਵਰ
- ਟੀਮ ਇੰਡੀਆ: ਮਹਿਲਾ ਟਰੈਪ (ਸ਼ੂਟਿੰਗ) ਚਾਂਦੀ
- ਟੀਮ ਇੰਡੀਆ: ਪੁਰਸ਼ ਟਰੈਪ (ਸ਼ੂਟਿੰਗ) ਗੋਲਡ
- ਕਿਨਾਨ ਚੇਨਈ: ਪੁਰਸ਼ ਟਰੈਪ (ਸ਼ੂਟਿੰਗ) ਕਾਂਸੀ
- ਨਿਕਹਤ ਜ਼ਰੀਨ: ਔਰਤਾਂ ਦਾ 50 ਕਿਲੋ (ਮੁੱਕੇਬਾਜ਼ੀ) ਕਾਂਸੀ
- ਅਵਿਨਾਸ਼ ਸਾਬਲ: ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਸੋਨਾ
- ਤਜਿੰਦਰਪਾਲ ਸਿੰਘ ਤੂਰ: ਪੁਰਸ਼ਾਂ ਦੇ ਸ਼ਾਟਪੁੱਟ ਵਿੱਚ ਗੋਲਡ
- ਹਰਮਿਲਨ ਬੈਂਸ: ਔਰਤਾਂ ਦੀ 1500 ਮੀਟਰ ਚਾਂਦੀ
- ਅਜੈ ਕੁਮਾਰ ਸਰੋਜ: ਪੁਰਸ਼ਾਂ ਦੀ 1500 ਮੀਟਰ ਚਾਂਦੀ
- ਜਿਨਸਨ ਜਾਨਸਨ: ਪੁਰਸ਼ਾਂ ਦਾ 1500 ਮੀਟਰ ਕਾਂਸੀ
- ਨੰਦਿਨੀ ਅਗਾਸਰਾ: ਔਰਤਾਂ ਦਾ ਹੈਪਟਾਥਲੋਨ ਕਾਂਸੀ
- ਮੁਰਲੀ ਸ਼੍ਰੀਸ਼ੰਕਰ: ਪੁਰਸ਼ਾਂ ਦੀ ਲੰਬੀ ਛਾਲ ਵਿੱਚ ਚਾਂਦੀ
- ਸੀਮਾ ਪੂਨੀਆ: ਔਰਤਾਂ ਦੇ ਡਿਸਕਸ ਥਰੋਅ ਵਿੱਚ ਕਾਂਸੀ
- ਜੋਤੀ ਯਾਰਾਜੀ: ਔਰਤਾਂ ਦੀ 100 ਮੀਟਰ ਅੜਿੱਕਾ ਦੌੜ ਵਿੱਚ ਚਾਂਦੀ
- ਟੀਮ ਇੰਡੀਆ: ਪੁਰਸ਼ ਬੈਡਮਿੰਟਨ ਟੀਮ ਚਾਂਦੀ
ਗੋਲਾ ਸੁੱਟ ‘ਚ ਤਜਿੰਦਰ ਪਾਲ ਸਿੰਘ ਤੂਰ ਮੁੜ ਬਣੇ ਚੈਂਪੀਅਨ
ਏਸ਼ੀਅਨ ਖੇਡਾਂ ਵਿਚ ਐਤਵਾਰ ਨੂੰ ਐਥਲੈਟਿਕਸ ਵਿਚ ਭਾਰਤ ਨੇ ਦੋ ਗੋਲਡ ਸਮੇਤ ਨੌਂ ਮੈਡਲ ਜਿੱਤੇ। ਅਵਿਨਾਸ਼ ਸਾਬਲੇ ਮਰਦਾਂ ਦੇ 300 ਮੀਟਰ ਸਟੀਪਲਚੇਸ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਮਰਦ ਐਥਲੀਟ ਬਣੇ। 29 ਸਾਲ ਦੇ ਰਾਸ਼ਟਰੀ ਰਿਕਾਰਡ ਹਾਸਲ ਸਾਬਲੇ ਨੇ ਹਾਂਗਝੂ ਵਿਚ ਐਥਲੈਟਿਕਸ ਵਿਚ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਇਆ। ਉਨ੍ਹਾਂ ਨੇ ਦੌੜ ਪੂਰੀ ਕਰਨ ਵਿਚ ਅੱਠ ਮਿੰਟ 19.50 ਸਕਿੰਟ ਦਾ ਸਮਾਂ ਲੈਂਦੇ ਹੋਏ ਨਵਾਂ ਏਸ਼ੀਅਨ ਰਿਕਾਰਡ ਬਣਾਇਆ। ਸਾਬਲੇ ਤੋਂ ਪਹਿਲਾਂ 2010 ਵਿਚ ਗਵਾਂਗਝੂ ਏਸ਼ੀਅਨ ਖੇਡਾਂ ਵਿਚ ਮਹਿਲਾਵਾਂ ਦੇ 3000 ਮੀਟਰ ਸਟੀਪਲਚੇਸ ਵਿਚ ਸੁਧਾ ਸਿੰਘ ਨੇ ਗੋਲਡ ਮੈਡਲ ਜਿੱਤਿਆ ਸੀ। ਮਰਦਾਂ ਦੇ ਗੋਲਾ ਸੁੱਟ (ਸ਼ਾਟਪੁਟ) ਮੁਕਾਬਲੇ ਵਿਚ ਤਜਿੰਦਰ ਪਾਲ ਸਿੰਘ ਤੂਰ ਨੇ ਆਖ਼ਰੀ ਥ੍ਰੋਅ ‘ਤੇ ਬਾਜ਼ੀ ਮਾਰਦੇ ਹੋਏ ਆਪਣਾ ਖ਼ਿਤਾਬ ਕਾਇਮ ਰੱਖਿਆ। ਤੂਰ ਨੇ ਪਹਿਲੀਆਂ ਦੋ ਕੋਸ਼ਿਸ਼ਾਂ ਵਿਚ ਫਾਊਲ ਕਰਨ ਤੋਂ ਬਾਅਦ ਤੀਜੀ ਕੋਸ਼ਿਸ਼ ਵਿਚ 19.51 ਮੀਟਰ ਦਾ ਥ੍ਰੋਅ ਲਾਇਆ। ਉਨ੍ਹਾਂ ਦਾ ਚੌਥਾ ਥ੍ਰੋਅ 20.06 ਮੀਟਰ ਦਾ ਰਿਹਾ ਪਰ ਪੰਜਵਾਂ ਥ੍ਰੋਅ ਫਿਰ ਫਾਊਲ ਹੋ ਗਿਆ। ਉਨ੍ਹਾਂ ਦੀ ਸਰਬੋਤਮ ਕੋਸ਼ਿਸ਼ ਆਖ਼ਰੀ ਥ੍ਰੋਅ ‘ਤੇ 20.36 ਮੀਟਰ ਰਹੀ ਜਿਸ ਨੇ ਉਨ੍ਹਾਂ ਨੂੰ ਗੋਲਡ ਮੈਡਲ ਦਿਵਾਇਆ।
1500 ਮੀਟਰ ਦੌੜ ਵਿਚ ਦਬਦਬਾ :
ਮਹਿਲਾਵਾਂ ਦੀ 1500 ਮੀਟਰ ਦੌੜ ਵਿਚ ਭਾਰਤ ਦੀ ਹਰਮਿਲਨ ਬੈਂਸ ਨੇ ਸਿਲਵਰ ਮੈਡਲ ਜਿੱਤਿਆ ਜਦਕਿ ਮਰਦ ਵਰਗ ਵਿਚ ਅਜੇ ਕੁਮਾਰ ਸਰੋਜ ਨੂੰ ਸਿਲਵਰ ਤੇ ਜਿੰਸਨ ਜਾਨਸਨ ਨੂੰ ਕਾਂਸੇ ਦਾ ਮੈਡਲ ਮਿਲਿਆ। ਹਰਮਿਲਨ ਨੇ 4:12.74 ਸਕਿੰਟ ਦਾ ਸਮਾਂ ਲੈਂਦੇ ਹੋਏ ਦੂਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਹੋਰ ਭਾਰਤੀ ਦੀਕਸ਼ਾ 4:27.77 ਸਕਿੰਟ ਦਾ ਸਮਾਂ ਲੈਂਦੇ ਹੋਏ ਨੌਵੇਂ ਸਥਾਨ ‘ਤੇ ਰਹੀ। ਮਰਦ ਵਰਗ ਵਿਚ ਅਜੇ 3:38.94 ਸਕਿੰਟ ਦੇ ਨਾਲ ਦੂਜੇ ਤੇ ਜਾਨਸਨ 3:39.94 ਸਕਿੰਟ ਦੇ ਨਾਲ ਤੀਜੇ ਸਥਾਨ ‘ਤੇ ਰਹੇ।
ਲੰਬੀ ਛਾਲ ਵਿਚ ਸ਼੍ਰੀਸ਼ੰਕਰ ਗੋਲਡ ਤੋਂ ਖੁੰਝੇ
ਹਾਂਗਝੂ ਵਿਚ ਗੋਲਡ ਮੈਡਲ ਦੇ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਲੰਬੀ ਛਾਲ ਖਿਡਾਰੀ ਮੁਰਲੀ ਸ਼੍ਰੀਸ਼ੰਕਰ ਨੂੰ ਸਿਲਵਰ ਨਾਲ ਸਬਰ ਕਰਨਾ ਪਿਆ। ਸ਼੍ਰੀਸ਼ੰਕਰ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ 8.19 ਮੀਟਰ ਦੀ ਛਾਲ ਲਾਈ ਜੋ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ ਰਿਹਾ। ਮੁਕਾਬਲੇ ਦਾ ਮੈਡਲ ਚੀਨ ਦੇ ਜੀਆਨਨ ਵਾਂਗ (8.22 ਮੀਟਰ ) ਨੇ ਜਿੱਤਿਆ। ਭਾਰਤ ਦੇ ਜੇਸਵਿਨ ਏਲਡਰਿਨ 7.76 ਮੀਟਰ ਦੀ ਛਾਲ ਨਾਲ ਸੱਤਵੇਂ ਸਥਾਨ ‘ਤੇ ਰਹੇ।
ਸੀਮਾ ਤੇ ਨੰਦਿਨੀ ਨੂੰ ਕਾਂਸਾ :
ਮਹਿਲਾਵਾਂ ਦੇ ਚੱਕਾ ਸੁੱਟ ਵਿਚ ਤਜਰਬੇਕਾਰ ਸੀਮਾ ਪੂਨੀਆ ਤੇ ਮਹਿਲਾਵਾਂ ਦੀ 800 ਮੀਟਰ ਹੇਪਥਾਲਾਨ ਵਿਚ ਨੰਦਿਨੀ ਅਗਸਾਰਾ ਨੇ ਕਾਂਸੇ ਦਾ ਮੈਡਲ ਜਿੱਤਿਆ। ਸੀਮਾ ਨੇ ਸੈਸ਼ਨ ਦਾ ਆਪਣਾ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ 58.62 ਮੀਟਰ ਦਾ ਚੱਕਾ ਸੁੱਟਿਆ ਜਿਸ ਨਾਲ ਉਨ੍ਹਾਂ ਨੂੰ ਤੀਜਾ ਸਥਾਨ ਮਿਲਿਆ। ਉਥੇ ਚੀਨ ਦੀ ਬਿਨ ਫੇਂਗ ਨੇ 67.93 ਮੀਟਰ ਦੇ ਨਾਲ ਏਸ਼ੀਅਨ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ ਗੋਲਡ ਮੈਡਲ ਜਿੱਤਿਆ।
ਮੁੱਕੇਬਾਜ਼ ਪਰਵੀਨ ਓਲੰਪਿਕ ਕੋਟੇ ਨਾਲ ਸੈਮੀਫਾਈਨਲ ‘ਚ
ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੇ ਦਾ ਮੈਡਲ ਜੇਤੂ ਭਾਰਤੀ ਮੁੱਕੇਬਾਜ਼ ਪਰਵੀਨ ਹੁੱਡਾ ਨੇ ਮਹਿਲਾਵਾਂ ਦੇ 57 ਕਿੱਲੋਗ੍ਰਾਮ ਮੁਕਾਬਲੇ ਦੇ ਸੈਮੀਫਾਈਨਲ ਵਿਚ ਥਾਂ ਬਣਾ ਕੇ ਮੈਡਲ ਯਕੀਨੀ ਬਣਾਉਣ ਨਾਲ ਪੈਰਿਸ ਓਲੰਪਿਕ ਕੋਟਾ ਹਾਸਲ ਕੀਤਾ। ਵਿਸ਼ਵ ਚੈਂਪੀਅਨਸ਼ਿਪ ਵਿਚ 63 ਕਿੱਲੋਗ੍ਰਾਮ ਵਿਚ ਮੈਡਲ ਜਿੱਤਣ ਵਾਲੀ ਪਰਵੀਨ ਨੇ ਉਜ਼ਬੇਕਿਸਤਾਨ ਦੀ ਸਿਤੋਰਾ ਤਰਡੀਬੇਕੋਵਾ ਨੂੰ ਸਰਬਸੰਮਤੀ ਵਾਲੇ ਫ਼ੈਸਲੇ ਨਾਲ ਹਰਾਇਆ। ਇਸ ਮੁਕਾਬਲੇ ਵਿਚ ਮੌਜੂਦਾ ਏਸ਼ਿਆਈ ਚੈਂਪੀਅਨ ਸ਼ੁਰੂ ਤੋਂ ਹੀ ਆਪਣੀ ਲੈਅ ਵਿਚ ਦਿਖੀ ਤੇ ਉਨ੍ਹਾਂ ਨੇ ਆਪਣੀ ਲੰਬਾਈ ਦਾ ਫ਼ਾਇਦਾ ਉਠਾਉਂਦੇ ਹੋਏ 21 ਸਾਲ ਦੀ ਵਿਰੋਧੀ ਨੂੰ ਖੱਬੇ ਤੇ ਸੱਜੇ ਦੋਵਾਂ ਪਾਸਿਓਂ ਮੁੱਕੇ ਜੜੇ।
ਭਾਰਤ ਦੀ ਮਹਿਲਾ ਹਾਕੀ ਟੀਮ ਤੇ ਦੱਖਣੀ ਕੋਰੀਆ ਰਹੇ ਬਰਾਬਰੀ ‘ਤੇ
ਭਾਰਤੀ ਮਹਿਲਾ ਹਾਕੀ ਟੀਮ ਨੂੰ ਪੂਲ-ਏ ਦੇ ਮੈਚ ਵਿਚ ਦੱਖਣੀ ਕੋਰੀਆ ਨੇ 1-1 ਨਾਲ ਡਰਾਅ ‘ਤੇ ਰੋਕਿਆ ਹਾਲਾਂਕਿ ਬਿਹਤਰ ਗੋਲ ਅੌਸਤ ਦੇ ਆਧਾਰ ‘ਤੇ ਭਾਰਤੀ ਟੀਮ ਅਜੇ ਚੋਟੀ ‘ਤੇ ਹੈ। ਦੱਖਣੀ ਕੋਰੀਆ ਲਈ 12ਵੇਂ ਮਿੰਟ ਵਿਚ ਚੋ ਹਾਯੇਜਿਨ ਨੇ ਗੋਲ ਕਰ ਦਿੱਤਾ ਜਦਕਿ ਭਾਰਤ ਲਈ ਤੀਜੇ ਕੁਆਰਟਰ ਵਿਚ ਨਵਨੀਤ ਕੌਰ ਨੇ 44ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਵਿਸ਼ਵ ਰੈਂਕਿੰਗ ਵਿਚ ਸੱਤਵੇਂ ਸਥਾਨ ‘ਤੇ ਕਾਬਜ ਭਾਰਤੀ ਟੀਮ 12ਵੀਂ ਰੈਂਕਿੰਗ ਵਾਲੀ ਕੋਰਿਆਈ ਟੀਮ ਤੋਂ ਗੋਲ ਅੌਸਤ ਬਿਹਤਰ ਹੋਣ ਕਾਰਨ ਪੂਲ-ਏ ਵਿਚ ਸਿਖਰ ‘ਤੇ ਹੈ। ਸਿਖਰਲੀਆਂ ਦੋ ਟੀਮਾਂ ਸੈਮੀਫਾਈਨਲ ਵਿਚ ਪੁੱਜਣਗੀਆਂ। ਦੋਵਾਂ ਟੀਮਾਂ ਨੇ ਹਮਲਾਵਰ ਸ਼ੁਰੂਆਤ ਕੀਤੀ ਪਰ ਕੋਰੀਆ ਨੇ ਪੈਨਲਟੀ ਸਟ੍ਰੋਕ ‘ਤੇ ਪਹਿਲਾ ਗੋਲ ਕੀਤਾ। ਪਹਿਲੇ ਕੁਆਰਟਰ ਵਿਚ ਭਾਰਤੀਆਂ ਨੂੰ ਕਈ ਮੌਕੇ ਮਿਲੇ ਪਰ ਉਹ ਮੌਕਿਆਂ ਨੂੰ ਗੋਲ ਵਿਚ ਨਹੀਂ ਬਦਲ ਸਕੇ। ਦੂਜੇ ਕੁਆਰਟਰ ਵਿਚ ਭਾਰਤ ਨੇ ਪੈਨਲਟੀ ਕਾਰਨਰ ਬਣਾਏ ਪਰ ਗੋਲ ਨਹੀਂ ਹੋ ਸਕਿਆ। ਅੱਧੇ ਸਮੇਂ ਤਕ ਕੋਰੀਆ ਦੀ ਬੜ੍ਹਤ ਕਾਇਮ ਰਹੀ। ਤੀਜੇ ਕੁਆਰਟਰ ਵਿਚ ਵੀ ਇਹ ਹਾਲ ਸੀ ਪਰ ਨਵਨੀਤ ਨੇ 44ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕਰ ਕੇ ਭਾਰਤੀ ਖੇਮੇ ਨੂੰ ਰਾਹਤ ਦਿੱਤੀ। ਦੋਵਾਂ ਟੀਮਾਂ ਨੇ ਆਖ਼ਰੀ ਕੁਆਰਟਰ ਵਿਚ ਗੋਲ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ।
ਸੋਨੀਆ ਦੇਵੀ ਕਯਾਕ ਸਿੰਗਲ 500 ਦੇ ਫਾਈਨਲ ‘ਚ ਪੁੱਜੀ
ਭਾਰਤ ਦੀ ਸੋਨੀਆ ਦੇਵੀ ਫਿਰੇਮਬਮ ਨੇ ਮਹਿਲਾ ਕਯਾਕ ਸਿੰਗਲ 500 ਮੀਟਰ ਵਿਚ ਦੂਜੇ ਸਥਾਨ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ ਪਰ ਮੇਘਾ ਪ੍ਰਦੀਪ ਮਹਿਲਾ ਕੈਨੋ ਸਿੰਗਲ 200 ਮੀਟਰ ਦੇ ਫਾਈਨਲ ਵਿਚ ਹਾਰ ਗਈਆਂ। ਸੋਨੀਆ ਦੇਵੀ 2:17.351 ਦੇ ਸਮੇਂ ਨਾਲ ਮਹਿਲਾਵਾਂ ਦੀ ਕਯਾਕ ਸਿੰਗਲ 500 ਮੀਟਰ (ਸਪਿ੍ਰੰਟ) ਹੀਟ 2 ਵਿਚ ਚੌਥੇ ਸਥਾਨ ‘ਤੇ ਰਹੀ ਤੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਿਚ ਕਾਮਯਾਬ ਰਹੀ। ਸੈਮੀਫਾਈਨਲ ਗੇੜ ਵਿਚ ਭਾਰਤੀ ਖਿਡਾਰੀ ਨੇ ਬਹੁਤ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ ਤੇ 2:16.435 ਦੇ ਸਮੇਂ ਨਾਲ ਫਾਈਨਲ ਵਿਚ ਪੁੱਜੀ। ਇਸ ਵਿਚ ਉਜ਼ਬੇਕਿਸਤਾਨ ਦੀ ਮਦੀਨਾਖੋਨ ਅਸ਼ਰਫਕਸੋਨੋਵਾ (2.11:352) ਸਿਖਰਲੇ ਸਥਾਨ ‘ਤੇ ਰਹੀ। ਇਸ ਮੁਕਾਬਲੇ ਦਾ ਫਾਈਨਲ ਮੰਗਲਵਾਰ ਨੂੰ ਹੋਵੇਗਾ। ਭਾਰਤ ਨੂੰ ਹਾਲਾਂਕਿ ਮੇਘਾ ਦੇ ਪ੍ਰਦਰਸ਼ਨ ਨਾਲ ਨਿਰਾਸ਼ਾ ਹੱਥ ਲੱਗੀ। ਮੇਘਾ ਮਹਿਲਾ ਕੈਨੋਂ ਸਿੰਗਲ 200 ਮੀਟਰ ਸਪਿ੍ਰੰਟ ਦੇ ਪਹਿਲੇ ਹੀਟ ਵਿਚ 56.705 ਸਕਿੰਟ ਦੇ ਸਮੇਂ ਨਾਲ ਪੰਜਵੇਂ ਸਥਾਨ ‘ਤੇ ਰਹੀ।
ਤੀਰਅੰਦਾਜ਼ ਜੋਤੀ ਸੁਰੇਖਾ ਸਿਖਰਲੇ ਸਥਾਨ ਸਥਾਨ ‘ਤੇ
ਤਜਰਬੇਕਾਰ ਜੋਤੀ ਸੁਰੇਖਾ ਵੇਨਮ ਦੀ ਅਗਵਾਈ ਵਿਚ ਕੰਪਾਊਂਡ ਤੀਰਅੰਦਾਜ਼ਾਂ ਨੇ ਉਮੀਦਾਂ ‘ਤੇ ਖ਼ਰੇ ਉਤਰਦੇ ਹੋਏ ਕੁਆਲੀਫਿਕੇਸ਼ਨ ਵਿਚ ਸਿਖਰਲਾ ਸਥਾਨ ਹਾਸਲ ਕੀਤਾ ਤੇ ਮਹਿਲਾ ਤੇ ਮਿਕਸਡ ਜੋੜੀ ਨੇ ਟੀਮ ਮੁਕਾਬਲੇ ਵਿਚ ਸਿਖਰਲਾ ਦਰਜਾ ਹਾਸਲ ਕੀਤਾ। ਵਿਸ਼ਵ ਚੈਂਪੀਅਨ ਓਜਸ ਦੇਵਤਾਲੇ ਤੇ ਅਭਿਸ਼ੇਕ ਵਰਮਾ ਨੇ ਤੀਜਾ-ਚੌਥਾ ਸਥਾਨ ਹਾਸਲ ਕੀਤਾ ਜਿਸ ਨਾਲ ਭਾਰਤ ਨੇ ਮਰਦ ਟੀਮ ਕੰਪਾਊਂਡ ਕੁਆਲੀਫਾਇਰ ਵਿਚ ਦੂਜਾ ਦਰਜਾ ਹਾਸਲ ਕੀਤਾ। ਜੋਤੀ ਨੇ ਨਿੱਜੀ ਕੁਆਲੀਫਿਕੇਸ਼ਨ ਵਿਚ ਦੱਖਣੀ ਕੋਰੀਆ ਦੇ ਵਿਰੋਧੀਆਂ ਨੂੰ ਪਛਾੜ ਕੇ ਸਿਖਰਲਾ ਸਥਾਨ ਹਾਸਲ ਕੀਤਾ ਜਦਕਿ ਅਦਿਤੀ ਸਵਾਮੀ ਚੌਥੇ ਸਥਾਨ ‘ਤੇ ਰਹੀ। ਮਰਦ ਕੰਪਾਊਂਡ ਟੀਮ ਨੇ 2117 ਅੰਕ ਹਾਸਲ ਕੀਤੇ ਤੇ ਕੋਰੀਆ ਦੇ ਬਰਾਬਰ ਰਹੀ ਪਰ ਕੋਰੀਆ ਨੇ ਬਿਹਤਰ 10 ਪਲੱਸ ਐਕਸ ਸਕੋਰ (176-174) ਦੀ ਬਦੌਲਤ ਸਿਖਰਲਾ ਦਰਜਾ ਹਾਸਲ ਕੀਤਾ। ਭਾਰਤੀ ਕੰਪਾਊਂਡ ਮਿਕਸਡ ਟੀਮ ਨੇ ਵੀ 1413 ਅੰਕਾਂ ਦੀ ਬਦੌਲਤ ਸਿਖਰਲਾ ਦਰਜਾ ਹਾਸਲ ਕੀਤਾ ਜਿਸ ਵਿਚ ਉਹ ਕੋਰੀਆ ਤੋਂ ਦੋ ਅੰਕ ਉੱਪਰ ਰਹੇ। ਇਨ੍ਹਾਂ ਦੋਵਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਟੀਮ ਮੁਕਾਬਲੇ ਵਿਚ ਸਿਖਰਲਾ ਸਥਾਨ ਹਾਸਲ ਕੀਤਾ।
ਮਿਕਸਡ ਡਬਲਜ਼ ਸਕੁਐਸ਼ ‘ਚ ਭਾਰਤ ਦਾ ਦਬਦਬਾ
ਭਾਰਤੀ ਮਰਦ ਟੀਮ ਦੇ ਰੋਮਾਂਚਕ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾ ਕੇ ਗੋਲਡ ਮੈਡਲ ਜਿੱਤਣ ਤੋਂ ਬਾਅਦ ਮਿਕਸਡ ਟੀਮਾਂ ਨੇ ਵੀ ਆਪਣੇ ਪੂਲ ਗੇੜ ਦੇ ਮੁਕਾਬਲੇ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਜਦਕਿ ਮਰਦ ਸਿੰਗਲਜ਼ ਵਿਚ ਮਹੇਸ਼ ਮਨਗਾਂਵਕਰ ਵੀ ਆਖ਼ਰੀ-32 ਦਾ ਮੁਕਾਬਲਾ ਜਿੱਤ ਗਏ। ਪੂਲ-ਏ ਵਿਚ ਦੀਪਿਕਾ ਪੱਲੀਕਲ ਤੇ ਹਰਿੰਦਰ ਪਾਲ ਸਿੰਘ ਸੰਧੂ ਦੀ ਜੋੜੀ ਨੇ ਜੇਇਜਿਨ ਯੂ ਅਤੇ ਹਵਾਯੀਓਂਗ ਯੁਮ ਦੀ ਦੱਖਣੀ ਕੋਰੀਆ ਦੀ ਜੋੜੀ ਨੂੰ 22 ਮਿੰਟ ਵਿਚ 2-0 (11-2, 11-5) ਨਾਲ ਹਰਾਇਆ। ਦੀਪਿਕਾ ਤੇ ਸੰਧੂ ਨੇ ਬਾਅਦ ਵਿਚ ਪਾਕਿਸਤਾਨ ਦੇ ਮੇਹਵਿਸ਼ ਅਲੀ ਤੇ ਨੂਰ ਜਮਾਂ ਨੂੰ 11-4, 11-1 ਨਾਲ ਮਾਤ ਦਿੱਤੀ। ਅਨਾਹਤ ਸਿੰਘ ਤੇ ਅਭੇ ਸਿੰਘ ਦੀ ਜੋੜੀ ਨੇ ਵੀ 15 ਮਿੰਟ ਤੱਕ ਚੱਲੇ ਪੂਲ-ਡੀ ਦੇ ਮੈਚ ਵਿਚ ਡੇਵਿਡ ਵਿਲੀਅਮ ਪੇਲੀਨੋ ਤੇ ਵੋਨੇ ਏਲਿਸਾ ਡਾਲਿਡਾ ਦੀ ਫਿਲਪੀਨਜ਼ ਦੀ ਜੋੜੀ ਨੂੰ 2-0 (11-7, 11-5) ਨਾਲ ਮਾਤ ਦਿੱਤੀ। ਅਗਲੇ ਮੈਚ ਵਿਚ ਉਨ੍ਹਾਂ ਨੇ ਪਾਕਿਸਤਾਨ ਦੀ ਸਾਦੀਆ ਗੁਲ ਤੇ ਫਰਹਾਨ ਜਮਾਂ ਨੂੰ 11-3, 11-2 ਨਾਲ ਹਰਾਇਆ। ਮਰਦ ਸਿੰਗਲਜ਼ ਵਿਚ ਮਨਗਾਂਵਕਰ ਨੇ ਫਿਲਪੀਨਜ਼ ਦੇ ਜੋਨਾਥਨ ਰੇਯੇਸ ਨੂੰ 11-8, 11-4, 11-2 ਨਾਲ ਹਰਾਇਆ।



