ਨਵੀਂ ਦਿੱਲੀ, ਸਪੋਰਟਸ ਡੈਸਕ : ਏਸ਼ੀਆ ਕੱਪ 2023 ਦੇ ਨਾਕ ਆਊਟ ਮੈਚ ‘ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਦੀ ਦੌੜ ‘ਚੋਂ ਬਾਹਰ ਕਰ ਦਿੱਤਾ। ਪਾਕਿਸਤਾਨ ਟੀਮ ਦੇ ਏਸ਼ੀਆ ਕੱਪ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਸ਼ੋਏਬ ਅਖਤਰ ਨੇ ਵੱਡਾ ਝਟਕਾ ਦਿੱਤਾ ਹੈ। ਸ਼ੋਏਬ ਨੇ ਕਿਹਾ ਕਿ ਪਾਕਿਸਤਾਨ-ਭਾਰਤ ਦਾ ਫਾਈਨਲ ਕਦੇ ਨਹੀਂ ਹੋ ਸਕਦਾ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਖੇਡੇ ਗਏ ਜ਼ਬਰਦਸਤ ਮੈਚ ‘ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ ਆਖਰੀ ਗੇਂਦ ‘ਤੇ ਦੋ ਵਿਕਟਾਂ ਨਾਲ ਹਰਾਇਆ ਸੀ। ਚੈਰਿਥ ਅਸਾਲਾਂਕਾ ਨੇ ਆਪਣੀ ਦਮਦਾਰ ਪਾਰੀ ਦੀ ਬਦੌਲਤ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਬਾਬਰ ਆਜ਼ਮ ਦੀ ਟੀਮ ਨੂੰ ਟੂਰਨਾਮੈਂਟ ‘ਚੋਂ ਬਾਹਰ ਹੁੰਦਿਆਂ ਦੇਖ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਇਸ ‘ਤੇ ਅਫਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਏਸ਼ੀਆ ਕੱਪ ‘ਚ ਪਹਿਲੀ ਵਾਰ ਭਾਰਤ-ਪਾਕਿਸਤਾਨ ਨੇ ਫਾਈਨਲ ਦਾ ਮੌਕਾ ਗੁਆਇਆ ਹੈ।
ਸ਼ੋਏਬ ਅਖਤਰ ਨੇ ਕੀਤਾ ਦੁੱਖ ਪ੍ਰਗਟ
ਇਸ ਤੋਂ ਇਲਾਵਾ ਸ਼ੋਏਬ ਅਖਤਰ ਨੇ ਪਾਕਿਸਤਾਨ ਲਈ ਵਨਡੇ ‘ਚ ਡੈਬਿਊ ਕਰਨ ਵਾਲੇ ਤੇਜ਼ ਗੇਂਦਬਾਜ਼ ਜ਼ਮਾਨ ਖਾਨ ਦੀ ਤਾਰੀਫ ਕੀਤੀ। ਹਾਰਿਸ ਰਾਊਫ ਦੇ ਜ਼ਖਮੀ ਹੋਣ ਤੋਂ ਬਾਅਦ ਟੀਮ ‘ਚ ਸ਼ਾਮਿਲ ਕੀਤਾ ਗਿਆ ਸੀ। ਜ਼ਮਾਨ ਨੂੰ ਮੈਚ ਵਿਚ ਇਕ ਵੀ ਵਿਕਟ ਨਹੀਂ ਮਿਲੀ ਤੇ 6 ਓਵਰਾਂ ਵਿਚ 39 ਦੌੜਾਂ ਦਿੱਤੀਆਂ। ਫਿਰ ਵੀ ਉਸ ਨੇ ਅਖਤਰ ਨੂੰ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ।
ਸ਼ੋਏਬ ਅਖਤਰ ਨੇ ਆਪਣੇ ਯੂਟਿਊਬ ਚੈਨਲ ‘ਤੇ ਕਿਹਾ, ‘ਤੁਸੀਂ ਮੈਚ ਦੇਖਿਆ ਹੋਵੇਗਾ। ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਜੋ ਮੈਚ ਪਾਕਿਸਤਾਨ ਦੇ ਹੱਕ ਵਿਚ ਬਣਿਆ ਹੋਇਆ ਸੀ, ਉਹ ਸਭ ਜ਼ਮਾਨ ਖਾਨ ਨੇ ਕੀਤਾ ਸੀ। ਇਸ ਲੜਕੇ ਨੇ ਪਾਕਿਸਤਾਨ ਸੁਪਰ ਲਗ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ।’
ਨਹੀਂ ਹੋਵੇਗਾ ਭਾਰਤ-ਪਾਕਿਸਤਾਨ ਦਾ ਫਾਈਨਲ
ਪਾਕਿਸਤਾਨ ਨੂੰ ਮੈਚ ਜਿੱਤਣ ਦੇ ਜੋ ਵੀ ਮੌਕੇ ਮਿਲੇ, ਉਹ ਸਭ ਉਸ ਦੇ ਕਾਰਨ ਸਨ। ਸ਼ਾਹੀਨ ਅਫਰੀਦੀ ਨੇ ਵੀ ਕੁਝ ਵਿਕਟਾਂ ਹਾਸਲ ਕੀਤੀਆਂ ਪਰ ਇਸ ਦਾ ਸਿਹਰਾ ਜ਼ਮਾਨ ਨੂੰ ਜਾਂਦਾ ਹੈ। ਉਸ ਨੇ ਅਸਲ ਵਿਚ ਚੰਗੀ ਗੇਂਦਬਾਜ਼ੀ ਕੀਤੀ। ਸ਼੍ਰੀਲੰਕਾ ਨੇ ਚੰਗਾ ਖੇਡਿਆ ਅਤੇ ਫਾਈਨਲ ਦਾ ਹੱਕਦਾਰ ਸੀ। ਦੁਨੀਆ ਹੁਣ ਭਾਰਤ-ਪਾਕਿਸਤਾਨ ਫਾਈਨਲ ਮੈਚ ਨਹੀਂ ਦੇਖ ਸਕੇਗੀ।



