ਲਖਵਿੰਦਰ ਸੰਧੂ
70877-19522
ਅੰਮ੍ਰਿਤ ਅੰਬੀਨਾਮ ਅੱਜ ਪੰਜਾਬੀ ਇੰਡਸਟਰੀ ’ਚ ਆਪਣੀ ਕਲਾ ਦੇ ਰੰਗ ਬਿਖੇਰ ਰਿਹਾ ਹੈ। ਆਪਣੀ ਵੱਖਰੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਅੰਮ੍ਰਿਤ ਅੰਬੀ ਨੇ ‘ਜ਼ੋਰਾ ਦਸ ਨੰਬਰੀਆ, ‘ਜ਼ੋਰਾ-2’, ‘ਕਿਸਮਤ-2’, ‘ਮੋਹ’, ‘ਹੈਟਰਜ਼’, ‘ਗੋਡੇ-ਗੋਡੇ ਚਾਅ’ ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪੇਸ਼ ਹਨ ਉਸ ਨਾਲ ਕੀਤੀ ਗੱਲਬਾਤ ਦੇ ਮੁੱਖ ਅੰਸ਼ :
ਆਪਣੇ ਸ਼ੁਰੂਆਤੀ ਜੀਵਨ ’ਤੇ ਕੁਝ ਚਾਨਣਾ ਪਾਓ?
ਮੇਰਾ ਪਿੰਡ ਗੋਬਿੰਦਪੁਰਾ ਜਵਾਹਰਵਾਲਾ, ਜ਼ਿਲ੍ਹਾ ਸੰਗਰੂਰ ਹੈ। ਮੈਂ ਆਪਣੀ ਪੜ੍ਹਾਈ ਅਕਾਲ ਅਕੈਡਮੀ ਚੀਮਾ ਸਾਹਿਬ ਤੇ 10ਵੀਂ ਦੀ ਪੜ੍ਹਾਈ ਡੀਏਵੀ ਪਬਲਿਕ ਸਕੂਲ ਤੋਂ ਕੀਤੀ। ਬਾਰ੍ਹਵੀਂ ਤੋਂ ਬਾਅਦ ਆਈਟੀ ਦੀ ਡਿਗਰੀ ਲਈ ਸੂਚਨਾ ਤਕਨਾਲੋਜੀ ’ਚ ਦਾਖ਼ਲਾ ਲਿਆ। ਜੇਜੀ ਕਾਲਜ ਗੁਰਨੇ ਕਲਾਂ ’ਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਫਿਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੰਜਾਬੀ ’ਚ ਪੋਸਟ ਗ੍ਰੈਜੂਏਸ਼ਨ ਕੀਤੀ। ਇਸੇ ਦੌਰਾਨ ਪ੍ਰੋਫੈਸਰ ਬਲਦੇਵ ਸਿੰਘ ਨੇ ਮੈਨੂੰ ਪਹਿਲੀ ਵਾਰ ਸਟੇਜ ’ਤੇ ਜਾਣ ਲਈ ਉਤਸ਼ਾਹਿਤ ਕੀਤਾ ਪਰ ਇਹ ਅਨੁਭਵ ਮੇਰੇ ਲਈ ਬਹੁਤ ਘਬਰਾਹਟ ਵਾਲਾ ਸੀ। ਯੂਨੀਵਰਸਿਟੀ ’ਚ ਪੜ੍ਹਾਈ ਕਰਦਿਆਂ ਕਈ ਵਾਰ ਥੀਏਟਰ ਕੀਤਾ ਤੇ ਕਈ ਪੁਰਸਕਾਰ ਵੀ ਜਿੱਤੇ। ਸਾਡੀ ਟੀਮ ਪੰਜਾਬੀ ਯੂਨੀਵਰਸਿਟੀ ਦੀ ਗੋਲਡ ਮੈਡਲਿਸਟ ਵੀ ਰਹੀ। ਉਸ ਤੋਂ ਬਾਅਦ ਸੁੱਖੀ ਪਾਤੜਾਂ ਸਰ ਨਾਲ ਵੀ ਕੰਮ ਕੀਤਾ। ਮੈਂ ਪੰਜਾਬੀ ਐੱਮ ਫਿਲ ਦੀ ਪੜ੍ਹਾਈ ਕੀਤੀ ਹੋਈ ਹੈ। ਫਿਰ ਹੌਲੀ-ਹੌਲੀ ਸ਼ਾਰਟ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਹੌਲੀ-ਹੌਲੀ ਰੱਬ ਦੀ ਕਿਰਪਾ ਨਾਲ ਅੱਜ ਪੰਜਾਬੀ ਇੰਡਸਟਰੀ ’ਚ ਮੈਂ ਆਪਣੇ ਕੰਮ ਨਾਲ ਦਰਸ਼ਕਾਂ ਦੇ
ਰੂਬਰੂ ਹੋਇਆ।
ਮੈਂ ਯੂਨੀਵਰਸਿਟੀ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰਾਂ ’ਚ ਜਾ ਕੇ ਐਕਟਿੰਗ ਦੇ ਆਡੀਸ਼ਨ ਦਿੱਤੇ। ਫਿਰ 2016 ’ਚ ਦੀਪ ਸਿੱਧੂ ਦੀ ਫਿਲਮ ‘ਜ਼ੋਰਾ ਦਸ ਨੰਬਰੀਆ’ ਲਈ ਮੇਰੀ ਚੋਣ ਹੋਈ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ’ਚ ਸੁਖਚੈਨ, ਰੈਬੀ ਟਿਵਾਣਾ ਤੇ ਪੁਖਰਾਜ ਭੱਲਾ ਨਾਲ ਮਿਲ ਕੇ ‘ਯਾਰ ਜਿਗਰੀ ਕਸੂਤੀ ਡਿਗਰੀ’ ਲਈ ਕੰਮ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ‘ਯਾਰ ਜਿਗਰੀ ਕਸੂਤੀ ਡਿਗਰੀ’ ਨੇ ਮੇਰੇ ਸਫ਼ਰ ਨੂੰ ਇਕ ਨਵੀਂ ਰਾਹ ਦਿੱਤੀ। ਇਸ ਵੈੱਬ ਸੀਰੀਜ਼ ਨੂੰ ਦਰਸ਼ਕਾਂ ਨੇ ਦੇਸ਼-ਵਿਦੇਸ਼ਾਂ ’ਚ ਕਾਫ਼ੀ ਪਿਆਰ ਦਿੱਤਾ। ਇਸ ਤੋਂ ਬਾਅਦ ਮੈਨੂੰ ਪੰਜਾਬੀ ਗਾਇਕ ਨਿੰਜਾ ਨਾਲ ਮਿੰਟੂ ਗੁਰੂਸਰੀਆ ਦੀ ਲਿਖੀ ਹੋਈ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’ ਮਿਲੀ, ਜੋ ਕਿਸੇ ਕਾਰਨ ਅਜੇ ਰਿਲੀਜ਼ ਨਹੀਂ ਹੋ ਸਕੀ। ਉਸ ਤੋਂ ਬਾਅਦ ‘ਜ਼ੋਰਾ-2’ ਵੀ ਮੇਰੀ ਝੋਲੀ ’ਚ ਪੈ ਗਈ। ਫਿਰ ਲਾਕਡਾਊਨ ਦੌਰਾਨ ਇਕ ਵਾਰ ਫਿਰ ਕੰਮ ਠੱਪ ਹੋ ਗਿਆ। ਫਿਰ ਅਸੀਂ ‘ਯਾਰ ਜਿਗਰੀ ਕਸੂਤੀ ਡਿਗਰੀ ਸੀਜ਼ਨ -2’ ਦੀ ਸ਼ੂਟਿੰਗ ’ਚ ਬਿਜ਼ੀ ਹੋ ਗਏ। ਇਸੇ ਦੌਰਾਨ ਮੈਨੂੰ ਜਗਦੀਪ ਸਿੱਧੂ ਦੀ ਫਿਲਮ ‘ਕਿਸਮਤ-2’ ’ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਪੁਖਰਾਜ ਭੱਲਾ ਨਾਲ ‘ਹੈਟਰਜ਼’ ਕੀਤੀ। ਉਸ ਤੋਂ ਬਾਅਦ ਫਿਰ ਜਗਦੀਪ ਸਿੱਧੂ ਨਾਲ ‘ਮੋਹ’ ਤੇ ਫਿਰ ਹੁਣੇ ਰਿਲੀਜ਼ ਹੋਈ ‘ਗੋਡੇ ਗੋਡੇ ਚਾਅ’ ’ਚ ਵੀ ਦਰਸ਼ਕਾਂ ਨੇ ਮੇਰਾ ਕੰਮ ਪਸੰਦ ਕੀਤਾ। ਹੁਣ ਮੈਂ ਗਿੱਪੀ ਗਰੇਵਾਲ ਨਾਲ ‘ਜੱਟ ਨੂੰ ਚੁੜੇਲ ਟੱਕਰੀ’ ’ਚ ਨਜ਼ਰ ਆਵੇਗਾ।
ਮੇਰੇ ਪਰਿਵਾਰ ’ਚ ਪਿਤਾ ਦਰਸ਼ਨ ਸਿੰਘ ਹੀ ਹਨ। ਮੇਰੀ ਮਾਤਾ ਬਲਵਿੰਦਰ ਕੌਰ ਦਾ ਦੇਹਾਂਤ ਹੋ ਚੁੱਕਿਆ ਹੈ। ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਕੁਝ ਨੌਕਰੀ ਲੱਗ ਕੇ ਸੈਟਲ ਹੋ ਜਾਵਾਂ ਕਿਉਂਕਿ ਮੈਂ ਆਪਣੀ ਜ਼ਿੰਦਗੀ ’ਚ ਕੁਝ ਲੇਟ ਚੱਲ ਰਿਹਾ ਸੀ ਪਰ ਮੈਂ ਆਪਣੀ ਪੜ੍ਹਾਈ ਵੱਲ ਧਿਆਨ ਦੇ ਰਿਹਾ ਸੀ ਤੇ ਮੈਂ ਸੋਚਿਆ ਸੀ ਕਿ ਜੇ ਮੈਂ ਇਸ ਖੇਤਰ ’ਚ ਸਫ਼ਲ ਨਾ ਹੋ ਸਕਿਆ ਤਾਂ ਕੋਈ ਆਮ ਨੌਕਰੀ ਕਰ ਲਵਾਂਗਾ ਪਰ ਮੇਰੇ ਹੁਨਰ ਤੇ ਕਿਸਮਤ ਨੇ ਮੇਰਾ ਸਾਥ ਦਿੱਤਾ। ਬਾਕੀ ਮੇਰੇ ਪਿਤਾ ਦਾ ਮੈਨੂੰ ਕਾਫ਼ੀ ਸਹਿਯੋਗ ਰਿਹਾ।
ਸਵਾਲ ਪੰਜਾਬੀ ਇੰਡਸਟਰੀ ’ਚ ਕੰਮ ਕਰਨ ਲਈ ਟੈਲੇਂਟ ਦੀ ਲੋੜ ਹੈ ਜਾਂ ਪਛਾਣ ਦੀ ?
ਪੰਜਾਬੀ ਇੰਡਸਟਰੀ ’ਚ ਹਾਲੇ ਬਾਲੀਵੁੱਡ ਵਾਂਗ ਚਾਚਾ-ਭਤੀਜਾਵਾਦ ਨਹੀਂ ਹੈ ਪਰ ਹਾਂ ਕੁਝ ਗਰੁੱਪ ਜ਼ਰੂਰ ਹਨ, ਜੋ ਆਪਣੇ ਗਰੁੱਪ ਨਾਲ ਹੀ ਕੰਮ ਕਰਨਾ ਪਸੰਦ ਕਰਦੇ ਹਨ ਪਰ ਹੁਣ ਉਹ ਵੀ ਟੁੱਟਦੇ ਜਾ ਰਹੇ ਹਨ ਕਿਉਂਕਿ ਹੁਣ ਨਵੇਂ ਕਲਾਕਾਰ ਜਾਂ ਥੀਏਟਰ ਕਲਾਕਾਰ ਇੰਡਸਟਰੀ ’ਚ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ। ਅਸਲ ’ਚ ਹੁਣ ਦਰਸ਼ਕ ਉਸ ਕਲਾਕਾਰ ਨੂੰ ਨੋਟਿਸ ਕਰ ਲੈਂਦੇ ਹਨ, ਜੋ ਕਾਬਿਲੀਅਤ ਰੱਖਦਾ ਹੈ।
ਅਸਲ ’ਚ ਓਟੀਟੀ ਪਲੇਟਫਾਰਮ ਵੱਖ-ਵੱਖ ਵਿਸ਼ਿਆਂ ’ਤੇ ਬਣੇ ਪ੍ਰਾਜੈਕਟ ਦਰਸ਼ਕਾਂ ਅੱਗੇ ਪੇਸ਼ ਕਰਦਾ ਹੀ ਰਹਿੰਦਾ ਹੈ। ਇਸ ਨਾਲ ਕਿਤੇ ਨਾ ਕਿਤੇ ਦਰਸ਼ਕ ਉਹ ਚੀਜ਼ਾਂ ਦੇਖ ਰਹੇ ਹਨ, ਜੋ ਅਜੇ ਤੱਕ ਪੰਜਾਬੀ ਇੰਡਸਟਰੀ ’ਚ ਨਹੀਂ ਬਣੀਆਂ। ਕਈ ਮੁੱਦੇ ’ਤੇ ਫਿਲਮ ਜੋ ਓਟੀਟੀ ’ਤੇ ਦਰਸ਼ਕ ਦੇਖ ਚੁੱਕੇ ਹਨ, ਜੇ ਅਸੀਂ ਬਣਾਵਾਂਗੇ ਤਾਂ ਦਰਸ਼ਕ ਉਸ ਨੂੰ ਜੱਜ ਤਾਂ ਜ਼ਰੂਰ ਕਰਨਗੇ ਹੀ ਕਿਉਂਕਿ ਦਰਸ਼ਕਾਂ ਦੇ ਮਨੋਰੰਜਨ ਦਾ ਖੇਤਰ ਓਟੀਟੀ ਪਲੇਟਫਾਰਮ ਕਾਰਨ ਕਾਫ਼ੀ ਵੱਡਾ ਹੋ ਚੁੱਕਾ ਹੈ। ਹਾਂ, ਓਟੀਟੀ ਪਲੇਟਫਾਰਮ ਨਾਲ ਨਵੇਂ ਕਲਾਕਾਰ ਵੀ ਅੱਗੇ ਆ ਰਹੇ ਹਨ। ਇਹ ਨਵੇਂ ਕਲਾਕਾਰਾਂ ਨੂੰ ਦਰਸ਼ਕਾਂ ਅੱਗੇ ਪੇਸ਼ ਕਰਨ ’ਚ ਯੋਗਦਾਨ ਪਾ ਰਿਹਾ ਹੈ।
ਸਵਾਲ ਆਪਣੇ ਰੋਲ ਨਾਲ ਦਰਸ਼ਕਾਂ ਦਾ ਧਿਆਨ ਖਿੱਚਣਾ ਕਿੰਨਾ ਕੁ ਔਖਾ ਜਾਂ ਆਸਾਨ ਸੀ ?
ਮੈਨੂੰ ਅਸਲ ’ਚ ਆਪਣੇ ਲਈ ਅਜਿਹੇ ਰੋਲ ਦੀ ਉਡੀਕ ਰਹਿੰਦੀ ਹੈ, ਜੋ ਦਰਸ਼ਕਾਂ ਦੇ ਦਿਲਾਂ ’ਤੇ ਸਦਾ ਲਈ ਆਪਣੀ ਛਾਪ ਛੱਡ ਜਾਵੇ। ਮੈਂ ਚਾਹੁੰਦਾ ਹਾਂ ਕਿ ਲੋਕ ਮੈਨੂੰ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਂਦੇ ਹੋਏ ਦੇਖਣ ਕਿਉਂਕਿ ਬਾਲੀਵੁੱਡ ਤੇ ਸਾਊਥ ਸਿਨੇਮਾ ਦੇ ਮੁਕਾਬਲੇ ਅਜੇ ਵੀ ਸਾਡੀ ਇੰਡਸਟਰੀ ਸੰਘਰਸ਼ ਕਰ ਰਹੀ ਹੈ। ਜਿਵੇਂ ‘ਯਾਰ ਜਿਗਰੀ ਕਸੂਤੀ ਡਿਗਰੀ’ ’ਚ ਲਾਲੀ ਦਾ ਕਿਰਦਾਰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ, ਜੋ ਮੇਰੀ ਪਛਾਣ ਬਣਿਆ। ਮੈਨੂੰ ਕਈ ਲੋਕ ਅਜੇ ਵੀ ਲਾਲੀ ਦੇ ਨਾਂ ਨਾਲ ਬੁਲਾਉਂਦੇ ਹਨ, ਜੋ ਮੇਰੇ ਲਈ ਕਾਫ਼ੀ ਖ਼ੁਸ਼ੀ ਦੀ ਗੱਲ ਹੈ ਤੇ ਮੈਂ ਲਾਲੀ ਵਰਗੇ ਹੀ ਇਕ ਹੋਰ ਅਜਿਹੇ ਰੋਲ ਦੀ ਉਡੀਕ ’ਚ ਹਾਂ ਕਿਉਂਕਿ ਮੈਨੂੰ ਯਾਦ ਹੈ ਕਿ ਦੁਬਈ ਦਾ ਇਕ ਪਰਿਵਾਰ ਜੋ ਵੈੱਬ ਸੀਰੀਜ਼ ਦਾ ਪ੍ਰਸ਼ੰਸਕ ਸੀ, ਨੇ ਆਪਣੇ ਬੱਚੇ ਦਾ ਨਾਂ ਗੁਰਸ਼ਬਦ ਸਿੰਘ ਲਾਲੀ ਰੱਖਿਆ ਸੀ, ਜੋ ਮੇਰੇ ਲਈ ਮਾਣ ਵਾਲੀ ਗੱਲ ਸੀ ਕਿਉਂਕਿ ਇਹ ਦਰਸ਼ਕਾਂ ਦਾ ਪਿਆਰ ਸੀ।
ਮੇਰਾ ਸੁਪਨਾ ਹੈ ਕਿ ਪੰਜਾਬੀ ਇੰਡਸਟਰੀ ਖ਼ੂਬ ਤਰੱਕੀ ਕਰੇ। ਆਸ ਕਰਦਾ ਹਾਂ ਕਿ ਸਾਡੀ ਇੰਡਸਟਰੀ ਦੀਆਂ ਫਿਲਮਾਂ ਆਸਕਰ ਐਵਾਰਡ ਤੱਕ ਜਾਣ ਤਾਂ ਜੋ ਸਾਡੀ ਇੰਡਸਟਰੀ ਵੀ ਬਾਕੀਆਂ ਦੇ ਮੁਕਾਬਲੇ ਖੜ੍ਹੀ ਹੋ ਸਕੇ ਜਿਵੇਂ ਸਾਊਥ ਇੰਡਸਟਰੀ ਅੱਜਕੱਲ੍ਹ ਬਾਲੀਵੁਡ ਨੂੰ ਟੱਕਰ ਦੇ ਰਹੀ ਹੈ ਪਰ ਪੰਜਾਬੀ ਇੰਡਸਟਰੀ ਕੋਲ ਮਹਾਨ ਇਤਿਹਾਸ, ਕਿੱਸੇ, ਕਹਾਣੀਆਂ ਹੋਣ ਦੇ ਬਾਵਜੂਦ ਅਸੀਂ ਆਪਣੇ ਸਿਨੇਮੇ ਨੂੰ ਅਜੇ ਤੱਕ ਵੱਡਾ ਨਹੀਂ ਕਰ ਸਕੇ। ਬਾਲੀਵੁੱਡ ਪੰਜਾਬੀ ਕਹਾਣੀਆਂ ਤੋਂ ਕਈ ਪ੍ਰਾਜੈਕਟ ਚੁੱਕ ਕੇ ਸਫ਼ਲਤਾ ਹਾਸਲ ਕਰ ਰਿਹਾ ਹੈ। ਮੇਰੇ ਹਿਸਾਬ ਨਾਲ ਸਾਡੀਆਂ ਫਿਲਮਾਂ ਵੀ ਪੰਜਾਬੀ ਭਾਸ਼ਾ ਤੋਂ ਇਲਾਵਾ ਹੋਰ ਭਾਸ਼ਾਵਾਂ ’ਚ ਰਿਲੀਜ਼ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਦਰਸ਼ਕਾਂ ਦਾ ਖੇਤਰ ਵੱਡਾ ਹੋ ਸਕੇ। ਹੁਣ ਪੰਜਾਬੀ ਇੰਡਸਟਰੀ ਵੀ ਵੱਡੇ ਪ੍ਰਾਜੈਕਟ ਲੈ ਕੇ ਆ ਰਹੀ ਹੈ।
ਅਸਲ ’ਚ ਮੈਂ ਕਈ ਸੋਸ਼ਲ ਮੀਡੀਆ ਸਾਈਟਾਂ ਜਾਂ ਅਖ਼ਬਾਰਾਂ ’ਚ ਦੇਖਿਆ ਹੈ ਕਿ ਉਹ ਬਾਲੀਵੁੱਡ ਦੇ ਅਦਾਕਾਰਾਂ ਤੇ ਫਿਲਮਾਂ ਨੂੰ ਜ਼ਿਆਦਾ ਛਾਪਣਾ ਪਸੰਦ ਕਰਦੇ ਹਨ ਪਰ ‘ਪੰਜਾਬੀ ਜਾਗਰਣ’ ਟੀਮ ਇਸ ਗੱਲ ਲਈ ਵਧਾਈ ਦੀ ਪਾਤਰ ਹੈ ਕਿ ਇਹ ਉਨ੍ਹਾਂ ਅਦਾਕਾਰਾਂ ਜਾਂ ਗਾਇਕਾਂ ਦੀ ਆਵਾਜ਼ ਬਣ ਰਹੀ ਹੈ, ਜੋ ਪੰਜਾਬੀ ਇੰਡਸਟਰੀ ਲਈ ਕੰਮ ਕਰਦੇ ਹਨ।



