‘ਮੁਸਕਰਾ ਕਰ ਗਮ ਕਾ ਜ਼ਹਿਰ ਜਿਸ ਕੋ ਪੀਨਾ ਆ ਗਆ, ਜੇਹ ਹਕੀਕਤ ਹੈ ਇਸ ਜਹਾਂ ਮੇਂ ਉਸ ਕੋ ਜੀਨਾ ਆ ਗਆ’, ਸ਼ਾਇਰ ਦੀਆਂ ਇਨ੍ਹਾਂ ਸਤਰਾਂ ਦੀ ਵੱਡੀ ਹਕੀਕਤ ਹੈ ਸਮੁੱਚੀ ਨਾਰੀ ਜਗਤ ਦਾ ਮਾਣ ਨੇਤਰਹੀਣ ਖਿਡਾਰਨ ਬਲਵਿੰਦਰ ਕੌਰ ਨੂਰੀ, ਜਿਸ ਦਾ ਜਨਮ 23 ਸਤੰਬਰ, 1987 ਨੂੰ ਪਿਤਾ ਮਹਿੰਦਰ ਸਿੰਘ ਦੇ ਘਰ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਖੰਨਾ ਸ਼ਹਿਰ ਦੇ ਮੁਹੱਲਾ ਕ੍ਰਿਸ਼ਨਾ ਨਗਰ ਵਿਖੇ ਹੋਇਆ। ਨੂਰੀ ਬਚਪਨ ਤੋਂ ਹੀ ਮਾਂ-ਬਾਪ ਦਾ ਨੂਰ ਅਤੇ ਸਾਰੇ ਭੈਣ-ਭਰਾਵਾਂ ‘ਚੋਂ ਲਾਡਲੀ ਸੀ, ਇਸ ਲਈ ਮਾਤਾ-ਪਿਤਾ ਨੇ ਖੰਨਾ ਵਿਖੇ ਹੀ ਮੁਢਲੀ ਵਿੱਦਿਆ ਲੈਣ ਲਈ ਚਾਵਾਂ ਨਾਲ ਸਕੂਲੇ ਪਾਇਆ ਅਤੇ ਨੂਰੀ ਨੇ ਵੀ ਵੱਡਾ ਸੁਪਨਾ ਸਜਾ ਲਿਆ ਕਿ ਉਹ ਪੜ੍ਹ ਲੈਣ ਤੋਂ ਬਾਅਦ ਇਕ ਪਾਇਲਟ ਬਣੇਗੀ ਅਤੇ ਜਹਾਜ਼ਾਂ ਦੀ ਉਡਾਨ ਭਰੇਗੀ ਅਤੇ ਆਪਣੇ ਇਸ ਅਕੀਦੇ ਨੂੰ ਸਿਜਦਾ ਕਰਨ ਲਈ ਉਹ ਪੜ੍ਹਾਈ ਦੇ ਨਾਲ-ਨਾਲ ਪਾਇਲਟ ਬਣਨ ਲਈ ਸਰੀਰਕ ਤੌਰ ‘ਤੇ ਫਿੱਟ ਰਹਿਣ ਲਈ ਕਸਰਤ ਵੀ ਨਾਲੋ-ਨਾਲ ਕਰਨ ਲੱਗੀ।
ਇਕ ਦਿਨ ਉਹ ਆਪਣੇ ਘਰ ਦੀ ਛੱਤ ਉਪਰ ਸ਼ਾਮ ਵੇਲੇ ਕਸਰਤ ਕਰ ਰਹੀ ਸੀ ਤਾਂ ਅਚਾਨਕ ਘਰ ਦੀ ਛੱਤ ਤੋਂ ਹੇਠਾਂ ਆ ਡਿੱਗੀ ਤੇ ਡਿੱਗਣ ਸਾਰ ਹੀ ਉਹ ਬੇਹੋਸ਼ੀ ਵਿਚ ਚਲੀ ਗਈ ਅਤੇ ਡਾਕਟਰੀ ਇਲਾਜ ਦੇ ਚਲਦਿਆਂ ਤਿੰਨ ਦਿਨ ਬੇਹੋਸ਼ੀ ਦੀ ਹਾਲਤ ਵਿਚ ਹੀ ਰਹੀ। ਮਾਂ-ਬਾਪ ਨੂਰੀ ਨੂੰ ਘਰ ਲੈ ਆਏ ਅਤੇ ਸਾਰੇ ਪਰਿਵਾਰ ਦੇ ਮੈਂਬਰ ਨੂਰੀ ਨੂੰ ਮਜ਼ਾਕ ਕਰਨ ਲੱਗੇ ਕਿ, ਨੂਰੀ ਤੇਰਾ ਜਹਾਜ਼ ਕਰੈਸ਼ ਹੋ ਗਿਆ। ਤਾਂ ਨੂਰੀ ਨੇ ਵੀ ਹਿੰਮਤ ਨਾਲ ਆਖਿਆ ਕਿ, ‘ਨਹੀਂ, ਮੈਂ ਉਡਾਨ ਭਰਾਂਗੀ’। ਹੋਸ਼ ਵਿਚ ਆਈ ਤਾਂ ਘਰ ਦੇ ਕਮਰੇ ਵਿਚ ਬੈਠੀ ਨੂਰੀ ਆਖਣ ਲੱਗੀ ਕਿ ਕਮਰੇ ਦੀ ਲਾਈਟ ਜਗਾ ਦਿੱਤੀ ਜਾਵੇ। ਮਾਂ-ਬਾਪ ਨੇ ਸੋਚਿਆ ਕਿ ਨੂਰੀ ਡੂੰਘੇ ਸਦਮੇ ‘ਚੋਂ ਨਿਕਲੀ ਹੈ, ਐਂਵੇ ਅਵਾ-ਤਵਾ ਬੋਲਦੀ ਹੈ, ਸਭ ਠੀਕ ਹੋ ਜਾਵੇਗਾ, ਪਰ ਸਭ ਠੀਕ ਨਹੀਂ ਸੀ। ਸ਼ੱਕ ਹੋਰ ਡੂੰਘਾ ਹੁੰਦਾ ਦਿਸਿਆ ਤਾਂ ਬਾਪ ਨੇ ਨੂਰੀ ਨੂੰ ਜਦ ਸੂਰਜ ਦੇ ਸਾਹਮਣੇ ਖੜ੍ਹਾ ਕੀਤਾ ਤਾਂ ਨੂਰੀ ਅਜੇ ਵੀ ਹਨੇਰੇ ਵਿਚ ਹੀ ਖੜ੍ਹੀ ਸੀ ਤਾਂ ਮਾਂ-ਬਾਪ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਅਤੇ ਸਾਰੇ ਘਰ ਵਿਚ ਚੀਕਾਂ ਦੀ ਕੁਰਲਾਹਟ ਸੁਣਾਈ ਦੇਣ ਲੱਗੀ, ਤਾਂ ਨੂਰੀ ਨੇ ਸੋਚਿਆ ਕਿ, ਬਾਪ ਸੱਚ ਆਖਦਾ ਸੀ ਕਿ, ‘ਨੂਰੀ ਤੇਰਾ ਜਹਾਜ਼ ਕਰੈਸ਼ ਹੋ ਗਿਆ’ ਅਤੇ ਨੂਰੀ ਨੂੰ ਲੱਗਿਆ ਕਿ ਹੁਣ ਤਾਂ ਉਸ ਦੀ ਸਾਰੀ ਜ਼ਿੰਦਗੀ ਦਾ ਜਹਾਜ਼ ਕਰੈਸ਼ ਹੋ ਗਿਆ।
ਸਕੂਲੀ ਜੀਵਨ ਵਿਚ ਕਦੇ ਗਿੱਧਿਆਂ ਦੀ ਰਾਣੀ ਵਜੋਂ ਜਾਣੀ ਜਾਂਦੀ ਗਿੱਧੇ ਦੀ ਕਪਤਾਨ ਤੇ ਪਾਇਲਟ ਬਣ ਕੇ ਜਹਾਜ਼ਾਂ ਦੀ ਉਡਾਨ ਪਰੀ ਦੇ ਸੁਪਨੇ ਵੇਖਣ ਵਾਲੀ ਨੂਰੀ ਹੁਣ ਅੱਖਾਂ ਤੋਂ ਮੁਨਾਖੀ ਹੋ ਕੇ ਘਰ ਵਿਚ ਹੀ ਦੂਸਰਿਆਂ ਦੇ ਸਹਾਰੇ ਜੀਵਨ ਜਿਉਣ ਲਈ ਮਜਬੂਰ ਸੀ। ਸੰਨ 2009 ਵਿਚ ਬਹੁਤ ਸਾਰੇ ਸੰਘਰਸ਼ਾਂ ‘ਚੋਂ ਦੀ ਗੁਜ਼ਰਦੀ, ਹਿੰਮਤ ਅਤੇ ਹੌਸਲੇ ਨਾਲ ਹੈਬੋਵਾਲ ਲੁਧਿਆਣਾ ਵਿਖੇ ਖੁੱਲ੍ਹੇ ਅੰਗਹੀਣ ਅਤੇ ਨੇਤਰਹੀਣ ਸਕੂਲ ਵਿਚ ਆ ਦਾਖਲ ਹੋਈ ਅਤੇ ਉਥੇ ਉਸ ਨੇ ਟੈਲੀਫੋਨ ਅਪਰੇਟਰ ਦਾ ਡਿਪਲੋਮਾ, ਦਿਮਾਗੀ ਪੜ੍ਹਾਈ, ਤੁਰਨ ਦੀ ਪ੍ਰਕਿਰਿਆ ਅਤੇ ਮੋਬਾਇਲਟੀ ਆਦਿ ਸਿੱਖਣ ਦੇ ਨਾਲ-ਨਾਲ ਖੇਡਾਂ ਦਾ ਸਫਰ ਵੀ ਸ਼ੁਰੂ ਕੀਤਾ। ਸੰਨ 2009 ਵਿਚ ਹੀ ਪਹਿਲੀ ਵਾਰ ਗੁਰੂ ਨਾਨਕ ਕਾਲਜ ਲੁਧਿਆਣਾ ਵਿਖੇ ਹੋਈਆਂ ਨੇਤਰਹੀਣਾਂ ਦੀਆਂ ਖੇਡਾਂ ਵਿਚ ਸਕੂਲ ਵੱਲੋਂ ਹਿੱਸਾ ਲਿਆ ਅਤੇ ਡਿਸਕਸ ਥਰੋਅ, ਜੈਵਲਿਨ ਥਰੋਅ ਅਤੇ ਗੋਲਾ ਸੁੱਟਣ ਦੀ ਖੇਡ ਵਿਚ ਹਿੱਸਾ ਲੈ ਕੇ ਦੋ ਸੋਨ ਤਗਮੇ ਅਤੇ ਇਕ ਚਾਂਦੀ ਦਾ ਤਗਮਾ ਆਪਣੇ ਨਾਂਅ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਹੈਬੋਵਾਲ ਸਕੂਲ ਵਿਚ ਖੇਡਾਂ ਦੀ ਸਟਾਰ ਵਜੋਂ ਜਾਣੀ ਜਾਂਦੀ ਬਲਵਿੰਦਰ ਕੌਰ ਨੂਰੀ ਨੇ ਸੰਨ 2011 ਵਿਚ ਉਚੇਰੀ ਪੜ੍ਹਾਈ ਲਈ ਡੀ.ਏ.ਵੀ. ਕਾਲਜ ਚੰਡੀਗੜ੍ਹ ਦਾਖਲਾ ਲੈ ਲਿਆ ਅਤੇ 2011 ਵਿਚ ਹੀ ਡਿਸਕਸ, ਸ਼ਾਟਪੁੱਟ ਅਤੇ ਜੈਵਲਿਨ ਥਰੋਅ ਵਿਚ ਪੰਜਾਬ ਦੀ ਨੇਤਰਹੀਣ ਖਿਡਾਰਨ ਵਜੋਂ ਖੇਡ ਕੇ ਪੰਜਾਬ ਦਾ ਬੈਸਟ ਰਿਕਾਰਡ ਬਣਾਇਆ ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਉਸ ਨੂੰ ਫੋਨ ‘ਤੇ ਵਧਾਈ ਹੀ ਨਹੀਂ ਦਿੱਤੀ, ਸਗੋਂ ਪੰਜਾਬ ਦੀ ਮਾਣਮੱਤੀ ਧੀਅ ਆਖ ਕੇ ਪੰਜਾਹ ਹਜ਼ਾਰ ਰੁਪਏ ਇਨਾਮ ਵਜੋਂ ਵੀ ਦਿੱਤੇ।
ਨੂਰੀ ਰਾਜ ਪੱਧਰ, ਰਾਸ਼ਟਰੀ ਪੱਧਰ ਨੂੰ ਪਾਰ ਕਰਦੀ ਆਈ ਤੇ 2013 ਵਿਚ ਪੈਰਾ ਉਲੰਪਿਕ ਵਿਚ ਹਿੱਸਾ ਲਿਆ ਅਤੇ 2014 ਵਿਚ ਪੰਜਾਬ ਦੀ ਪਹਿਲੀ ਸੀਨੀਅਰ ਔਰਤ ਦਾ ਖਿਤਾਬ ਆਪਣੇ ਨਾਂਅ ਕੀਤਾ। ਇਥੇ ਹੀ ਬਸ ਨਹੀਂ, ਕਾਲਜ ਵਿਚ ਗਰਲਜ਼ ਸਟਾਰ, ਬੈਸਟ ਵੋਮੈਨ, ਰੋਲ ਆਫ ਮਾਡਲ ਅਤੇ ਬੈਸਟ ਡਾਂਸਰ ਦੇ ਖਿਤਾਬ ਵੀ ਆਪਣੇ ਨਾਂਅ ਕਰ ਚੁੱਕੀ ਹੈ। ਬਲਵਿੰਦਰ ਕੌਰ ਨੂਰੀ ਹੁਣ ਤੱਕ 15 ਸੋਨ ਤਗਮੇ, 4 ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੰਜਾਬ ਦੀ ਪਹਿਲੀ ਨੇਤਰਹੀਣ ਖਿਡਾਰਨ ਹੈ। ਸੰਨ 2015 ਵਿਚ ਜਦ ਉਹ ਅਖਬਾਰਾਂ ਦੀਆਂ ਸੁਰਖੀਆਂ ਵਿਚ ਛਾਈ ਹੁੰਦੀ ਸੀ ਤਾਂ ਚੰਡੀਗੜ੍ਹ ਵਿਖੇ ਹੀ ਪ੍ਰਸਿੱਧ ਕਾਲਮ ਨਵੀਸ ਅਤੇ ਪੱਤਰਕਾਰ ਜਗਜੀਵਨ ਸਿੰਘ ਚੰਡੀਗੜ੍ਹ ਨੇ ਉਸ ਦਾ ਹੱਥ ਫੜ ਲਿਆ ਅਤੇ ਨੂਰੀ ਲਈ ਇਕ ਆਸ ਦੀ ਕਿਰਨ ਜਾਗੀ ਅਤੇ ਕੁਝ ਮਹੀਨੇ ਪਹਿਲਾਂ ਉਸ ਨੇ ਇਕ ਖੂਬਸ਼ੂਰਤ ਬੇਟੇ ਨੂੰ ਜਨਮ ਦਿੱਤਾ ਹੈ। ਨੂਰੀ ਆਖਦੀ ਹੈ ਕਿ ਮੇਰੇ ਲਈ ਮੇਰਾ ਸਭ ਕੁਝ ਮੇਰਾ ਬੇਟਾ ਦਿਲਨੂਰ ਅਤੇ ਮੇਰਾ ਪਤੀ ਜਗਜੀਵਨ ਹੈ, ਜਿਨ੍ਹਾਂ ਦੀਆਂ ਅੱਖਾਂ ਵਿਚੋਂ ਹੀ ਮੈਂ ਸੰਸਾਰ ਤੱਕਣ ਦੀ ਖਾਹਿਸ਼ ਰੱਖਦੀ ਹਾਂ।-ਗੁਰਤੇਜ਼ ਸਿੰਘ ਬੱਬੀ