Cricket in Olympics : ਕ੍ਰਿਕਟ ਇਕ ਵਾਰ ਫਿਰ ਓਲੰਪਿਕ ‘ਚ ਆਪਣੀ ਧਾਕ ਜਮਾਉਣ ਜਾ ਰਿਹਾ ਹੈ। 128 ਸਾਲਾਂ ਬਾਅਦ ਇਸ ਖੇਡ ਨੂੰ ਇਕ ਵਾਰ ਫਿਰ ਓਲੰਪਿਕ ‘ਚ ਥਾਂ ਮਿਲੀ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਨੇ ਲਾਸ ਏਂਜਲਸ ਓਲੰਪਿਕ 2028 ਲਈ ਕ੍ਰਿਕਟ ਸਮੇਤ ਪੰਜ ਖੇਡਾਂ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਲੈਗ ਫੁੱਟਬਾਲ, ਬੇਸਬਾਲ/ਸਾਫਟਬਾਲ, ਲੈਕਰੋਸ ਤੇ ਸਕੁਐਸ਼ ਨੂੰ ਵੀ 2028 ਦੀਆਂ ਓਲੰਪਿਕ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਲਾਸ ਏਂਜਲਸ ਦੀ ਪ੍ਰਬੰਧਕੀ ਕਮੇਟੀ ਦੁਆਰਾ ਇਹਨਾਂ ਖੇਡਾਂ ਦੀ ਸਿਫ਼ਾਰਸ਼ ਕੀਤੀ ਗਈ ਸੀ, ਜਿਸ ਨੂੰ ਆਈਓਸੀ ਨੇ ਪ੍ਰਧਾਨ ਥਾਮਸ ਬਾਕ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰੀ ਮੀਟਿੰਗ ਦੌਰਾਨ ਸਵੀਕਾਰ ਕਰ ਲਿਆ ਸੀ। 1900 ‘ਚ ਪੈਰਿਸ ਓਲੰਪਿਕ ‘ਚ ਪਹਿਲੀ ਵਾਰ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਸੀ। ਉਸ ਸਮੇਂ ਓਲੰਪਿਕ ‘ਚ ਸਿਰਫ਼ ਦੋ ਕ੍ਰਿਕਟ ਟੀਮਾਂ (ਗ੍ਰੇਟ ਬ੍ਰਿਟੇਨ ਤੇ ਫਰਾਂਸ) ਨੇ ਹਿੱਸਾ ਲਿਆ ਸੀ। ਦਹਾਕਿਆਂ ਦੇ ਇੰਤਜ਼ਾਰ ਤੋਂ ਬਾਅਦ ਹੁਣ ਕ੍ਰਿਕਟ ਓਲੰਪਿਕ ‘ਚ ਫਿਰ ਚਮਕੇਗਾ।
ਰਾਸ਼ਟਰਮੰਡਲ ਖੇਡਾਂ ‘ਚ ਵੀ 24 ਸਾਲ ਬਾਅਦ ਕ੍ਰਿਕਟ ਸ਼ਾਮਲ ਹੋਇਆ
ਪਿਛਲੇ ਸਾਲ ਇੰਗਲੈਂਡ ਦੇ ਬਰਮਿੰਘਮ ‘ਚ ਖੇਡੀਆਂ ਗਈਆਂ 22ਵੀਆਂ ਰਾਸ਼ਟਰਮੰਡਲ ਖੇਡਾਂ ‘ਚ ਵੀ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਸੀ। ਅਜਿਹਾ 24 ਸਾਲ ਬਾਅਦ ਹੋਇਆ ਜਦੋਂ ਕ੍ਰਿਕਟ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਥਾਂ ਮਿਲੀ। ਇਸ ਤੋਂ ਪਹਿਲਾਂ 1998 ‘ਚ ਪੁਰਸ਼ਾਂ ਦੇ ਇਕ ਰੋਜ਼ਾ ਫਾਰਮੈਟ ਨੂੰ ਰਾਸ਼ਟਰਮੰਡਲ ਖੇਡਾਂ ‘ਚ ਥਾਂ ਮਿਲੀ ਸੀ। ਪਰ ਪਿਛਲੀ ਵਾਰ ਮਹਿਲਾ ਟੀ-20 ਫਾਰਮੈਟ ਨੂੰ ਰਾਸ਼ਟਰਮੰਡਲ ‘ਚ ਸ਼ਾਮਲ ਕੀਤਾ ਗਿਆ ਸੀ।ਇਸ ਦੇ ਤਹਿਤ ਭਾਰਤ ਸਮੇਤ 8 ਟੀਮਾਂ ਨੂੰ ਜਗ੍ਹਾ ਮਿਲੀ ਸੀ।



