Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਭਾਰਤ ਬੈਠੀ ਸਿੱਖ ਲੀਡਰਸ਼ਿਪ ਸਬਕ ਲਵੇ

By Admin Published 5 min read

ਸਰਬੱਤ ਦੇ ਭਲੇ ਲਈ ਹੋਂਦ ਵਿੱਚ ਆਈ ਸਿੱਖ ਕੌਮ ਦੇ ਲੀਡਰ ਦੇਸ਼-ਵਿਦੇਸ਼ ਵਿੱਚ ਬਿਪਤਾ ਮਾਰੇ ਲੋਕਾਂ ਦੀ ਮੌਕੇ ਸਿਰ ਉਚਿਤ ਮੱਦਦ ਕਰਨ ਦੀ ਥਾਂ ਸਿਰਫ ਬਿਆਨ ਲਿਖ ਕੇ ਅਤੇ ਅਖਬਾਰਾਂ ਵਿੱਚ ਫੋਟੋਆਂ ਸਮੇਤ ਛਪਵਾ ਕੇ ਆਪਣੀ ਜ਼ਿੰਮੇਵਾਰੀ ਪੂਰੀ ਹੋਈ ਸਮਝ ਛੱਡਦੇ ਹਨ। ਸ਼੍ਰੋਮਣੀ ਕਮੇਟੀ ਸਮੇਤ ਸਿੱਖ ਪੰਥ ਦੀਆਂ ਪ੍ਰਮੁੱਖ ਜੱਥੇਬੰਦੀਆਂ ਦੇ ਆਗੂ ਵੀ ਕਿਸੇ ਚੰਗੇ ਕੰਮ ਦੀ ਸ਼ਲਾਘਾ ਅਤੇ ਮਾੜੇ ਕੰਮ ਦੀ ਨਿੰਦਾ ਦਾ ਪ੍ਰੈਸ ਨੋਟ ਜਾਰੀ ਕਰਕੇ ਆਪਣੇ ਫਰਜ਼ਾਂ ਦੀ ਪੂਰਤੀ ਹੋ ਜਾਣ ਦੀ ਸੰਤੁਸ਼ਟੀ ਕਰ ਲੈਂਦੇ ਹਨ। ਪਿਛਲੇ ਲੰਬੇ ਸਮੇਂ ਤੋਂ ਫਰਾਂਸ ਵਿੱਚ ਦਸਤਾਰ, ਅਮਰੀਕਾ ਅਤੇ ਹੋਰ ਵੱਡੇ ਦੇਸ਼ਾਂ ਜਿੱਧਰ ਸਿੱਖਾਂ ਦੀ ਵਧੇਰੇ ਵੱਸੋਂ ਹੈ, ਵਿੱਚ ਸਿੱਖਾਂ ਉੱਪਰ ਮੁਸਲਿਮ ਹੋਣ ਦੇ ਭੁਲੇਖੇ ਵੱਡੇ ਹਿੰਸਕ ਹਮਲੇ ਹੋ ਰਹੇ ਹਨ। ਸਿੱਖ ਲੀਡਰਸ਼ਿਪ ਇਸ ਮਾਮਲੇ ਵਿੱਚ ਧਰਮ ਪ੍ਰਚਾਰ ਅਤੇ ਸਿੱਖੀ ਜਾਗਰੂਕਤਾ ਦੇ ਮਾਮਲੇ ਵਿੱਚ ਕੋਈ ਵੱਡੀ ਸਰਗਰਮੀ ਨਹੀਂ ਵਿਖਾ ਸਕੀ। ਹੁਣ ਤੱਕ ਸਿੱਖ ਜੱਥੇਬੰਦੀਆਂ ਅਤੇ ਸਿੱਖ ਲੀਡਰਸ਼ਿਪ ਦੇਸ਼-ਵਿਦੇਸ਼ ਦੀਆਂ ਸਰਕਾਰਾਂ ਨੂੰ ਮੰਗ ਪੱਤਰ ਦੇਣ ਦੀ ਸਰਗਰਮੀ ਤੱਕ ਹੀ ਸੀਮਤ ਰਹੀਆਂ ਹਨ। ਇਨ੍ਹਾਂ ਕਾਲਮਾਂ ਵਿੱਚ ਜੋ ਸੁਝਾਅ ਅਸੀਂ ਸਿੱਖ ਲੀਡਰਸ਼ਿਪ ਨੂੰ ਲੰਬੇ ਸਮੇਂ ਤੋਂ ਦਿੰਦੇ ਆ ਰਹੇ ਹਾਂ, ਉਨ੍ਹਾਂ ਤੋਂ ਸਾਡੀ ਸਿੱਖ ਲੀਡਰਸ਼ਿਪ ਨੇ ਭਾਵੇਂ ਕੋਈ ਅਮਲ ਨਹੀਂ ਕੀਤਾ, ਪਰ ਅਮਰੀਕਾ ਦੇ ਸੂਬੇ ਡੇਲਵੇਅਰ ਦੀ ਵਿਧਾਨ ਸਭਾ ਨੇ ਇਸ ਮਾਮਲੇ ਵਿੱਚ ਜੋ ਸਿੱਖੀ ਪ੍ਰਚਾਰ ਦੇ ਲਈ ਇੱਕ ਵੱਡਾ ਕਾਰਜ ਕਰਨ ਦਾ ਫੈਸਲਾ ਲਿਆ ਹੈ, ਭਾਰਤ ਅੰਦਰ ਬੈਠੀ ਸਿੱਖ ਲੀਡਰਸ਼ਿਪ ਨੂੰ ਉਸ ਤੋਂ ਵੱਡੇ ਸਬਕ ਲੈਣ ਦੀ ਲੋੜ ਹੈ। ਡੇਲਵੇਅਰ ਦੀ ਵਿਧਾਨ ਸਭਾ (ਰਾਜ ਸੰਘ) ਨੇ ਅਮਰੀਕਾ ਵਿੱਚ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਘੱਟ ਕਰਨ ਲਈ ਇਕ ਮਹੱਤਵਪੂਰਨ ਮਤਾ ਪਾਸ ਕਰਦਿਆਂ ਕਿਹਾ ਹੈ ਕਿ ਅਪ੍ਰੈਲ ਮਹੀਨਾ ‘ਸਿੱਖ ਪ੍ਰਸ਼ੰਸ਼ਾ ਅਤੇ ਜਾਗਰੂਕਤਾ’ ਮਹੀਨੇ ਦੇ ਰੂਪ ‘ਚ ਮਨਾਇਆ ਜਾਵੇਗਾ। ਇਹ ਫੈਸਲਾ ਉਸ ਸਮੇਂ ਕੀਤਾ ਹੈ, ਜਦੋਂ ਅਮਰੀਕਾ ‘ਚ ਭਾਰਤੀਆਂ ਨੂੰ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਪ੍ਰਸਤਾਵ ਨੂੰ ਵਿਧਾਨ ਸਭਾ ਸੰਘ ਦੇ ਦੋਵਾਂ ਸਦਨਾਂ ‘ਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਅਮਰੀਕੀ ਸੂਬੇ ਦੇ ਗਵਰਨਰ ਜਾਨ੍ਹ ਕੈਰੀ ਨੇ ਕਿਹਾ ਕਿ ਬੀਤੇ ਕੁੱਝ ਦਿਨਾਂ ਤੋਂ ਅਮਰੀਕਾ ‘ਚ ਭਾਰਤੀਆਂ ਨਾਲ ਹੋ ਰਹੇ ਹਮਲੇ ਬਿਲਕੁਲ ਵੀ ਸਵੀਕਾਰਯੋਗ ਨਹੀਂ ਹਨ ਤੇ ਸਿੱਖ ਭਾਈਚਾਰਾ ਅਮਰੀਕਾ ਲਈ ਕੀਤੇ ਗਏ ਕੰਮਾਂ ਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਦੇ ਜਜ਼ਬੇ ਲਈ ਸ਼ਲਾਘਾ ਦਾ ਪਾਤਰ ਹੈ। ਸਿੱਖਾਂ ਦੇ ਇਸ ਜਜ਼ਬੇ ਨੂੰ ਸਲਾਮ ਕਰਦੇ ਹੋਏ ਅਪ੍ਰੈਲ ਮਹੀਨਾ ‘ਸਿੱਖ ਪ੍ਰਸ਼ੰਸ਼ਾ ਅਤੇ ਜਾਗਰੂਕਤਾ’ ਮਹੀਨੇ ਦੇ ਰੂਪ ‘ਚ ਮਨਾਇਆ ਜਾ ਰਿਹਾ ਹੈ। ਇਸ ਫੈਸਲੇ ਸਬੰਧੀ ਭਾਰਤੀ ਭਾਈਚਾਰੇ ਦੇ ਆਗੂ ਚਰਨਜੀਤ ਸਿੰਘ ਮਿਨਹਾਸ ਨੇ ਠੀਕ ਕਿਹਾ ਹੈ ਕਿ ਇਹ ਫੈਸਲਾ ਅਮਰੀਕਾ ‘ਚ ਵੱਸਦੇ ਸਾਰੇ ਭਾਰਤੀਆਂ ਤੇ ਖਾਸ ਕਰ ਸਿੱਖਾਂ ਲਈ ਮੀਲਪੱਥਰ ਸਾਬਤ ਹੋਵੇਗਾ। ਇਸ ਤੋਂ ਵੀ ਅੱਗੇ ਇਹ ਫੈਸਲਾ ਅਮਰੀਕੀ ਸਿੱਖਾਂ ਦੇ ਨਾਲ-ਨਾਲ ਸਮੁੱਚੇ ਵਿਸ਼ਵ ਦੇ ਸਿੱਖਾਂ ਲਈ ਉਸ ਸਮੇਂ ਦੌਰਾਨ ਅਤਿ-ਮਹੱਤਵਪੂਰਨ ਹੈ ਜਦੋਂ ਸਮੁੱਚੇ ਵਿਸ਼ਵ ਵਿੱਚ ਫੈਲਿਆ ਸਿੱਖ ਪੰਥ ਕਲਗੀਧਰ ਪਿਤਾ ਖਾਲਸਾ ਪੰਥ ਦੇ ਬਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਸਾਲਾ ਪ੍ਰਕਾਸ਼ ਦਿਹਾੜੇ ਦੇ ਸਮਾਗਮ ਆਯੋਜਿਤ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੋਂ ਇਲਾਵਾ ਹੋਰ ਵੀ ਕਈ ਸਿੱਖ ਸੰਸਥਾਵਾਂ ਅਤੇ ਸਿੱਖ ਸਖਸ਼ੀਅਤਾਂ ਨੇ ਅਮਰੀਕੀ ਸੂਬੇ ਦੀ ਵਿਧਾਨ ਸਭਾ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਪਹਿਚਾਣ ਅਤੇ ਜਾਗਰੂਕਤਾ, ਪ੍ਰਸ਼ੰਸ਼ਾ ਵਜੋਂ ਮਨਾਉਣ ਦਾ ਸਵਾਗਤ ਕੀਤਾ ਹੈ। ਇਨ੍ਹਾਂ ਆਗੂਆਂ ਨੇ ਵੀ ਕਿਹਾ ਹੈ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਵਿਦੇਸ਼ਾਂ ਵਿੱਚ ਸਿੱਖ ਪਹਿਚਾਣ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਸਿੱਖਾਂ ਉੱਪਰ ਹੁੰਦੇ ਨਸਲੀ ਹਮਲੇ ਘਟਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਹੈ ਕਿ ਸਿੱਖ ਜਿੱਥੇ ਵੀ ਜਾਂਦੇ ਹਨ, ਆਪਣੇ ਸੱਭਿਆਚਾਰ ਅਤੇ ਸੰਸਕਾਰਾਂ ਦੀ ਅਮੀਰੀ ਕਾਰਨ ਮਨੁੱਖੀ ਹਮਦਰਦੀ, ਸੇਵਾ ਅਤੇ ਮਿਲਵਰਤਣ ਦੀ ਭਾਵਨਾ ਨਾਲ ਵਿਚਰਦੇ ਹਨ। ਪ੍ਰੋ. ਸਾਹਿਬ ਨੇ ਕਿਹਾ ਹੈ ਕਿ ਅਮਰੀਕਾ ਦੇ ਡੈਲਵੇਅਰ ਰਾਜ ਸੰਘ ਨੇ ਸਿੱਖੀ ਪਹਿਚਾਣ, ਜਾਗਰੂਕਤਾ ਤੇ ਪ੍ਰਸ਼ੰਸ਼ਾ ਵਜੋਂ ਅਪ੍ਰੈਲ ਦੇ ਮਹੀਨੇ ਨੂੰ ਮਨਾਉਣ ਦਾ ਐਲਾਨ ਕਰਕੇ ਸਿੱਖਾਂ ਦਾ ਦਿਲ ਜਿੱਤ ਲਿਆ ਹੈ। ਕਿੰਨਾ ਚੰਗਾ ਹੁੰਦਾ ਕਿ ਸਾਡੀ ਸਿੱਖ ਲੀਡਰਸ਼ਿਪ ਅਤੇ ਸਿੱਖ ਆਗੂ ਜੋ ਦੇਸ਼-ਵਿਦੇਸ਼ ਵਿੱਚ ਹਰ ਸਮੇਂ ਸਿੱਖੀ ਲਈ ਵੱਡੇ-ਵੱਡੇ ਕਾਰਜ ਕਰਨ ਦੇ ਦਾਅਵੇ ਕਰਦੇ ਰਹਿੰਦੇ ਹਨ, ਇਹ ਕਾਰਜ ਉਨ੍ਹਾਂ ਨੇ ਦੇਸ਼-ਵਿਦੇਸ਼ ਦੀਆਂ ਸਰਕਾਰਾਂ ਦੇ ਸਹਿਯੋਗ ਨਾਲ ਕੀਤੇ ਹੁੰਦੇ ਅਤੇ ਦੁਨੀਆਂ ਭਰ ਦੀਆਂ ਵੱਖ-ਵੱਖ ਕੌਮਾਂ ਦੇ ਦਿਲ ਜਿੱਤੇ ਹੁੰਦੇ। ਇਸ ਤਰ੍ਹਾਂ ਕੀਤਾ ਹੁੰਦਾ ਤਾਂ ਅੱਜ ਖਾਲਸਿਆਂ ਨੂੰ ਖਾਲਸੇ ਦੀ ਸੰਤਾਨ ਵਜੋਂ ਵਿਸ਼ਵ ਵਿੱਚ ਆਪਣੀ ਪਹਿਚਾਣ ਕਰਵਾਉਣ ਲਈ ਕਿਸੇ ਤਰ੍ਹਾਂ ਦੇ ਸ਼ਨਾਖਤੀ ਲਾਇਸੈਂਸਾਂ ਦੀ ਲੋੜ ਨਾ ਪੈਂਦੀ। ਹਾਲੇ ਵੀ ਬਹੁਤਾ ਨੁਕਸਾਨ ਨਹੀਂ ਹੋਇਆ ਹੈ, ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਹੈ। ਅਮਰੀਕਾ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਵੀ ਸਿੱਖਾਂ ਅੱਗੇ ਵੱਡੀਆਂ ਚੁਣੌਤੀਆਂ ਕਾਇਮ ਹਨ। ਜਿਸ ਤਰ੍ਹਾਂ ਅਮਰੀਕੀ ਸੂਬੇ ਡੈਲਵੇਅਰ ਦੀ ਵਿਧਾਨ ਸਭਾ ਨੇ ਸਿੱਖੀ ਪ੍ਰਚਾਰ ਦਾ ਕਾਰਜ ਉਲੀਕਿਆ ਹੈ, ਦੁਨੀਆਂ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਨੂੰ ਪ੍ਰੇਰ ਕੇ ਜਾਂ ਆਪਣੇ ਪੱਧਰ ‘ਤੇ ਇਸ ਤਰ੍ਹਾਂ ਦੇ ਕਾਰਜ ਵੱਡੀ ਪੱਧਰ ‘ਤੇ ਕੀਤੇ ਜਾ ਸਕਦੇ ਹਨ। ਸਿੱਖੀ ਦੀ ਚੜ੍ਹਦੀ ਕਲਾ ਅਤੇ ਸਿੱਖਾਂ ਦੇ ਸਭ ਤੋਂ ਵੱਖਰੇ ਅਤੇ ਨਿਆਰੇ, ਪੰਥ ਪਿਆਰੇ ਹੋਣ ਦਾ ਸੰਕਲਪ ਇਸੇ ਰਸਤੇ ਹੀ ਪੂਰਾ ਕੀਤਾ ਜਾ ਸਕਦਾ ਹੈ। ਉਮੀਦ ਹੈ ਕਿ ਸਾਡੀ ਸਿੱਖ ਲੀਡਰਸ਼ਿਪ ਅਤੇ ਸਿੱਖ ਜੱਥੇਬੰਦੀਆਂ ਇਸ ਰਾਹ ਤੁਰਨ ਬਾਰੇ ਵਿਚਾਰ ਕਰਨਗੀਆਂ।-ਅੱਜ ਦੀ ਅਵਾਜ਼

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp