Skip to content
Friday, October 30, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਫੇਸਬੁੱਕ ‘ਤੇ ਹੋਈ ਲੜਾਈ ਕੈਲੀਫੋਰਨੀਆ ਕੋਰਟ ‘ਚ ਪਹੁੰਚੀ

By Admin Published 3 min read

ਬਾਦਲ ਦਲ ਦੇ ਯੋਧੇ ਤੇ ਧਮਕੀਆਂ ਦੇਣ ‘ਤੇ ਰੀਸਟਰੇਨਿੰਗ ਆਰਡਰ ਲਾਗੂ

ਕੈਲੀਫੋਰਨੀਆ:- ਫੇਸਬੁੱਕ ‘ਤੇ ਆਪਸੀ ਝਗੜੇ ਤੇ ਦੂਸਣਬਾਜ਼ੀਆਂ ਕਈ ਵਾਰ ਇਸ ਕਰਵੱਟ ਬੈਠਦੀਆਂ ਕਿ ਤੁਸੀਂ ਸੋਚਿਆ ਵੀ ਨਹੀਂ ਕਿ ਤੁਹਾਨੂੰ ਇਸ ਲਈ ਅਦਾਲਤ ਦਾ ਮੂੰਹ ਦੇਖਣਾ ਪਵੇਗਾ ਤੇ ਸਜ਼ਾ ਦੇ ਭਾਗੀਦਾਰ ਵੀ ਹੋਵੋਗੇ। ਇਹੋ ਜਿਹੀ ਲੜਾਈ ਕੈਲੀਫੋਰਨੀਆ ਅਦਾਲਤ ‘ਚ ਪਹੁੰਚੀ ਹੈ, ਹੋਇਆ ਇੰਝ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੈਸਟ ਕੋਸਟ ਅਮਰੀਕਾ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਹੁੰਦਲ ਨੇ 30 ਮਾਰਚ, 2017 ਦੀ ਸ਼ਾਮ ਨੂੰ ਤਕਰੀਬਨ 8. 25 ਵਜੇ ਫੇਸਬੁੱਕ ‘ਤੇ ਲਾਈਵ ਵੀਡੀਓ ਪਾਈ। ਤਕਰੀਬਨ 52 ਮਿੰਟਾਂ ਦੀ ਇਸ ਵੀਡੀਓ ‘ਚ ਹੁੰਦਲ ਨੇ ਬੂਟਾ ਸਿੰਘ ਬਾਸੀ ਪਬਲਿਸ਼ਰ ‘ਸਾਂਝੀ ਸੋਚ’ ਨੂੰ ਭੰਡਿਆ ਤੇ ਉਸ ਨੂੰ ਧਮਕੀਆਂ ਦਿੱਤੀਆਂ। ਹੁੰਦਲ ਨੇ ਕੁਝ ਅਕਾਲੀ ਵਰਕਰਾਂ ਤੇ ਆਪਣੇ ਹਮਾਇਤੀਆਂ ਦੇ ਨਾਂਅ ਵੀ ਲਏ ਜਿਨ੍ਹਾਂ ਬਾਰੇ ਉਸ ਨੇ ਦਾਅਵਾ ਕੀਤਾ ਕਿ ਇਹ ਲੋਕ ਉਸ ਦੇ ਨਾਲ ਹਨ। ਉਸ ਨੇ ਬੂਟਾ ਸਿੰਘ ਬਾਸੀ ਨੂੰ ਧਮਕੀ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੇ ਯੋਧੇ ਦੇਸ਼ ਵਿਦੇਸ਼ ਵਿਚ ਬੈਠੇ ਹਨ ਜੇ ਤੂੰ ਹੁਣ ਅਕਾਲੀ ਦਲ ਵਿਰੁੱਧ ਬੋਲਿਆ ਤਾਂ ਇਹ ਯੋਧੇ ਤੈਨੂੰ ਨਜਿੱਠਣ ਲਈ ਤਿਆਰ ਬੈਠੇ ਹਨ। ਇਸ ਵੀਡੀਓ ਵਿਚ ਹੁੰਦਲ ਨੇ 19 ਮਈ, 2015 ਨੂੰ ਬੂਟਾ ਸਿੰਘ ਬਾਸੀ ਉੱਪਰ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਹੈ। ਇਸ ਉਪਰੰਤ ਬੂਟਾ ਸਿੰਘ ਬਾਸੀ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਤੇ ਵੀਡੀਓ ਦੀ ਕਾਪੀ ਆਪਣੇ ਕੋਲ ਸਾਂਭ ਲਈ। 10 ਅਪ੍ਰੈਲ, 2017 ਨੂੰ ਸੁਪੀਰੀਅਰ ਕੋਰਟ ਆਫ ਸਟੈਨਸਲਾਸ ਕਾਊਂਟੀ ਮੋਡੈਸਟੋ ‘ਚ ਰੀਸਟਰੇਨਿੰਗ ਆਰਡਰ ਲੈਣ ਲਈ ਕੇਸ ਪਾਇਆ। ਮਾਣਯੋਗ ਅਦਾਲਤ ਨੇ ਉਸ ਦਿਨ ਆਰਜ਼ੀ ਰੀਸਟਰੇਨਿੰਗ ਆਰਡਰ ਜਾਰੀ ਕਰਕੇ ਅਗਲੀ ਸੁਣਵਾਈ 2 ਮਈ, 2017 ਪਾ ਦਿੱਤੀ। ਇਸ ਉਪਰੰਤ ਸੁਣਵਾਈ 31 ਮਈ ‘ਤੇ ਪਾ ਦਿੱਤੀ। ਇਸ ਦਿਨ ਗਵਾਹੀਆਂ ਹੋਈਆਂ ਤੇ ਸਬੂਤ ਪੇਸ਼ ਕੀਤੇ ਗਏ। 6 ਜੂਨ ਨੂੰ ਫਿਰ ਗਵਾਹੀਆਂ ਹੋਈਆਂ। ਨਰਿੰਦਰ ਪਾਲ ਸਿੰਘ ਹੁੰਦਲ ਨੇ ਆਪਣੇ ਵੱਲੋਂ ਅੰਮ੍ਰਿਤਪਾਲ ਸਿੰਘ ਸੰਧੂ (ਜਿਸ ਨੂੰ ਪਹਿਲਾਂ ਹੀ ਬੂਟਾ ਸਿੰਘ ਬਾਸੀ ਨੇ 19 ਮਈ, 2015 ਨੂੰ ਆਪਣੇ ਉੱਪਰ ਹੋਏ ਹਮਲੇ ਦੇ ਮਾਮਲੇ ਵਿਚ ਧਿਰ ਬਣਾਇਆ ਹੋਇਆ ਹੈ) ਤੇ ਕੁਲਵੰਤ ਸਿੰਘ ਖਹਿਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੈਸਟ ਕੋਸਟ ਅਮਰੀਕਾ ਨੂੰ ਗਵਾਹ ਵਜੋਂ ਪੇਸ਼ ਕੀਤਾ। ਗਵਾਹਾਂ ਨੇ ਬੂਟਾ ਸਿੰਘ ਬਾਸੀ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਨ ਤੇ ਹੁੰਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਹੁੰਦਲ ਨੇ ਵੀ ਆਪਣੇ ਬਿਆਨ ਦਰਜ ਕਰਵਾਏ। ਬਾਸੀ ਵੱਲੋਂ ਪਰਮਜੀਤ ਸਿੰਘ ਦਾਖਾ ਪ੍ਰਧਾਨ ਦਲ ਖਾਲਸਾ ਅਲਾਇੰਸ ਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੈਸਟ ਕੋਸਟ ਅਮਰੀਕਾ ਨੂੰ ਗਵਾਹ ਵਜੋਂ ਪੇਸ਼ ਕੀਤਾ। ਬੂਟਾ ਸਿੰਘ ਬਾਸੀ ਨੇ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਹੁੰਦਲ ਤੇ ਉਸ ਦੇ ਸਮਰਥਕਾਂ ਕੋਲੋਂ ਆਪਣੀ ਜਾਨ ਨੂੰ ਖਤਰਾ ਦੱਸਿਆ। ਪਰਮਜੀਤ ਸਿੰਘ ਦਾਖਾ ਨੇ ਕੁਲਵੰਤ ਸਿੰਘ ਖਹਿਰਾ ਦੇ ਬਿਆਨਾਂ ਨੂੰ ਰੱਦ ਕੀਤਾ। ਮਾਣਯੋਗ ਜੱਜ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਨਣ ਉਪਰੰਤ ਬਾਸੀ ਦੇ ਪੱਖ ਨੂੰ ਸਹੀ ਮੰਨਦਿਆਂ ਨਰਿੰਦਰ ਪਾਲ ਸਿੰਘ ਹੁੰਦਲ ਉੱਪਰ 5 ਸਾਲ ਲਈ ਰੀਸਟਰੇਨਿੰਗ ਆਰਡਰ ਲਾਉਣ ਦਾ ਆਦੇਸ਼ ਸੁਣਾਇਆ, ਜਿਸ ਤਹਿਤ ਹੁੰਦਲ 100 ਯਾਰਡ (300 ਫੁੱਟ) ਦੂਰ ਰਹੇਗਾ। ਹੁੰਦਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਬਾਸੀ ਨਾਲ ਸੰਪਰਕ ਨਹੀਂ ਕਰ ਸਕੇਗਾ। ਉਹ ਈ ਮੇਲ ਜਾਂ ਫੋਨ ਨਹੀਂ ਕਰ ਸਕੇਗਾ। ਹੁੰਦਲ, ਬੂਟਾ ਬਾਸੀ ਦੀ ਕਾਰ ਜਾਂ ਘਰ ਦੇ ਨੇੜੇ ਵੀ ਨਹੀਂ ਜਾ ਸਕਦਾ। ਜੇਕਰ ਹੁੰਦਲ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਤੇ ਜੁਰਮਾਨਾ ਵੀ ਹੋ ਸਕਦਾ ਹੈ। ਜੱਜ ਨੇ ਹੁੰਦਲ ਨੂੰ ਆਪਣੇ ਕੋਲ ਰੱਖੇ ਦੋ ਹਥਿਆਰ ਵੀ ਡੀਲਰ ਕੋਲ ਜਮ੍ਹਾਂ ਕਰਵਾ ਕੇ ਅਦਾਲਤ ਵਿਚ ਸਬੂਤ ਪੇਸ਼ ਕਰਨ ਦਾ ਆਦੇਸ਼ ਵੀ ਦਿੱਤਾ ਹੈ। ਬੂਟਾ ਸਿੰਘ ਬਾਸੀ ਨੇ ਦੱਸਿਆ ਕਿ ਕੇਸ ਉੱਪਰ ਉਸ ਦੇ 6000 ਡਾਲਰ ਖਰਚ ਹੋਏ ਹਨ, ਜਿਸ ਨੂੰ ਲੈਣ ਵਾਸਤੇ ਉਹ ਅਦਾਲਤ ਵਿਚ ਦਾਅਵਾ (ਕਲੇਮ) ਦਾਇਰ ਕਰਨਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp