ਪੁਣੇ (ਏਜੰਸੀ) : ਚੰਦਰਮਾ ’ਤੇ ਚੰਦਰਯਾਨ-3 ਲੈਂਡਰ ਦੀ ਕਾਮਯਾਬ ਸਾਫਟ ਲੈਂਡਿੰਗ ਮਗਰੋਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਹੁਣ ਦੋ ਹੋਰ ਚੰਦਰਮਾ ਮਿਸ਼ਨਾਂ ਲਿਊਪੈਕਸ ਤੇ ਚੰਦਰਯਾਨ-4 ’ਤੇ ਕੰਮ ਕਰ ਰਿਹਾ ਹੈ। ਸਪੇਸ ਐਪਲੀਕੇਸ਼ਨ ਸੈਂਟਰ (ਐੱਸਏਸੀ/ਇਸਰੋ), ਅਹਿਮਦਾਬਾਦ ਦੇ ਡਾਇਰੈਕਟਰ ਨਿਲੇਸ਼ ਦੇਸਾਈ ਨੇ ਪੁਣੇ ਵਿਚ ਸ਼ੁੱਕਰਵਾਰ ਨੂੰ ਭਾਰਤੀ ਗਰਮ ਪੱਟੀ ਮੌਸਮ ਵਿਗਿਆਨ ਸੰਸਥਾ ਦੇ 62ਵੇਂ ਸਥਾਪਨਾ ਦਿਨ ਸਮਾਗਮ ਵਿਚ ਕਿਹਾ ਕਿ ਚੰਦਰਯਾਨ-3 ਮਿਸ਼ਨ ਮਗਰੋਂ ਹੁਣ ਅਸੀਂ ਜਾਪਾਨੀ ਪੁਲਾੜ ਏਜੰਸੀ ਜਾਕਸਾ ਦੇ ਸਹਿਯੋਗ ਨਾਲ ਸਾਂਝੇ ਚੰਦਰਮਾ ਧਰੁਵੀ ਖੋਜ ਮਿਸ਼ਨ ਲਿਊਪੈਕਸ ’ਤੇ ਕੰਮ ਕਰਨ ਜਾ ਰਹੇ ਹਾਂ। ਚੰਦਰਯਾਨ-3 ਮਿਸ਼ਨ ਵਿਚ ਅਸੀਂ 70 ਡਿਗਰੀ ਤੱਕ ਗਏ ਪਰ ਲਿਊਪੈਕਸ ਮਿਸ਼ਨ ਵਿਚ ਅਸੀਂ ਚੰਦਰਮਾ ਦੇ ਹਨੇਰੇ ਵਾਲੇ ਖੇਤਰ ਦਾ ਜਾਇਜ਼ਾ ਲੈਣ ਲਈ 90 ਡਿਗਰੀ ਤੱਕ ਜਾਵਾਂਗੇ। ਉਥੇ ਵੱਡਾ ਰੋਵਰ ਉਤਾਰਾਂਗੇ ਜਿਸ ਦਾ ਵਜ਼ਨ 350 ਕਿੱਲੋਗ੍ਰਾਮ ਹੈ। ਚੰਦਰਯਾਨ-3 ਰੋਵਰ ਦਾ ਵਜ਼ਨ ਸਿਰਫ਼ 30 ਕਿੱਲੋਗ੍ਰਾਮ ਸੀ।

ਚੰਦਰਯਾਨ-4 ਮਿਸ਼ਨ ਬਾਰੇ ਦੇਸਾਈ ਨੇ ਕਿਹਾ ਕਿ ਚੰਦਰਯਾਨ-3 ਦੀ ਕਾਮਯਾਬੀ ਪਿੱਛੋਂ ਪੁਲਾੜ ਪ੍ਰੋਗਰਾਮਾਂ ਬਾਰੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਸਨ ਕਿ ਅਸੀਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰੀਏ। ਅਸੀਂ ਚੰਦਰਯਾਨ-4 ਮਿਸ਼ਨ ਦੀ ਯੋਜਨਾ ਉਲੀਕੀ ਹੈ। ਇਸ ਮਿਸ਼ਨ ਵਿਚ ਅਸੀਂ ਲੈਂਡਿੰਗ ਕਰਾਂਗੇ ਤੇ ਚੰਦਰਮਾ ਦੀ ਸਤ੍ਹਾ ਤੋਂ ਮਿੱਟੀ ਤੇ ਚੱਟਾਨ ਦੇ ਸੈਂਪਲ ਲੈ ਕੇ ਵਾਪਸ ਆਵਾਂਗੇ। ਹੁਣ ਉਮੀਦ ਹੈ ਕਿ ਅਗਲੇ ਪੰਜ ਤੋਂ ਸੱਤ ਵਰਿ੍ਹਆਂ ਵਿਚ ਅਸੀਂ ਚੰਦਰਮਾ ਦੀ ਸਤ੍ਹਾ ਤੋਂ ਸੈਂਪਲ ਲਿਆਉਣ ਦੀ ਚੁਣੌਤੀ ਮੁਕੰਮਲ ਕਰ ਸਕਾਂਗੇ। ਚੰਦਰਯਾਨ-3 ਦੇ ਲੈਂਡਰ ਨੇ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ ਨੂੰ ਚੁੰਮ ਕੇ ਇਤਿਹਾਸ ਰਚਿਆ ਸੀ। ਭਾਰਤ, ਚੰਦਰਮਾ ਦੇ ਦੱਖਣੀ ਧਰੁਵ ’ਤੇ ਉਤਰਨ ਵਾਲਾ ਸੰਸਾਰ ਦਾ ਪਹਿਲਾ ਮੁਲਕ ਬਣ ਗਿਆ ਹੈ। ਹੁਣ ਤੱਕ ਅਮਰੀਕਾ, ਬੀਤੇ ਸਮਿਆਂ ਦਾ ਸੋਵੀਅਤ ਸੰਘ (ਰੂਸ) ਤੇ ਚੀਨ ਨੇ ਹੀ ਚੰਦਰਮਾ ਦੀ ਸਤ੍ਹਾ ’ਤੇ ਲੈਂਡਰ ਉਤਾਰੇ ਸਨ ਜਦਕਿ ਭਾਰਤ ਤੋਂ ਪਹਿਲਾਂ ਕੋਈ ਵੀ ਮੁਲਕ ਚੰਦਰਮਾ ਦੇ ਦੱਖਣੀ ਧਰੁਵ ’ਤੇ ਪੁੱਜ ਸਕਿਆ ਸੀ।