ਏਐਨਆਈ, ਕੋਡਾਗੂ : ਕਰਨਾਟਕ ਦੇ ਕੋਡਾਗੂ ਜ਼ਿਲੇ ਦੇ ਕੋਲ ਕਾਗਗੋਡਲੂ ਪਿੰਡ ‘ਚ ਮਾਂ-ਬਾਪ ਅਤੇ ਬੇਟੀ ਨੇ ਖੁਦਕੁਸ਼ੀ ਕਰ ਲਈ ਹੈ। ਤਿੰਨੋਂ ਸ਼ਨੀਵਾਰ ਸਵੇਰੇ ਕਾਗਗੋਡਲੂ ਪਿੰਡ ਦੇ ਰਿਜ਼ੋਰਟ ਵਿੱਚ ਮ੍ਰਿਤਕ ਪਾਏ ਗਏ। ਜੋੜੇ ਨੇ ਕਥਿਤ ਤੌਰ ‘ਤੇ ਆਪਣੀ ਧੀ ਦਾ ਕਤਲ ਕੀਤਾ ਫਿਰ ਦੋਵਾਂ ਨੇ ਖੁਦਕੁਸ਼ੀ ਕਰ ਲਈ।

ਆਰਥਿਕ ਤੰਗੀ ਕਾਰਨ ਪਤੀ-ਪਤਨੀ ਨੇ ਇਹ ਕਦਮ ਚੁੱਕਿਆ

ਸਮਾਚਾਰ ਸਰੋਤ ਅਨੁਸਾਰ ਕੇਰਲ ਦੇ ਕੋਲਮ ਦਾ ਰਹਿਣ ਵਾਲਾ 43 ਸਾਲਾ ਵਿਨੋਦ ਬਾਬੂਸੇਨਨ ਆਪਣੀ 38 ਸਾਲਾ ਪਤਨੀ ਜੀਬੀ ਅਬ੍ਰਾਹਮ ਤੇ ਉਨ੍ਹਾਂ ਦੀ ਧੀ ਜੇਨ ਮਾਰੀਆ ਜੈਕਬ ਦੇ ਨਾਲ ਰਿਜ਼ੋਰਟ ਵਿੱਚ ਮ੍ਰਿਤਕ ਪਾਏ ਗਏ। ਪੁਲਿਸ ਨੇ ਸੁਸਾਈਡ ਨੋਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਰਥਿਕ ਤੰਗੀ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਇਹ ਜੋੜਾ ਕੋਲਮ ਦੇ ਕੋਲ ਕਾਰੋਬਾਰ ਚਲਾ ਰਿਹਾ ਸੀ।

ਰਿਜ਼ੋਰਟ ’ਚ ਤਿੰਨੋਂ ਖੁਸ਼ ਨਜ਼ਰ ਆ ਰਹੇ ਸਨ: ਰਿਜ਼ੋਰਟ ਸਟਾਫ

ਪੁਲਿਸ ਨੇ ਅੱਗੇ ਦੱਸਿਆ, “ਇਹ ਤਿੰਨੋਂ ਇੱਕ SUV ਵਿੱਚ ਰਿਜ਼ੋਰਟ ਪਹੁੰਚੇ ਸਨ। ਕੁਝ ਦੇਰ ਆਰਾਮ ਕਰਨ ਤੋਂ ਬਾਅਦ ਪਰਿਵਾਰ ਵਾਲੇ ਰਿਜ਼ੋਰਟ ਵਿੱਚ ਸੈਰ ਕਰਨ ਲਈ ਨਿਕਲੇ। ਰਿਜ਼ੋਰਟ ਦੇ ਮੈਨੇਜਰ ਆਨੰਦ ਨੇ ਦੱਸਿਆ ਕਿ ਤਿੰਨੋਂ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਵਿਨੋਦ ਨੇ ਰਿਜ਼ੋਰਟ ਦੇ ਸਟਾਫ਼ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਸਵੇਰੇ 10 ਵਜੇ ਚੈੱਕ ਆਊਟ ਕਰਨਾ ਸੀ ਪਰ ਜਦੋਂ ਉਹ ਨਹੀਂ ਆਏ ਤਾਂ ਸਟਾਫ ਉਨ੍ਹਾਂ ਦੀ ਜਾਂਚ ਕਰਨ ਲਈ ਚਲਾ ਗਿਆ।

ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ

ਜਦੋਂ ਰਿਜ਼ੋਰਟ ਦੇ ਸਟਾਫ਼ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਕਮਰੇ ਵਿੱਚੋਂ ਕੋਈ ਆਵਾਜ਼ ਨਹੀਂ ਆਈ। ਇਸ ਤੋਂ ਤੁਰੰਤ ਬਾਅਦ ਰਿਜ਼ੋਰਟ ਨੇ ਮਡੀਕੇਰੀ ਰੂਰਲ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਦਰਵਾਜ਼ਾ ਖੋਲ੍ਹਣ ਤੋਂ ਬਾਅਦ ਤਿੰਨੋਂ ਮ੍ਰਿਤਕ ਪਾਏ ਗਏ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।