ਆਟੋ ਡੈਸਕ, ਨਵੀਂ ਦਿੱਲੀ: ਟਰੱਕ ਚਾਲਕਾਂ ਦੀ ਸੁਵਿਧਾਲਈ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਅਕਤੂਬਰ 2025 ਤੋਂ ਬਣਨ ਵਾਲੇ ਟਰੱਕਾਂ ਦੇ ਕੈਬਿਨਾਂ ਵਿੱਚ ਏਅਰਕੰਡੀਸ਼ਨਰ (AC) ਲਗਵਾਉਣਾ ਜ਼ਰੂਰੀ ਕਰ ਦਿੱਤਾ ਹੈ। ਮੰਤਰਾਲੇ ਵੱਲੋ. ਜਾਰੀ ਨੋਟੀਫਿਕੇਸ਼ਨ ਅਨੁਸਾਰ, ਇਕ ਅਕਤੂਬਰ 2025 ਜਾਂ ਇਸ ਤੋਂ ਬਾਅਦ ਬਣਨ ਵਾਲੇ ਐੱਨ-2 ਅਤੇ ਐੱਨ-3 ਸ਼੍ਰੇਣੀ ਦੇ ਵਾਹਨਾਂ ਦੇ ਕੈਬਨਿਾਂ ਵਿੱਚ ਏਸੀ ਲਗਾਉਣਾ ਹੋਵੇਗਾ।

ਸੜਕ ਆਵਜਾਈ ਮੰਤਰੀ ਨਿਤਿਨ ਗਡਕਰੀ ਨੇ ਇਸੇ ਵਰ੍ਹੇ ਜੁਲਾਈ ਵਿੱਚ ਹੀ ਟਰੱਕ ਚਾਲਕਾਂ ਲਈ ਕੈਬਿਨ ਵਿੱਚ ਏਸੀ ਲਗਵਾਉਣ ਨੂੰ ਜ਼ਰੂਰੀ ਬਣਾਏ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ ਸੀ। ਕੇਂਦਰੀ ਮੰਤਰੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਮਾਲ ਢੁਲਾਈ ਵਿੱਚ ਟਰੱਕ ਚਾਲਕ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹੇ ਵਿੱਚ ਉਨ੍ਹਾਂ ਦੇ ਕੰਮਕਾਜ ਦੇ ਹਾਲਾਤ ਅਤੇ ਮਨੋਦਸ਼ਾ ਨੂੰ ਠੀਕ ਰੱਖਣ ਲਈ ਇਸ ‘ਤੇ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਜਲਦ ਹੀ ਟਰੱਕਾਂ ਦੇ ਕੈਬਿਨ ਵਿੱਚ ਏਸੀ ਦੇਣਾ ਜ਼ਰੂਰੀ ਕਰਨ ਦੀ ਗੱਲ ਆਖੀ ਸੀ। ਕੇਂਦਰੀ ਮੰਤਰੀ ਨੇ ਕਿਹਾ ਸੀ ਕਿ ਕੁਝ ਲੋਕ ਲਾਗਤ ਵਿੱਚ ਵਾਧੇ ਦਾ ਹਵਾਲਾ ਦੇ ਕੇ ਟਰੱਕਾਂ ਦੇ ਕੈਬਿਨ ਵਿੱਚ ਏਸੀ ਲਗਾਏ ਜਾਣ ਦਾ ਵਿਰੋਧ ਕਰ ਰਹੇ ਸਨ।

ਇਸ ਤੋਂ ਪਹਿਲਾਂ ਆਪਣੇ ਬਿਆਨ ਵਿੱਚ ਨਿਤਿਨ ਗਡਕਰੀ ਨੇ ਜੁਲਾਈ ਵਿੱਚ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਐੱਨ2 ਅਤੇ ਐੱਨ3 ਕੈਟਾਗਰੀ ਨਾਲ ਸਬੰਧਿਤ ਟਰੱਕਾਂ ਦੇ ਕੈਬਿਨ ਵਿੱਚ ਏਸੀ ਸਿਸਟਮ ਨੂੰ ਜ਼ਰੂਰੀ ਕਰਨ ਲਈ ਖਰੜਾ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਟਰੱਕ ਚਾਲਕ ਸੜਕ ਸੁਰੱਖਿਆ ਨਿਸ਼ਚਿਤ ਕਰਨ ਲਈ ਆਰਾਮਦਾਇਕ ਕੰਮਕਾਜੀ ਸਥਿਤੀਆਂ ਪ੍ਰਦਾਨ ਕਰਨ ਵਿੱਚ ਇਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਵੇਗਾ, ਜਿਸ ਨਾਲ ਉਨ੍ਹਾਂ ਦੀ ਮੁਹਾਰਤ ਵਿੱਚ ਸੁਧਾਰ ਹੋਵੇਗਾ ਅਤੇ ਡਰਾਈਵਰ ਦੀ ਥਕਾਵਟ ਦੀ ਸਮੱਸਿਆ ਦਾ ਹੱਲ ਹੋਵੇਗਾ।