ਦਲਵਿੰਦਰ ਸਿੰਘ ਰਛੀਨ, ਰਾਏਕੋਟ : ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪੋ੍. ਗੁਰਭਜਨ ਸਿੰਘ ਗਿੱਲ ਨੇ ਅਮਰੀਕਾ ਤੇ ਕੈਨੇਡਾ ਤੋਂ ਪੰਜਾਬ ਫੇਰੀ ‘ਤੇ ਆਏ ਪ੍ਰਵਾਸੀ ਪੰਜਾਬੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਆਪਣੇ ਜੱਦੀ ਪਿੰਡਾਂ ਵਿੱਚ ਆਪਣੇ ਪੁਰਖਿਆਂ ਦੀ ਯਾਦ ਵਿੱਚ ਜਾਂ ਦੇਸ਼ ਭਗਤਾਂ ਦੇ ਨਾਮ ‘ਤੇ ਲਾਇਬੇ੍ਰਰੀਆਂ ਸਥਾਪਿਤ ਕਰਨ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸ਼ਹਿਰ ਫ਼ਰਿਜ਼ਨੇ ਤੋਂ ਆਏ ਲੁਧਿਆਣਾ ਜ਼ਿਲ੍ਹੇ ਦੇ ਪ੍ਰਵਾਸੀ ਪੰਜਾਬੀ ਕਾਰੋਬਾਰੀ ਸੁਰਜੀਤ ਸਿੰਘ ਬਸਰਾ (ਬਸਰਾਉਂ), ਸਾਨਫਰਾਂਸਿਸਕੋ ਤੋਂ ਆਏ ਸੁਖਦੇਵ ਸਿੰਘ ਗਰੇਵਾਲ (ਆਂਡਲੂ), ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਆਏ ਜਗਪਾਲ ਸਿੰਘ ਪਾਲੀ ਿਢੱਲੋਂ (ਘੁੰਗਰਾਣਾ) ਅਤੇ ਸਰੀ ਤੋਂ ਆਏ ਕੁਲਦੀਪ ਸਿੰਘ ਗਿੱਲ (ਮਕਸੂਦੜਾ) ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਦਾ ਆਦੇਸ਼ ਸ਼ਬਦ ਗੁਰੂ ਪ੍ਰਕਾਸ਼ ਹੈ। ਹਰ ਪੰਜਾਬੀ ਦੇ ਘਰ ਵਿੱਚ ਸ਼ਰਾਬ ਦੀ ਬਾਰ ਦੀ ਥਾਂ ਪੁਸਤਕਾਂ ਦੀ ਬਾਰ ਬਣਨੀ ਚਾਹੀਦੀ ਹੈ। ਉਨ੍ਹਾਂ ਕੁਲਦੀਪ ਸਿੰਘ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ 2007 ਵਿੱਚ ਆਪਣੇ ਪਿੰਡ ਮਕਸੂਦੜਾ (ਲੁਧਿਆਣਾ) ਵਿਖੇ ਸ਼ਹੀਦ ਭਗਤ ਸਿੰਘ ਲਾਇਬੇ੍ਰਰੀ ਦੀ ਸਥਾਪਨਾ ਕੀਤੀ ਹੀ ਸੀ ਅਤੇ ਹੁਣ 16 ਦਸੰਬਰ ਨੂੰ ਪੰਜਾਬੀ ਸਾਹਿਤ ਸਭਾ ਮਕਸੂਦੜਾ ਵੱਲੋਂ ਲੇਖਕਾਂ ਦਾ ਇਕੱਠ ਤੇ ਕਵੀ ਦਰਬਾਰ ਕਰਵਾ ਰਹੇ ਹਨ। ਇਸ ਨਾਲ ਪਿੰਡਾਂ ਵਿੱਚ ਸਾਹਿਤਕ ਲਹਿਰ ਦਾ ਪਸਾਰ ਹੋਵੇਗਾ। ਇਸ ਕਿਸਮ ਦੀਆਂ ਸਰਗਰਮੀਆਂ ਬਾਕੀ ਪ੍ਰਵਾਸੀ ਪੰਜਾਬੀਆਂ ਨੂੰ ਆਪੋ-ਆਪਣੇ ਪਿੰਡਾਂ ‘ਚ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਚਾਰੇ ਪ੍ਰਵਾਸੀ ਪੰਜਾਬੀਆਂ ਨੇ ਆਪੋ-ਆਪਣੇ ਪਿੰਡਾਂ ‘ਚ ਇਹ ਕਾਰਜ ਕਰਨ ਦੀ ਹਾਮੀ ਭਰੀ ਅਤੇ ਸੁਖਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਉਹ ਆਪਣੇ ਪਿੰਡ ਆਂਡਲੂ ਵਿੱਚ ਸਕੂਲ ਦੀ ਇਮਾਰਤ ਵਿੱਚ ਵਾਧੇ ਦੀ ਸੇਵਾ ਕਰਵਾ ਰਹੇ ਹਨ ਅਤੇ ਸਕੂਲ ਨੂੰ ਬਾਰ੍ਹਵੀਂ ਪੱਧਰ ਦਾ ਕਰਵਾਉਣ ਲਈ ਵੀ ਯਤਨ ਕਰ ਰਹੇ ਹਨ। ਇਸ ਤੋਂ ਅਗਲਾ ਪ੍ਰਰਾਜੈਕਟ ਉਹ ਲਾਇਬ੍ਰੇਰੀ ਚਾਲੂ ਕਰਨ ਵੱਲ ਆਰੰਭਣਗੇ। ਇਸ ਮੌਕੇ ਪੋ੍. ਗੁਰਭਜਨ ਸਿੰਘ ਗਿੱਲ ਨੇ ਚਾਰੇ ਪ੍ਰਵਾਸੀ ਪੰਜਾਬੀਆਂ ਨੂੰ ਅਪਣੀ ਗ਼ਜ਼ਲ ਪੁਸਤਕ ‘ਰਾਵੀ’ ਭੇਟ ਕਰ ਕੇ ਸਨਮਾਨਿਤ ਕੀਤਾ।