ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ
ਪਿਛਲੇ ਕੁਝ ਦਿਨਾਂ ਤੋਂ ਝੋਨੇ ਦੀ ਫ਼ਸਲ ‘ਤੇ ਪੱਤਾ ਲਪੇਟ ਸੁੰਡੀ ਨੇ ਜ਼ਬਰਦਸਤ ਹਮਲਾ ਕਰ ਦਿੱਤਾ ਹੈ ਜਿਸ ਨਾਲ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਬਣ ਰਿਹਾ ਹੈ। ਝੋਨੇ ਦੀ ਫ਼ਸਲ ‘ਤੇ ਦਵਾਈ ਦੀ ਲੋੜ ਅਤੇ ਮਾਤਰਾ ਦੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਖੇਤਾਂ ਵਿਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸਤੰਬਰ ਮਹੀਨੇ ਵਿਚ ਇਕਦਮ ਗਰਮੀ ਉਪਰੰਤ ਝੋਨੇ ਦੀ ਫ਼ਸਲ ਉੱਤੇ ਸੁੰਡੀ ਦੇ ਹਮਲੇ ਵਿਚ ਭਾਰੀ ਵਾਧਾ ਹੋਇਆ ਹੈ। ਬਿਮਾਰੀ ਦੀ ਮਾਰ ਹੇਠ ਜ਼ਿਆਦਾਤਰ ਇਲਾਕਾ ਉਹ ਆਇਆ ਹੈ ਜਿੱਥੇ ਪਿਛਲੇ ਸਮੇਂ ਦੌਰਾਨ ਘੱਗਰ ਦਰਿਆ ਵਿੱਚ ਆਏ ਹੜ ਨੇ ਭਾਰੀ ਤਬਾਹੀ ਕੀਤੀ ਸੀ। ਫਸਲ ਖਰਾਬ ਹੋ ਜਾਣ ਮਗਰੋਂ ਕਿਸਾਨਾਂ ਵੱਲੋਂ ਦੁਬਾਰਾ ਲਗਾਏ ਗਏ ਝੋਨੇ ਦੀ ਉਮਰ ਹਾਲੇ 35 ਤੋਂ 45 ਦਿਨਾਂ ਦੇ ਵਿਚਕਾਰ ਹੈ। ਝੋਨੇ ਦੇ ਪੌਦੇ ਨਰਮ ਹੋਣ ਕਰਕੇ ਬਿਮਾਰੀ ਦੀ ਮਾਰ ਹੇਠ ਵੱਧ ਰਹੇ ਹਨ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਸਮਾਣਾ ਸਤੀਸ਼ ਚੌਧਰੀ ਨੇ ਪਿੰਡ ਦੇਧਨਾਂ ਵਿਖੇ ਝੋਨੇ ਦੇ ਖੇਤਾਂ ਦਾ ਮੁਆਇਨਾ ਕਰਨ ਮੌਕੇ ਦੱਸਿਆ ਕਿਸਾਨਾਂ ਵੱਲੋਂ ਕੀਤੇ ਫੋਨਾਂ ਤੇ ਤਰੁੰਤ ਕਾਰਵਾਈ ਕਰਦਿਆਂ ਆਪਣੇ ਹੋਰ ਖੇਤੀਬਾੜੀ ਮੁਲਾਜ਼ਮਾਂ ਨਾਲ ਲਗਾਤਾਰ ਕਿਸਾਨਾਂ ਦੇ ਖੇਤਾਂ ਵਿੱਚ ਮੁਆਇਨਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੂੰ ਦਵਾਈ ਦੀ ਲੋੜ ਅਤੇ ਮਾਤਰਾ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਕੀਟਨਾਸ਼ਕ ਦਵਾਈਆਂ ਹੀ ਵਰਤੋਂ ਵਿੱਚ ਲਿਆਉਣ ਅਤੇ ਆਪਣੀ ਮਰਜ਼ੀ ਨਾਲ ਵਾਧੂ ਜ਼ਹਿਰ ਦਾ ਿਛੜਕਾਅ ਨਾ ਕਰਨ। ਕਿਸਾਨ ਸਹੀ ਮਾਤਰਾ ਦਵਾਈ ਪਾਉਣ ਅਤੇ ਦਵਾਈ ਕੰਪਨੀ ਵੱਲੋਂ ਸਿਫਾਰਸ਼ ਪਾਣੀ ਦੀ ਮਾਤਰਾ ਜ਼ਰੂਰ ਵਰਤਣ। ਇਸਦੇ ਨਾਲ ਹੀ ਕਿਸਾਨਾਂ ਨੂੰ ਸਲਾਹ ਦਿੱਤੀ ਕੇ ਸਪਰੇਅ ਕਰਦੇ ਵਕਤ ਦਵਾਈ ਦਾ ਛਣਕਾ ਚੰਗੀ ਤਰਾਂ੍ਹ ਕੀਤਾ ਜਾਵੇ ਕਿਉਂਕਿ ਕਈ ਵਾਰ ਸਹੀ ਸਪਰੇਅ ਨਾ ਹੋਣ ਕਾਰਨ ਖੇਤਾਂ ਵਿੱਚ ਥਾਂ ਰਹਿ ਜਾਂਦੀ ਹੈ ਜਿਥੇ ਦਵਾਈ ਅਸਰ ਨਹੀਂ ਕਰਦੀ ਹੈ ਅਤੇ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਉਨਾਂ੍ਹ ਨਾਲ ਖੇਤੀਬਾੜ੍ਹੀ ਮੁਲਾਜ਼ਮ ਗੁਰਵਿੰਦਰ ਸਿੰਘ, ਜਤਿੰਦਰ ਸਿੰਘ ਅਤੇ ਕਿਸਾਨ ਮੌਜੂਦ ਸਨ।



