ਵਿਕਾਸ ਮਿਸ਼ਰਾ, ਲਖਨਊ : ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ ਵਿਚ ਆਸਟ੍ਰੇਲੀਆ ਤੇ ਸ੍ਰੀਲੰਕਾ ਦੇ ਵਿਚਾਲੇ ਸੋਮਵਾਰ ਨੂੰ ਮੁਕਾਬਲਾ ਖੇਡਿਆ ਜਾਵੇਗਾ। ਦੋਵੇਂ ਟੀਮਾਂ ਨੇ ਹੁਣ ਤੱਕ ਵਿਸ਼ਵ ਕੱਪ ਵਿਚ ਦੋ-ਦੋ ਮੈਚ ਖੇਡੇ ਹਨ ਪਰ ਕੋਈ ਵੀ ਟੀਮ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ। ਇਸ ਅਹਿਮ ਮੁਕਾਬਲੇ ਵਿਚ ਦੋਵੇਂ ਟੀਮਾਂ ਜਿੱਤ ਲਈ ਪੂਰੀ ਜਾਨ ਲਗਾ ਦੇਣਗੀਆਂ। ਆਸਟ੍ਰੇਲੀਆ ਜਾਂ ਸ੍ਰੀਲੰਕਾ ਵਿਚ ਜੋ ਵੀ ਟੀਮ ਇਥੇ ਹਾਰੇਗੀ ਉਸ ਦੇ ਲਈ ਅੱਗੇ ਦਾ ਰਾਹ ਔਖਾ ਹੋ ਜਾਵੇਗਾ। ਅਜਿਹੇ ਵਿਚ ਇਕ ਰੋਚਕ ਮੁਕਾਬਲਾ ਹੋਣ ਦੀ ਪੂਰੀ ਉਮੀਦ ਹੈ।
ਆਸਟ੍ਰੇਲੀਆ ਮਜ਼ਬੂਤ ਪਰ ਸ੍ਰੀਲੰਕਾ ਵੀ ਘੱਟ ਨਹੀਂ
ਆਸਟ੍ਰੇਲੀਆ ਨੂੰ ਹਮਲਾਵਰ ਟੀਮ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਪਰ ਇਸ ਵਾਰ ਉਸ ਵਿਚ ਇਹ ਗੱਲ ਨਹੀਂ ਦਿਖ ਰਹੀ। ਬੱਲੇਬਾਜ਼ੀ ਦੇ ਨਾਲ ਗੇਂਦਬਾਜ਼ੀ ਹਮਲਾਵਰ ਵੀ ਕਾਫੀ ਕਮਜ਼ੋਰ ਹੈ। ਕਪਤਾਨ ਤੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੋ ਮੈਚ ਵਿਚ ਸਿਰਫ ਇਕ ਹੀ ਵਿਕਟ ਲੈ ਸਕਿਆ ਹੈ। ਪਹਿਲੇ ਦੋਵੇਂ ਹੀ ਮੈਚ ਵਿਚ ਆਸਟ੍ਰੇਲੀਆ ਦੀ ਬੱਲੇਬਾਜ਼ੀ ਬਹੁਤ ਖਰਾਬ ਰਹੀ। ਇਥੇ ਹੀ ਨਹੀਂ ਫੀਲਡਿੰਗ ਵਿਚ ਵੀ ਟੀਮ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ। ਅਜਿਹੇ ਵਿਚ ਸ੍ਰੀਲੰਕਾ ਤੋਂ ਅਹਿਮ ਮੈਚ ਵਿਚ ਜੇਕਰ ਉਸ ਨੂੰ ਜਿੱਤ ਦਰਜ ਕਰਨੀ ਹੈ ਤਾਂ ਬੱਲੇਬਾਜ਼ੀ ਦੇ ਨਾਲ ਫੀਲਡਿੰਗ ਵਿਚ ਵੀ ਸੁਧਾਰ ਕਰਨਾ ਹੋਵੇਗਾ। ਕਾਗਜ਼ ’ਤੇ ਭਾਵੇਂ ਹੀ ਆਸਟ੍ਰੇਲੀਆ ਮਜ਼ਬੂਤ ਹੈ ਪਰ ਸ੍ਰੀਲੰਕਾਈ ਟੀਮ ਘੱਟ ਨਹੀਂ ਹੈ। ਪਿਛਲੇ ਸਾਲ ਜੂਨ ਵਿਚ ਆਸਟ੍ਰੇਲੀਆ ਦੀ ਟੀਮ ਸ੍ਰੀਲੰਕਾ ਦੌਰੇ ’ਤੇ ਗਈ ਸੀ। ਦੋਵੇਂ ਦੇਸ਼ਾਂ ਦੇ ਵਿਚਾਲੇ ਪੰਜ ਵਨਡੇ ਖੇਡੇ ਗਏ ਜਿਸ ਵਿਚ ਸ੍ਰੀਲੰਕਾ 3-2 ਨਾਲ ਜੇਤੂ ਰਹੀ ਸੀ।
ਵਿਸ਼ਵ ਕੱਪ ’ਚ ਆਸਟ੍ਰੇਲੀਆ ਦਾ ਰਿਕਾਰਡ ਬਿਹਤਰ
ਗਲੋਬਲ ਟੂਰਨਾਮੈਂਟ ਵਿਚ ਰਿਕਾਰਡ ’ਤੇ ਧਿਆਨ ਦਿੱਤਾ ਜਾਵੇ ਤਾਂ ਸ੍ਰੀਲੰਕਾ ਦੀ ਤੁਲਨਾ ਵਿਚ ਆਸਟ੍ਰੇਲੀਆ ਕਾਫੀ ਮਜ਼ਬੂਤ ਹੈ। ਕ੍ਰਿਕਟ ਦੇ ਮਹਾਕੁੰਭ ਵਿਚ ਦੋਵੇਂ ਟੀਮਾਂ ਅਜੇ ਤੱਕ 11 ਵਾਰ ਭਿੜ ਚੁੱਕੀਆਂ ਹਨ ਜਿਸ ਵਿਚ ਕੰਗਾਰੂ ਟੀਮ ਅੱਠ ਵਾਰ ਤੇ ਸ੍ਰੀਲੰਕਾ ਸਿਰਫ ਦੋ ਜਿੱਤੀ ਹੈ। ਇਕ ਮੈਚ ਦਾ ਨਤੀਜਾ ਨਹੀਂ ਨਿਕਲਿਆ।
ਟੀਮਾਂ
ਆਸਟ੍ਰੇਲੀਆ : ਪੈਟ ਕਮਿੰਸ (ਕਪਤਾਨ), ਡੈਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵ ਸਮਿੱਥ, ਮਾਰਨਸ ਲਾਬੁਸ਼ੇਨ, ਜੋਸ਼ ਇੰਗਲਿਸ (ਵਿਕਟਕੀਪਰ), ਗਲੇਨ ਮੈਕਸਵੈੱਲ, ਮਾਰਕਸ ਸਟੋਈਨਿਸ, ਮਿਸ਼ੇਲ ਸਟਾਰਕ, ਜੋਸ਼ ਹੈਜਲਵੁੱਡ, ਐਲੇਕਸ ਕੈਰੀ, ਸੀਨ ਏਬਾਟ, ਕੈਮਰਨ ਗ੍ਰੀਨ, ਐਡਮ ਜ਼ਾਂਪਾ ਤੇ ਐਸਟਨ ਆਗਰ।
ਸ੍ਰੀਲੰਕਾ : ਕੁਸਲ ਮੈਂਡਿਸ (ਕਪਤਾਨ), ਪਾਥੁਮ ਨਿਸਾਂਕਾ, ਕੁਸਲ ਪਰੇਰਾ, ਸਦੀਰਾ ਸਮਰਵਿਕਰਮਾ, ਚਰਿਥ ਅਸਲੰਕਾ, ਧਨੰਜਯ ਡੀ ਸਿਲਵਾ, ਦੁਨਿਥ ਵੇਲਾਲਾਗੇ, ਚਮਿਕਾ ਕਰੂਣਾਰਤਨੇ, ਮਹੇਸ਼ ਤੀਕਸ਼ਣਾ, ਕਾਸੁਨ ਰਜਿਥਾ, ਦਿਲਸ਼ਾਨ ਮਦੁਸ਼ਾਂਕਾ, ਦਿਮੁਥ ਕਰੁਣਾਰਤਨੇ, ਦੁਸ਼ਾਨ ਹੇਮੰਤਾ, ਲਾਹਿਰੂ ਕੁਮਾਰਾ ਤੇ ਮਥੀਸ਼ਾ ਪਥਿਰਾਨਾ।



