ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ : ਸਵੱਛ ਭਾਰਤ ਮੁਹਿੰਮ ਤਹਿਤ ਇਤਿਹਾਸਕ ਸ਼ਹਿਰ ਮਾਛੀਵਾੜਾ ਨੂੰ ਸਾਫ਼ ਰੱਖਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨਗਰ ਕੌਂਸਲ ਵੱਲੋਂ ਲਗਾਏ ਗਏ ਕੈਂਪ ‘ਚ ਉਚੇਚੇ ਤੌਰ ‘ਤੇ ਪੁੱਜੇ ਰੀਨਾ ਚੱਢਾ ਨੇ ਲੋਕਾਂ ਤੇ ਸਫ਼ਾਈ ਕਰਮਚਾਰੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਉਹ ਗਿੱਲਾ ਤੇ ਸੁੱਕਾ ਕੂੜਾ ਵੱਖ ਰੱਖਣ।

ਉਨ੍ਹਾਂ ਕਿਹਾ ਵੱਖ ਕੀਤੇ ਕੂੜੇ ਤੋਂ ਖਾਦ ਬਣਾਈ ਜਾ ਸਕਦੀ ਹੈ ਜੋ ਕਿ ਬਾਗਬਾਨੀ ਤੇ ਖੇਤੀ ‘ਚ ਕੰਮ ਆਉਂਦੀ ਹੈ। ਉਨ੍ਹਾਂ ਕਿਹਾ ਕੂੜਾ ਖੁੱਲ੍ਹੇ ‘ਚ ਨਾ ਸੁੱਟਣ ਕਿਉਂਕਿ ਇਸ ਨਾਲ ਪ੍ਰਦੂਸ਼ਣ ਫੈਲਦਾ ਹੈ। ਇਸ ਮੌਕੇ ਸਫ਼ਾਈ ਕਰਮਚਾਰੀਆਂ ਨੂੰ ਸੁਰੱਖਿਆ ਜੈਕੇਟਾਂ, ਦਸਤਾਨੇ, ਮਾਸਕ ਵੀ ਵੰਡੇ ਗਏ। ਕੈਂਪ ‘ਚ ਪੁੱਜੇ ਬਾਵਾ ਵਰਮਾ ਨੇ ਦੱਸਿਆ ਕੂੜੇ ਕਰਕਟ ‘ਚ ਸੁੱਟਿਆ ਗਿਆ ਪਲਾਸਟਿਕ ਪ੍ਰਦੂਸ਼ਣ ਫੈਲਾਉਂਦਾ ਹੈ ਜਿਸ ਲਈ ਇਸ ਨੂੰ ਵੱਖ ਰੱਖਿਆ ਜਾਵੇ ਤਾਂ ਜੋ ਇਸ ਨੂੰ ਮੁੜ ਵਰਤੋਂ ‘ਚ ਲਿਆਂਦਾ ਜਾ ਸਕੇ। ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ ਨੇ ਕਿਹਾ ਸਵੱਛ ਭਾਰਤ ਮੁਹਿੰਮ ਤਹਿਤ ਲੋਕ ਆਪਣਾ ਆਲਾ-ਦੁਆਲਾ ਸਾਫ਼ ਰੱਖਣ।

ਉਨ੍ਹਾਂ ਕਿਹਾ ਦਿਨ-ਬ-ਦਿਨ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਦਾ ਜਾ ਰਿਹਾ ਹੈ ਜਿਸ ਦੀ ਸਾਂਭ-ਸੰਭਾਲ ਲਈ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ। ਇਸ ਮੌਕੇ ਬ੍ਾਂਡ ਅੰਬੈਸਡਰ ਦਲੀਪ ਸਿੰਘ ਮੱਲ੍ਹੀ, ਸੁਖਦੇਵ ਸਿੰਘ ਬਿੱਟੂ, ਭੁਪਿੰਦਰ ਸਿੰਘ ਵੀ ਮੌਜੂਦ ਸਨ।