ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ

ਜਨਰਲ ਸਕੱਤਰ,

ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ।

ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ ਸਥਾਪਿਤ ਕਰਨ ਅਤੇ ਸ਼ਬਦ ਕੀਰਤਨ ਰਾਹੀਂ ਇਸ ਨੂੰ ਦੇਸ਼-ਵਿਦੇਸ਼ ਤੱਕ ਪਹੁੰਚਾਉਣ ਲਈ ਲਗਭਗ ਸਾਢੇ ਚਾਰ ਦਹਾਕਿਆਂ ਤੋਂ ਨਿਰੰਤਰ ਕਾਰਜ ਕਰ ਰਹੇ ਪ੍ਰਸਿੱਧ ਗੁਰਮਤਿ ਸੰਗੀਤ ਵਿਦਵਾਨ, ਕੀਰਤਨੀਏ ਅਤੇ ਸ਼੍ਰੋਮਣੀ ਰਾਗੀ ਡਾ. ਗੁਰਨਾਮ ਸਿੰਘ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਸ਼੍ਰੋਮਣੀ ਕੀਰਤਨੀਏ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਦਿੱਤੇ ਗਏ ਇਸ ਸਨਮਾਨ ਦੇ ਨਾਲ ਡਾ. ਗੁਰਨਾਮ ਸਿੰਘ ਨੂੰ 11 ਲੱਖ ਰੁਪਏ ਦੀ ਦਰਸ਼ਨ ਭੇਟਾ ਵੀ ਪ੍ਰਦਾਨ ਕੀਤੀ ਗਈ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ, ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਅਤੇ ਹੋਰ ਪ੍ਰਮੁੱਖ ਪੰਥਕ ਸ਼ਖ਼ਸੀਅਤਾਂ ਮੌਜੂਦ ਸਨ। ਸਨਮਾਨ ਸਮੇਂ ਡਾ. ਗੁਰਨਾਮ ਸਿੰਘ ਨੂੰ ਸਿਰੋਪਾਓ, ਐਵਾਰਡ ਅਤੇ 11 ਲੱਖ ਰੁਪਏ ਦੀ ਦਰਸ਼ਨ ਭੇਟਾ ਨਾਲ ਨਿਵਾਜਿਆ ਗਿਆ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਡਾ. ਗੁਰਨਾਮ ਸਿੰਘ ਦੇ ਨਾਮ ’ਤੇ ਜਾਰੀ ਕੀਤੀ ਗਈ ਵਿਸ਼ੇਸ਼ ਸਾਈਟੇਸ਼ਨ ਉਨ੍ਹਾਂ ਦੀਆਂ ਸੇਵਾਵਾਂ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਕੇ ਸਾਹਮਣੇ ਆਈ। ਇਸ ਵਿੱਚ ਉਨ੍ਹਾਂ ਨੂੰ “ਵਿਸ਼ਵ ਪ੍ਰਸਿੱਧ ਗੁਰਮਤਿ ਸੰਗੀਤ ਦੇ ਉਸਤਾਦ, ਵਿਦਵਾਨ ਕੀਰਤਨੀਏ” ਵਜੋਂ ਸੰਬੋਧਿਤ ਕਰਦਿਆਂ ਉਨ੍ਹਾਂ ਦੀ ਲਗਭਗ 45 ਸਾਲਾਂ ਦੀ ਸੰਗੀਤਕ ਅਤੇ ਵਿਦਿਅਕ ਸੇਵਾ ਨੂੰ ਵਿਸ਼ੇਸ਼ ਤੌਰ ’ਤੇ ਰੇਖਾਂਕਿਤ ਕੀਤਾ ਗਿਆ ਹੈ।

ਡਾ. ਗੁਰਨਾਮ ਸਿੰਘ ਨੇ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ, ਮੁਖੀ ਅਤੇ ਡੀਨ ਵਜੋਂ ਸੇਵਾਵਾਂ ਨਿਭਾਉਂਦਿਆਂ ਗੁਰਮਤਿ ਸੰਗੀਤ ਨੂੰ ਅਕਾਦਮਿਕ ਵਿਸ਼ੇ ਵਜੋਂ ਸਥਾਪਿਤ ਕਰਨ ਲਈ ਮਹੱਤਵਪੂਰਨ ਯਤਨ ਕੀਤੇ। ਉਨ੍ਹਾਂ ਨੇ ਪਿਤਾ-ਪੁਰਖੀ ਕੀਰਤਨ ਵਿਰਾਸਤ ਨੂੰ ਉਸਤਾਦਾਂ ਤੋਂ ਪ੍ਰਾਪਤ ਵਿਧੀਵਤ ਸਿਖਲਾਈ ਅਤੇ ਆਧੁਨਿਕ ਖੋਜ ਨਾਲ ਜੋੜਿਆ। ਗੁਰਮਤਿ ਸੰਗੀਤ ਵਿੱਚ ਪੀ.ਐਚ.ਡੀ. ਕਰਨ ਉਪਰੰਤ ਉਨ੍ਹਾਂ ਨੇ ਡਾ. ਅੰਮ੍ਰਿਤਪਾਲ ਕੌਰ ਅਤੇ ਹੋਰਨਾਂ ਸਹਿਯੋਗੀਆਂ ਨਾਲ ਮਿਲ ਕੇ ਇਸ ਵਿਸ਼ੇ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਲਾਗੂ ਕਰਵਾਉਣ ਲਈ ਵਿਸ਼ਵ ਪੱਧਰ ’ਤੇ ਯਤਨ ਕੀਤੇ।

ਡਾ. ਗੁਰਨਾਮ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਮੁੱਖ ਰਾਗਾਂ ਅਤੇ 31 ਮਿਸ਼ਰਤ ਰਾਗਾਂ ਵਿੱਚ ਕੀਰਤਨ ਦੀ ਰਿਕਾਰਡਿੰਗ ਸਮੇਤ ਖੋਜ ਅਤੇ ਪ੍ਰਕਾਸ਼ਨ ਕਾਰਜਾਂ ਦਾ ਵੀ ਇਸ ਮੌਕੇ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ਵਿੱਚ ਰਾਗ ਦਰਬਾਰਾਂ ਅਤੇ ਗੁਰਮਤਿ ਸੰਗੀਤ ਦੇ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਵੱਲੋਂ ਕੀਤੇ ਪ੍ਰਚਾਰ-ਪ੍ਰਸਾਰ ਨੂੰ ਵੀ ਉਨ੍ਹਾਂ ਦੀਆਂ ਪ੍ਰਮੁੱਖ ਸੇਵਾਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਐਵਾਰਡ ਸਿਰਫ਼ ਇੱਕ ਵਿਅਕਤੀਗਤ ਪ੍ਰਾਪਤੀ ਨਹੀਂ, ਸਗੋਂ ਗੁਰਮਤਿ ਸੰਗੀਤ ਪਰੰਪਰਾ ਦਾ ਸਨਮਾਨ ਵੀ ਹੈ।

ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਐਵਾਰਡ ਸਿਰਫ਼ ਡਾ. ਗੁਰਨਾਮ ਸਿੰਘ ਦੀ ਵਿਅਕਤੀਗਤ ਪ੍ਰਾਪਤੀ ਦਾ ਸਨਮਾਨ ਨਹੀਂ, ਬਲਕਿ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਗਈ ਰਾਗ-ਆਧਾਰਿਤ ਕੀਰਤਨ ਪਰੰਪਰਾ ਦਾ ਸਨਮਾਨ ਹੈ। ਇਹ ਸਨਮਾਨ ਉਨ੍ਹਾਂ ਕੀਰਤਨੀਆਂ ਦੀਆਂ ਜੀਵਨ ਭਰ ਦੀਆਂ ਸੇਵਾਵਾਂ ਦੀ ਕਦਰ ਹੈ, ਜਿਨ੍ਹਾਂ ਨੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਕੀਰਤਨ-ਸ਼ੈਲੀ ਨੂੰ ਸੰਭਾਲ ਕੇ ਰੱਖਣ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ। ਕਮੇਟੀ ਵੱਲੋਂ ਇਸ ਮੰਤਵ ਲਈ 11 ਮੈਂਬਰੀ ਪੈਨਲ ਬਣਾਇਆ ਗਿਆ ਹੈ, ਜੋ ਯੋਗ ਕੀਰਤਨੀਆਂ ਦੀ ਚੋਣ ਕਰਦਾ ਹੈ।

ਇਸ ਐਵਾਰਡ ਦੀ ਮਹੱਤਤਾ ਇਸ ਗੱਲ ਤੋਂ ਵੀ ਸਮਝੀ ਜਾ ਸਕਦੀ ਹੈ ਕਿ ਦਿੱਲੀ ਕਮੇਟੀ ਨੇ ਇਸ ਤੋਂ ਪਹਿਲਾਂ ਭਾਈ ਗੁਰਮੀਤ ਸਿੰਘ ‘ਸ਼ਾਂਤ’ ਨੂੰ 11 ਲੱਖ ਰੁਪਏ ਦੀ ਦਰਸ਼ਨ ਭੇਟਾ ਨਾਲ ਸਨਮਾਨਿਤ ਕੀਤਾ ਸੀ। ਹੁਣ ਇਸ ਲੜੀ ਵਿੱਚ ਡਾ. ਗੁਰਨਾਮ ਸਿੰਘ ਦਾ ਨਾਮ ਸ਼ਾਮਲ ਹੋਣਾ ਗੁਰਮਤਿ ਸੰਗੀਤ ਦੇ ਵਿਦਵਾਨਾਂ ਅਤੇ ਕੀਰਤਨੀਆਂ ਲਈ ਇੱਕ ਵੱਡੀ ਪ੍ਰੇਰਣਾ ਮੰਨੀ ਜਾ ਰਹੀ ਹੈ।

ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਵੀ ਡਾ. ਗੁਰਨਾਮ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸੇਵਾ ਨਵੀਂ ਪੀੜ੍ਹੀ ਦੇ ਕੀਰਤਨੀਆਂ ਲਈ ਪ੍ਰੇਰਣਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਰਾਗ-ਆਧਾਰਿਤ ਕੀਰਤਨ ਸ਼ੈਲੀ ਨੂੰ ਸੰਭਾਲਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਸਮੇਂ ਦੀ ਲੋੜ ਹੈ।

ਜਸਪ੍ਰੀਤ ਸਿੰਘ ਕਰਮਸਰ ਨੇ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨੂੰ ਸਿੱਖ ਕੌਮ ਲਈ ਬੇਹੱਦ ਮਾਣ ਅਤੇ ਮਹੱਤਤਾ ਵਾਲਾ ਸਨਮਾਨ ਦੱਸਦਿਆਂ ਕਿਹਾ ਕਿ “ਉਨ੍ਹਾਂ ਕਿਹਾ ਕਿ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਸਿੱਖ ਕੌਮ ਲਈ ਧਰਤੀ ’ਤੇ ਦਿੱਤੇ ਜਾਣ ਵਾਲੇ ਸਭ ਤੋਂ ਵੱਡੇ ਸਨਮਾਨਾਂ ਵਿੱਚੋਂ ਇੱਕ ਹੈ। ਅੱਗੇ ਉਨ੍ਹਾਂ ਕਿਹਾ ਕਿ ਇਸ ਸਨਮਾਨ ਰਾਹੀਂ ਉਨ੍ਹਾਂ ਸ਼ਖ਼ਸੀਅਤਾਂ ਦੀ ਸੇਵਾ ਨੂੰ ਮਾਨਤਾ ਮਿਲਦੀ ਹੈ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਕੀਰਤਨ ਦੀ ਪਰੰਪਰਾ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਅਨੁਸਾਰ ਡਾ. ਗੁਰਨਾਮ ਸਿੰਘ ਜੀ ਨੂੰ ਇਹ ਸਨਮਾਨ ਮਿਲਣਾ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਉਨ੍ਹਾਂ ਦੀ ਲੰਬੀ ਸਾਧਨਾ, ਵਿਦਵਤਾ ਅਤੇ ਕੀਰਤਨ ਸੇਵਾ ਦੀ ਵੱਡੀ ਪ੍ਰਵਾਨਗੀ ਹੈ।

ਡਾ. ਗੁਰਨਾਮ ਸਿੰਘ ਨੂੰ ਮਿਲੇ ਇਸ ਸਨਮਾਨ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਹੈ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਸ਼-ਵਿਦੇਸ਼ ਵਿੱਚ ਗੁਰਮਤਿ ਸੰਗੀਤ ਨਾਲ ਜੁੜੇ ਵਿਦਵਾਨਾਂ, ਲੇਖਕਾਂ, ਕੀਰਤਨੀਆਂ ਅਤੇ ਸੰਗੀਤ-ਪ੍ਰੇਮੀਆਂ ਵੱਲੋਂ ਲੰਮੇ ਸਮੇਂ ਤੋਂ ਪ੍ਰਸ਼ੰਸਾ ਮਿਲਦੀ ਰਹੀ ਹੈ। ਉਨ੍ਹਾਂ ਦੇ ਕਾਰਜ ਨੂੰ ਗੁਰਮਤਿ ਸੰਗੀਤ ਦੀ ਪਰੰਪਰਾ ਅਤੇ ਆਧੁਨਿਕ ਅਕਾਦਮਿਕ ਖੋਜ ਵਿਚਕਾਰ ਪੁਲ ਬਣਾਉਣ ਵਾਲੇ ਯਤਨ ਵਜੋਂ ਦੇਖਿਆ ਜਾਂਦਾ ਹੈ। ਇਸ ਲਈ ਦਿੱਲੀ ਕਮੇਟੀ ਦਾ ਇਹ ਸਨਮਾਨ ਉਨ੍ਹਾਂ ਦੇ ਨਿੱਜੀ ਜੀਵਨ ਦੀ ਇੱਕ ਵੱਡੀ ਪ੍ਰਾਪਤੀ ਦੇ ਨਾਲ-ਨਾਲ ਵਿਸ਼ਵ ਪੱਧਰ ’ਤੇ ਗੁਰਮਤਿ ਸੰਗੀਤ ਦੀ ਪਛਾਣ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਵਾਨਗੀ ਵੀ ਮੰਨਿਆ ਜਾ ਰਿਹਾ ਹੈ।

ਇਸੇ ਸਮਾਗਮ ਵਿੱਚ ਡਾ. ਗੁਰਨਾਮ ਸਿੰਘ ਤੋਂ ਇਲਾਵਾ 90 ਸਾਲ ਦੀ ਉਮਰ ਵਿੱਚ ਵੀ ਜੋੜੀ ਦੀ ਸੇਵਾ ਨਿਭਾ ਰਹੇ ਭਾਈ ਸਵਰਨ ਸਿੰਘ ਜੀ ਨੂੰ ਵੀ ਵਿਸ਼ੇਸ਼ ਸਨਮਾਨ ਅਤੇ 1.25 ਲੱਖ ਰੁਪਏ ਦੀ ਦਰਸ਼ਨ ਭੇਟਾ ਨਾਲ ਨਿਵਾਜਿਆ ਗਿਆ। ਇਸ ਤਰ੍ਹਾਂ ਦਿੱਲੀ ਕਮੇਟੀ ਨੇ ਇੱਕ ਪਾਸੇ ਡਾ. ਗੁਰਨਾਮ ਸਿੰਘ ਦੀ ਦਹਾਕਿਆਂ ਲੰਬੀ ਗੁਰਮਤਿ ਸੰਗੀਤ ਸਾਧਨਾ ਨੂੰ ਸਨਮਾਨ ਦਿੱਤਾ ਅਤੇ ਦੂਜੇ ਪਾਸੇ ਗੁਰੂ ਘਰ ਦੀ ਕੀਰਤਨ ਪਰੰਪਰਾ ਦੇ ਪੁਰਾਤਨ ਸੇਵਾਦਾਰਾਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਵੀ ਉਜਾਗਰ ਕੀਤਾ।

ਡਾ. ਗੁਰਨਾਮ ਸਿੰਘ ਦੀ ਲਗਭਗ ਸਾਢੇ ਚਾਰ ਦਹਾਕਿਆਂ ਦੀ ਗੁਰਮਤਿ ਸੰਗੀਤ ਸਾਧਨਾ ਨੂੰ ਦੇਸ਼-ਵਿਦੇਸ਼ ਵਿੱਚ ਵੱਖ-ਵੱਖ ਵੱਕਾਰੀ ਸਨਮਾਨਾਂ ਨਾਲ ਮਾਨਤਾ ਮਿਲ ਚੁੱਕੀ ਹੈ। ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਐਵਾਰਡ, ਸੰਗੀਤ ਨਾਟਕ

ਅਕਾਦਮੀ ਸੀਨੀਅਰ ਫੈਲੋਸ਼ਿਪ, ਸ਼੍ਰੋਮਣੀ ਰਾਗੀ ਐਵਾਰਡ, ਪੰਜਾਬ ਸਰਕਾਰ ਦਾ ਸਟੇਟ ਐਵਾਰਡ, ਭਾਈ ਮਰਦਾਨਾ ਜੀ ਯਾਦਗਾਰੀ ਐਵਾਰਡ ਸਮੇਤ ਕਈ ਪ੍ਰਮੁੱਖ ਸਨਮਾਨ ਪ੍ਰਾਪਤ ਹੋਏ ਹਨ। ਗੁਰਮਤਿ ਸੰਗੀਤ ਨੂੰ ਅਕਾਦਮਿਕ ਪੱਧਰ ’ਤੇ ਸਥਾਪਿਤ ਕਰਨ, ਇਸ ਦੀ ਖੋਜ, ਦਸਤਾਵੇਜ਼ੀਕਰਨ ਅਤੇ ਰਾਗ-ਆਧਾਰਿਤ ਕੀਰਤਨ ਪਰੰਪਰਾ ਦੇ ਪ੍ਰਚਾਰ-ਪ੍ਰਸਾਰ ਵਿੱਚ ਉਨ੍ਹਾਂ ਦੀ ਭੂਮਿਕਾ ਵਿਸ਼ੇਸ਼ ਰਹੀ ਹੈ। ਇਸ ਸਨਮਾਨ-ਲੜੀ ਵਿੱਚ ਜੁਲਾਈ ਮਹੀਨੇ ਅਮਰੀਕਾ ਦੇ ਕੈਲੀਫੋਰਨੀਆ ਵਿਖੇ ਦਰਬਾਰ-ਏ-ਗੁਰਮਤਿ ਸੰਗੀਤ ਸੰਸਥਾ ਵੱਲੋਂ ਤੀਜੇ ਸਾਲਾਨਾ ਰਾਗ ਦਰਬਾਰ ਦੌਰਾਨ ਪ੍ਰਦਾਨ ਕੀਤਾ ਗਿਆ ‘ਗੁਰਮਤਿ ਸੰਗੀਤ ਮਾਰਤੰਡ ਐਵਾਰਡ’ ਵਿਸ਼ੇਸ਼ ਮਹੱਤਤਾ ਰੱਖਦਾ ਹੈ, ਜੋ ਉਨ੍ਹਾਂ ਨੂੰ ਗੁਰਮਤਿ ਸੰਗੀਤ ਅਤੇ ਸਿੱਖ ਸੰਗੀਤਕ ਵਿਰਾਸਤ ਦੀ ਸੰਭਾਲ, ਖੋਜ ਅਤੇ ਪ੍ਰਚਾਰ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਦਿੱਤਾ ਗਿਆ।

‘ਸ਼੍ਰੋਮਣੀ ਕੀਰਤਨੀਆ ਐਵਾਰਡ’ ਤੱਕ ਦਾ ਇਹ ਸਫ਼ਰ ਡਾ. ਗੁਰਨਾਮ ਸਿੰਘ ਦੀ ਲੰਬੀ ਸਾਧਨਾ, ਵਿਦਵਤਾ ਅਤੇ ਗੁਰਮਤਿ ਸੰਗੀਤ ਪ੍ਰਤੀ ਨਿਰੰਤਰ ਸਮਰਪਣ ਦੀ ਗਵਾਹੀ ਦਿੰਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 11 ਲੱਖ ਰੁਪਏ ਦੀ ਦਰਸ਼ਨ ਭੇਟਾ ਨਾਲ ਦਿੱਤਾ ਗਿਆ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਉਨ੍ਹਾਂ ਦੀ ਦਹਾਕਿਆਂ ਲੰਬੀ ਸੇਵਾ ਦੀ ਪੰਥਕ ਪ੍ਰਵਾਨਗੀ ਦੇ ਨਾਲ-ਨਾਲ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਰਾਗ-ਆਧਾਰਿਤ ਸ਼ਬਦ ਕੀਰਤਨ ਪਰੰਪਰਾ ਦੇ ਸਨਮਾਨ ਦਾ ਵੀ ਪ੍ਰਤੀਕ ਹੈ। ਇਹ ਸਨਮਾਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਡਾ. ਗੁਰਨਾਮ ਸਿੰਘ ਨੇ ਗੁਰਮਤਿ ਸੰਗੀਤ ਨੂੰ ਕੇਵਲ ਕੀਰਤਨ ਸਟੇਜ਼ ਤੱਕ ਸੀਮਤ ਨਹੀਂ ਰੱਖਿਆ, ਸਗੋਂ ਇਸ ਨੂੰ ਖੋਜ, ਸਿੱਖਿਆ, ਦਸਤਾਵੇਜ਼ੀਕਰਨ ਅਤੇ ਵਿਸ਼ਵ ਪੱਧਰੀ ਪਛਾਣ ਨਾਲ ਜੋੜਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੂੰ ਮਿਲਿਆ ਇਹ ਸਨਮਾਨ ਨਵੀਂ ਪੀੜ੍ਹੀ ਦੇ ਕੀਰਤਨੀਆਂ ਅਤੇ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਲਈ ਇਹ ਪ੍ਰੇਰਣਾਦਾਇਕ ਸੰਦੇਸ਼ ਵੀ ਦਿੰਦਾ ਹੈ ਕਿ ਪਰੰਪਰਾ, ਸਾਧਨਾ, ਵਿਦਵਤਾ ਅਤੇ ਗੁਰੂ-ਘਰ ਦੀ ਸੇਵਾ ਨੂੰ ਸਮਰਪਿਤ ਜੀਵਨ ਦੀ ਪੰਥਕ ਪੱਧਰ ’ਤੇ ਕਦਰ ਹੁੰਦੀ ਹੈ।”

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.