ਬੇਅਦਬੀ ਮਾਮਲਿਆਂ ‘ਤੇ ਸਟੈਂਡ ਲੈਣ ਵਾਲੇ ਜਥੇਦਾਰ ਪਏ ਇਕੱਲੇ, ਅਕਾਲੀ ਆਗੂਆਂ ਦੀ ਸਿਆਸੀ ਦੌੜ ਨੇ ਛੇੜੀ ਨਵੀਂ ਚਰਚਾ
ਪੰਜਾਬ ਦੀ ਸਿਆਸਤ ਅਤੇ ਪੰਥਕ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸ਼ਾਂਤਮਈ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ 'ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਅਕਾਲੀ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਲਤੀ ਦਾ ਅਹਿਸਾਸ ਕਰਵਾਉਣ ਵਾਲੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਇਕੱਲੇ ਪੈਂਦੇ ਨਜ਼ਰ ਆ ਰਹੇ ਹਨ। ਜਿੱਥੇ ਇੱਕ ਪਾਸੇ ਉਨ੍ਹਾਂ ਨੂੰ ਨਿੱਜੀ ਅਤੇ ਪਰਿਵਾਰਕ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ, ਉੱਥੇ ਹੀ ਦੂਜੇ ਪਾਸੇ ਕਈ ਆਗੂ ਪੰਥਕ ਏਕਤਾ ਦੇ ਨਾਂ 'ਤੇ ਵੱਖਰੇ ਧੜੇ ਬਣਾ ਕੇ ਆਪਣੀ ਸਿਆਸੀ ਜ਼ਮੀਨ ਤਲਾਸ਼ਦੇ ਵੇਖੇ ਗਏ। ਸ਼੍ਰੋਮਣੀ ਅਕਾਲੀ ਦਲ (ਸੁਧਾਰ ਲਹਿਰ) ਦਾ ਗਠਨ ਅਤੇ ਫਿਰ ਉਸ ਵਿੱਚੋਂ ਕਈ ਆਗੂਆਂ ਦਾ ਵੱਖ-ਵੱਖ ਰਾਹ ਫੜਨਾ, ਇਸ ਗੱਲ ਦਾ ਪ੍ਰਮਾਣ ਮੰਨਿਆ ਜਾ ਰਿਹਾ ਹੈ। ਮਨਪ੍ਰੀਤ ਸਿੰਘ ਇਯਾਲੀ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਬੀਬੀ ਜਗੀਰ ਕੌਰ ਵਰਗੇ ਆਗੂਆਂ ਦੀਆਂ ਸਿਆਸੀ ਸਰਗਰਮੀਆਂ ਨੇ ਪੰਥਕ ਦਰਦੀਆਂ ਵਿੱਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜਥੇਦਾਰ ਦੀ ਅਪੀਲ ਅਤੇ ਹੁਕਮਨਾਮੇ ਦੇ ਬਾਵਜੂਦ ਸਿਆਸੀ ਲਾਲਸਾਵਾਂ ਕਾਰਨ ਪੈਦਾ ਹੋਈ ਇਹ ਖਿੱਚੋਤਾਣ ਭਵਿੱਖ ਵਿੱਚ ਸਿੱਖ ਰਵਾਇਤਾਂ ਦੀ ਰਾਖੀ ਲਈ ਚੁਣੌਤੀ ਬਣ ਸਕਦੀ ਹੈ।



