ਸੁਖਦੇਵ ਸਿੰਘ, ਬਟਾਲਾ : ਬਟਾਲਾ ਦੇ ਨਜ਼ਦੀਕੀ ਪਿੰਡ ਧੀਰ ਦੀ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ ‘ਚ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਪੁਲਿਸ ਨੇ ਮ੍ਰਿਤਕਾ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਉਧਰ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਐਂਬੂਲੈਂਸ ਸਟਾਫ ਨੇ ਲਾਸ਼ ਨੂੰ ਸਿਵਲ ਹਸਪਤਾਲ ਲਿਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਸ ਕਾਰਨ ਲਾਸ਼ ਨੂੰ ਈ-ਰਿਕਸ਼ੇ ‘ਤੇ ਸਿਵਲ ਹਸਪਤਾਲ ਲਿਆਉਣਾ ਪਿਆ। ਮ੍ਰਿਤਕਾ ਦੇ ਭਰਾ ਕੈਪਟਨ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਜੋਤੀ ਦਾ ਵਿਆਹ ਕਰੀਬ 15 ਸਾਲ ਪਹਿਲਾਂ ਪਿੰਡ ਧੀਰ ਦੇ ਸੂਰਜ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋ ਬੱਚੇ ਵੀ ਪੈਦਾ ਹੋਏ। ਉਸਨੇ ਦੱਸਿਆ ਕਿ ਸੂਰਜ ਸਿੰਘ ਉਸਦੀ ਭੈਣ ਜੋਤੀ ਨੂੰ ਮਾਰਦਾ ਕੁੱਟਦਾ ਸੀ ਅਤੇ ਕਈ ਵਾਰ ਪੰਚਾਇਤ ਦੇ ਕਹਿਣ ‘ਤੇ ਉਸ ਦੇ ਮਾਤਾ-ਪਿਤਾ ਜੋਤੀ ਨੂੰ ਉਸ ਦੇ ਪਤੀ ਨਾਲ ਭੇਜ ਦਿੰਦੇ ਸਨ। ਜਦੋਂਕਿ ਜੋਤੀ ਹਰ ਵਾਰ ਆਪਣੇ ਪਤੀ ਤੋਂ ਆਪਣੀ ਜਾਨ ਨੂੰ ਖਤਰੇ ਬਾਰੇ ਦੱਸਦੀ ਸੀ। ਉਸਨੇ ਦੱਸਿਆ ਕਿ ਉਹਨਾਂ ਨੂੰ ਵੀਰਵਾਰ ਸਵੇਰੇ ਫੋਨ ਆਇਆ ਕਿ ਜੋਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਉਹ ਅਤੇ ਉਸਦੇ ਮਾਤਾ-ਪਿਤਾ ਜੋਤੀ ਦੇ ਸਹੁਰੇ ਘਰ ਪਹੁੰਚੇ ਤਾਂ ਜੋਤੀ ਦਾ ਅੰਤਿਮ ਸੰਸਕਾਰ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਇਸ ਦੌਰਾਨ ਲਾਸ਼ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਬੁਲਾਈ ਗਈ ਪਰ ਉਹ ਨਹੀਂ ਆਈ ਜਿਸ ਕਾਰਨ ਜੋਤੀ ਦੀ ਲਾਸ਼ ਨੂੰ ਆਟੋ ਰਿਕਸ਼ਾ ‘ਤੇ ਹਸਪਤਾਲ ਲਿਆਉਣਾ ਪਿਆ।

ਉਕਤ ਮਾਮਲੇ ਦੇ ਸਬੰਧ ਵਿਚ ਥਾਣਾ ਸਦਰ ਦੇ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਮ੍ਰਿਤਕਾ ਦੇ ਭਰਾ ਕੈਪਟਨ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕਾ ਦੇ ਪਤੀ ਸੂਰਜ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।