ਮੂਸੇਵਾਲਾ ਕਤਲ ਕਾਂਡ: ਸਚਿਨ ਥਾਪਨ ਬਿਸ਼ਨੋਈ ਅਜ਼ਰਬਾਈਜਾਨ ‘ਚ ਗ੍ਰਿਫਤਾਰ, ਪੜ੍ਹੋ ਵੇਰਵਾ
ਚੰਡੀਗੜ੍ਹ, 30 ਅਗਸਤ, 2022: ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀਆਂ ਵਿਚ ਸ਼ਾਮਲ ਸਚਿਨ ਥਾਪਨ ਬਿਸ਼ਨੋਈ ਨੂੰ ਅਜ਼ਰਬਾਈਜਾਨ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ, ਜਦੋਂ ਇਕ ਦੂਜੇ ਮੁਲਜ਼ਮ ਅਨਮੋਲ ਬਿਸ਼ਨੋਈ ਦੀ ਲੋਕੇਸ਼ਨ ਵੀ ਟਰੇਸ ਹੋ ਗਈ ਹੈ। ਹਾਲਾਂਕਿ ਰਿਪੋਰਟ ਮੁਤਾਬਕ ਉਸਨੂੰ ਕੀਨੀਆ ਵਿਚ ਵੇਖਿਆ ਗਿਆ ਹੈ ਪਰ ਉਚ ਅਧਿਕਾਰੀਆਂ ਨੇ ਥਾਂ ਦੀ ਪੁਸ਼ਟੀ ਨਹੀਂ ਕੀਤੀ।
ਪੰਜਾਬ ਪੁਲਿਸ ਨੇ ਤਾਲਮੇਲ ਕਰ ਕੇ ਸਚਿਨ ਥਾਪਨ ਬਿਸ਼ਨੋਈ ਨੂੰ ਅਜ਼ਰਬਾਈਜਾਨ ਵਿਚ ਹਿਰਾਸਤ ਵਿਚ ਕਰਵਾ ਲਿਆ ਹੈ। ਦੋਵੇਂ ਮੁਲਜ਼ਮ ਜਾਅਲੀ ਪਾਸਪੋਰਟਾਂ ’ਤੇ ਦੇਸ਼ ਵਿਚੋਂ ਭੱਜ ਗਏ ਸਨ। ਪੰਜਾਬ ਪੁਲਿਸ ਅਤੇ ਵਿਦੇਸ਼ ਮੰਤਰਾਲੇ ਸਚਿਨ ਨੂੰ ਭਾਰਤ ਲਿਆਉਣ ਲਈ ਫੁਰਤੀ ਨਾਲ ਕੰਮ ਕਰ ਰਹੇ ਹਨ।
ਵਿਦੇਸ਼ ਮੰਤਰਾਲੇ ਨੇ ਪੰਜਾਬ ਪੁਲਿਸ ਨੂੰ ਭੇਜੇ ਪੱਤਰ ਵਿਚ ਇਹਨਾਂ ਮੁਲਜ਼ਮਾਂ ਦੇ ਅਪਰਾਧਿਕ ਪਿਛੋਕੜ, ਗ੍ਰਿਫਤਾਰੀ ਵਾਰੰਟ ਤੇ ਮੂਸੇਵਾਲਾ ਕੇਸ ਵਿਚ ਭੂਮਿਕਾ ਆਦਿ ਦੇ ਵੇਰਵੇ ਮੰਗੇ ਹਨ ਤਾਂ ਜੋ ਉਸਦੀ ਹਵਾਲਤੀ ਲਈ ਜਾ ਸਕੇ। ਇਸ ਦੌਰਾਨ ਲਾਰੰਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੁੰ ਗ੍ਰਿਫਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।