ਮੈਲਬੋਰਨ— ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਨੇ ਆਸਟਰੇਲੀਆਈ ਓਪਨ ‘ਚ ਆਪਣੀ ਜੇਤੂ ਮੁਹਿੰਮ ਦੇ ਨਾਲ ਸ਼ੁਰੂਆਤ ਕਰਦੇ ਹੋਏ ਆਪਣੇ ਜੋੜੀਦਾਰਾਂ ਦੇ ਨਾਲ ਦੂਜੇ ਦੌਰ ‘ਚ ਪ੍ਰਵੇਸ਼ ਕਰ ਲਿਆ।
ਸਾਨੀਆ ਅਤੇ ਚੈੱਕ ਗਣਰਾਜ ਦੀ ਬਾਰਬਰਾ ਸਟ੍ਰਾਈਕੋਵਾ ਨੇ ਬ੍ਰਿਟੇਨ ਦੀ ਜੈਕਲਿਨ ਰੇ ਅਤੇ ਐਨਾ ਸਮਿਥ ਨੂੰ ਮਹਿਲਾ ਡਬਲਜ਼ ਵਰਗ ਦੇ ਪਹਿਲੇ ਦੌਰ ‘ਚ 6-3, 6-1 ਨਾਲ ਹਰਾਇਆ। ਜਦੋਂਕਿ ਪੁਰਸ਼ ਡਬਲਜ਼ ‘ਚ ਬੋਪੰਨਾ ਅਤੇ ਉਰੂਗਵੇ ਦੇ ਪਾਬਲੋ ਕੁਵਾਸ ਦੀ 15ਵਾਂ ਦਰਜਾ ਪ੍ਰਾਪਤ ਜੋੜੀ ਨੇ ਬ੍ਰਾਜ਼ੀਲ ਦੇ ਥਾਮਸ ਬੇਲੂਚੀ ਅਤੇ ਅਰਜਨਟੀਨਾ ਦੇ ਮੈਕਸਿਮੋ ਗੋਂਜਾਲੇਸ ਨੂੰ 6-4, 7-6 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਆਸਟਰੇਲੀਆ ਦੇ ਐਲੇਕਸ ਬੋਲਟ ਅਤੇ ਬ੍ਰਾਡਲੇ ਮੂਸਲੇ ਨਾਲ ਹੋਵੇਗਾ। ਸਾਨੀਆ ਅਤੇ ਬਾਰਬਰਾ ਨੇ ਛੇਵੇਂ ਗੇਮ ‘ਚ ਤੀਜੇ ਬ੍ਰੇਕ ਪੁਆਇੰਟ ਦਾ ਲਾਹਾ ਲਿਆ। ਰੇ ਨੇ ਉਸ ਦੀ ਅਗਲੀ ਸਰਵਿਸ ‘ਤੇ ਸਹਿਜ ਗਲਤੀ ਕੀਤੀ ਅਤੇ ਬੈਕਹੈਂਡ ‘ਤੇ ਉਨ੍ਹਾਂ ਦੀ ਵਾਲੀ ਨੈੱਟ ‘ਚ ਚਲੀ ਗਈ। ਇਸ ਤੋਂ ਬਾਅਦ ਸਾਨੀਆ ਅਤੇ ਉਸ ਦੀ ਜੋੜੀਦਾਰ ਨੇ ਅਗਲੇ ਗੇਮ ‘ਚ ਸੈੱਟ ਜਿੱਤ ਲਿਆ।ਦੂਜੇ ਸੈੱਟ ‘ਚ ਸਾਨੀਆ ਅਤੇ ਬਾਰਬਰਾ ਨੇ ਬਿਹਤਰ ਪ੍ਰਦਰਸ਼ਨ ਕੀਤਾ, ਦੋ ਵਾਰ ਆਪਣੇ ਮੁਕਾਬਲੇਬਾਜ਼ਾਂ ਦੀ ਸਰਵਿਸ ਤੋੜੀ। ਭਾਰਤ ਦੇ ਪੂਰਵ ਰਾਜਾ ਅਤੇ ਦਿਵਿਜ ਸ਼ਰਨ ਪੁਰਸ਼ ਡਬਲਜ਼ ‘ਚ ਪਹਿਲੇ ਦੌਰ ‘ਚ ਫਰਾਂਸ ਦੇ ਜੋਨਾਥਨ ਈਸੇਰਿਕ ਅਤੇ ਫੇਬ੍ਰਿਸ ਮਾਰਟਿਨ ਨਾਲ ਖੇਡਣਗੇ। ਜਦੋਂਕਿ ਲੀਐਂਡਰ ਪੇਸ ਅਤੇ ਆਂਦਰੇ ਸਾਅ ਦੀ ਜੋੜੀ 10ਵਾਂ ਦਰਜਾ ਪ੍ਰਾਪਤ ਟ੍ਰੀਟ ਹੋਏ ਅਤੇ ਮੈਕਸ ਮਿਰਨੀ ਦਾ ਸਾਹਮਣਾ ਕਰੇਗੀ।