ਮਨੁੱਖ ਤੋਂ ਪਰਮ ਮਨੁੱਖ ਬਣਾਉਣ ਦਾ ਇਕ ਨਿਵੇਕਲਾ ਉੱਦਮ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰੰਭ ਕੀਤਾ। ਇਹ ਨਵਾਂ ਮਾਰਗ ਪ੍ਰੇਮ ਦਾ ਹੈ ਪਰ ਇਸ ਦੇ ਪਾਂਧੀ ਬਣਨ ਲਈ ਸਿਰ ਤਲੀ ’ਤੇ ਰੱਖ ਕੇ ਗੁਰੂ ਕੋਲ ਆਉਣ ਦੀ ਸ਼ਰਤ ਹੈ। ਗੁਰੂ ਦੇ ਹੁਕਮ ਤੇ ਦੱਸੇ ਮਾਰਗ ’ਤੇ ਚੱਲਣ ਨਾਲ ਸੰਤ ਸਿਪਾਹੀ ਸੁੱਤੇ ਸਿੱਧ ਹੀ ਬ੍ਰਹਮ ਗਿਆਨੀ ਬਣ ਕੇ ਮੁਕਤ ਹੋ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਦੀ ਗਵਾਹੀ ‘‘ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ॥’’ ਦੇ ਹੁਕਮ ਨਾਲ ਦਿੱਤੀ ਹੈ। ਇਸ ਪੰਥ ਜਾਂ ਮਾਰਗ ਦੇ ਪਾਂਧੀ ਨਾ ਕਿਸੇ ਤੋਂ ਡਰਦੇ ਹਨ, ਨਾ ਡਰਾਉਂਦੇ ਹਨ। ਉਹ ਅਣਖ ਨਾਲ ਜਿਊਂਦੇ ਹਨ ਤੇ ਕਿਸੇ ਦੀ ਟੈਂ ਵੀ ਨਹੀਂ ਮੰਨਦੇ।
ਇਸ ਤਰ੍ਹਾਂ ਗੁਰੂ ਸਾਹਿਬਾਨ ਨੇ 239 ਸਾਲ, ਆਪਣੇ ਫਲਸਫੇ ਦੀਆਂ ਉਦਾਹਰਨਾਂ ਆਪਣੇ ਜੀਵਨ ਰਾਹੀਂ ਪੇਸ਼ ਕੀਤੀਆਂ ਅਤੇ ਭਾਰਤੀ ਸਮਾਜ ਵਿੱਚੋਂ ਜਾਤ-ਪਾਤ ਦੀ ਵੰਡ ਸਮੇਤ ਸਭ ਕਮਜ਼ੋਰੀਆਂ ਦੂਰ ਕਰ ਕੇ ਇਕ ਨਵੇਂ, ਸੇਵਾ, ਸਿਮਰਨ ਤੇ ‘ਸੂਰਬੀਰ ਬਚਨ ਕੇ ਬਲੀ’ ਯੋਧਿਆਂ ਦੀ ਫ਼ੌਜ ਤਿਆਰ ਕੀਤੀ। ਖ਼ਾਲਸਾ ਅਕਾਲ ਪੁਰਖ ਦੀ ਫ਼ੌਜ ਹੈ। ਇਸੇ ਨਵੇਂ ਪੰਥ ਵੱਲ ਤੁਰਨ ਦਾ ਸਫ਼ਰ ਵੀ ਸੁਖਾਲਾ ਨਹੀਂ ਸੀ, ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਹਰ ਬਾਦਸ਼ਾਹ ਨੇ ਗੁਰੂ ਸਾਹਿਬਾਨ ਨਾਲ ਟੱਕਰ ਲਈ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਤਮ ਰੱਖਿਆ ਤੇ ਜ਼ੁਲਮ ਵਿਰੁੱਧ 21 ਦੇ ਕਰੀਬ ਲੜਾਈਆਂ ਵੀ ਲੜਨੀਆਂ ਪਈਆਂ। ਜਿੱਤ ਉਪਰੰਤ ਵੀ ਗੁਰੂ ਸਾਹਿਬਾਨ ਨੇ ਇਕ ਇੰਚ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ ਪਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦਿੱਤਾ ਤਾਂ ਖ਼ਾਲਸਾ ਨੇ ਦੋ ਸਾਲ ਵਿਚ ਹੀ ਖ਼ਾਲਸਾ ਰਾਜ ਦੀ ਸਥਾਪਨਾ ਕਰ ਕੇ ਮੁਗ਼ਲ ਰਾਜ ਦੇ ਖ਼ਾਤਮੇ ਦੀ ਨੀਂਹ ਰੱਖ ਦਿੱਤੀ। ਸੰਨ 1715 ਵਿਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਬਾਹਰੋਂ ਸਹਾਇਤਾ ਦੀ ਉਮੀਦ ਕਰ ਰਹੇ ਸਨ ਤਾਂ ਵਿਰੋਧੀ ਫੁੱਟ ਪਾਉਣ ਵਿਚ ਸਫ਼ਲ ਹੋ ਚੁੱਕਾ ਸੀ ਤੇ ਬਾਹਰੋਂ ਕੋਈ ਸਹਾਇਤਾ ਨਹੀਂ ਪਹੁੰਚੀ।
ਮੰਨੂ ਦੀ ਦਾਤਰੀ ਨੇ ਭਾਵੇਂ ਸਿੱਖ ਕੌਮ ਦੇ ਸੱਥਰਾਂ ਦੇ ਸੱਥਰ ਲਾਹ ਦਿੱਤੇ ਤੇ ਸਿੱਖਾਂ ਦੇ ਸਿਰਾਂ ਦਾ ਮੁੱਲ ਲਾਇਆ ਤੇ ਬੀਬੀਆਂ ਵੀ ਕਤਲ ਕਰਨ ਤੋਂ ਗੁਰੇਜ਼ ਨਹੀਂ ਕੀਤਾ ਪਰ ਉਸ ਸਮੇਂ ਦੇ ਭਾਰਤੀ ਸਮਾਜ ਅੰਦਰ ਇਹ ਸੋਏ ਦੂਣ ਸਵਾਏ ਵੀ ਹੁੰਦੇ ਰਹੇ ਕਿਉਂਕਿ ਪਰਿਵਾਰ ਆਪਣਾ ਜੇਠਾ ਪੁੱਤਰ ਗੁਰੂ ਜਾਂ ਗੁਰੂ ਖ਼ਾਲਸਾ ਨੂੰ ਅਰਪਣ ਕਰ ਦਿੰਦਾ ਸੀ। ਇਸ ਕਤਲੋ-ਗਾਰਤ ਦੇ ਸਮੇਂ ਸਿੱਖ ਧਰਮ ਦਾ ਪ੍ਰਚਾਰ ਕੌਣ ਕਰ ਰਿਹਾ ਸੀ? ਨਿਰਮਲੇ, ਉਦਾਸੀਆਂ ਤੇ ਹੋਰਾਂ ਦੀ ਸਾਰਥਕ ਭੂਮਿਕਾ ਬਾਰੇ ਖੋਜ ਕਰਨ ਦੀ ਅਜੇ ਲੋੜ ਹੈ। ਸਿੱਖ ਤੇ ਖ਼ਾਲਸਾ ਦੀ ਨਰਸਰੀ ਕਿੱਥੇ ਸੀ? ਇਹ ਵੀ ਵਿਚਾਰਨ ਦਾ ਵਿਸ਼ਾ ਹੈ। ਖ਼ਾਲਸਾ ਨੇ ਮੁੜ ਲਾਹੌਰ ਫ਼ਤਿਹ ਕਰ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਥਾਪ ਦਿੱਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਦੇਸ਼ ਦਿੱਤਾ ਸੀ ਕਿ ਦੁਸ਼ਮਣ ਦਾ ਧਰਮ ਅਸਥਾਨ ਨਹੀਂ ਢਾਹੁਣਾ ਜਿਸ ਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਪਾਲਣਾ ਵੀ ਕੀਤੀ ਪਰ ਸ਼ਾਇਦ ਅਹਿਮਦ ਸ਼ਾਹ ਅਬਦਾਲੀ ਨੂੰ ਅਜਿਹੀ ਸਿੱਖਿਆ ਦੇਣ ਵਾਲਾ ਮੁਰਸ਼ਦ ਨਹੀਂ ਸੀ ਮਿਲਿਆ। ਉਸ ਨੇ ਅੰਮ੍ਰਿਤ ਦੇ ਸੋਮੇ ਨੂੰ ਪੂਰਨ ਸਮੇਤ ਸ੍ਰੀ ਹਰਮਿੰਦਰ ਸਾਹਿਬ ਵੀ ਢਹਿ ਢੇਰੀ ਕਰਵਾ ਦਿੱਤਾ।
ਪਰ ਇਹ ਜ਼ੁਲਮ ਵੀ ਖ਼ਾਲਸੇ ਦਾ ਮਨੋਬਲ ਨਹੀਂ ਤੋੜ ਸਕਿਆ। ਛੋਟੇ, ਵੱਡੇ ਘੱਲੂਘਾਰਿਆਂ ਵਿੱਚੋਂ ਤਬਾਹੀ ਦੇ ਕੰਢੇ ਤੋਂ ਉੱਠ ਕੇ ਕੌਮ ਨੇ ਅਬਦਾਲੀ ਦੇ ਛੱਕੇ ਛੁੜਵਾ ਦਿੱਤੇ ਤੇ ਮੁੜ ਪੰਜਾਬ ਦੇ ਵੱਡੇ ਹਿੱਸੇ ’ਤੇ ਕਬਜ਼ਾ ਕਰ ਲਿਆ।ਮਿਸਲਾਂ ਪਹਿਲਾਂ ਕੌਮ ਦੇ ਦੁਸ਼ਮਣ ਵਿਰੁੱਧ ਇਕੱਠੇ ਹੋ ਕੇ ਲੜਦੀਆਂ ਸਨ ਪਰ ਸਮੇਂ ਨਾਲ ਰਾਜ ਦੇ ਲੋਭ ਵਿਚ ਫਸ ਕੇ ਕੁਝ ਕੁ ਮਿਸਲਾਂ ਵਾਲੇ ਇਕ-ਦੂਜੇ ਦੇ ਵਿਰੋਧੀ ਵੀ ਬਣ ਗਏ ਸਨ। ਆਪਸੀ ਕਤਲ ਵੀ ਹੋਏ ਤੇ ਸੁਲਤਾਨ-ਉਲ-ਕੌਮ ਨੂੰ ਕੈਦ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਸੇ ਕਾਰਨ ਦਿੱਲੀ ਦਾ ਰਾਜ ਜਿੱਤ ਕੇ ਵੀ 1783 ਈ. ਵਿਚ ਸ਼ਾਹ ਆਲਮ ਨੂੰ ਵਾਪਸ ਕਰ ਦਿੱਤਾ ਗਿਆ ਕਿਉਂਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੌਮ ਵਿਚ ਲੜਾਈ ਨਹੀਂ ਚਾਹੁੰਦੇ ਸਨ। ਸੁਲਤਾਨ-ਉਲ-ਕੌਮ ਤੋਂ ਬਾਅਦ ਖ਼ਾਲਸਾ ਸ਼ਕਤੀ ਨੂੰ ਇਕ ਸੂਤਰ ਵਿਚ ਪਰੋਣ ਵਾਲਾ ਕੋਈ ਨਹੀਂ ਸੀ। ਪੰਜਾਬ ਦਾ ਰਾਜ ਖ਼ਾਲਸਾ ਕੋਲ ਸੀ ਤੇ ਦਿੱਲੀ ਦਾ ਬਾਦਸ਼ਾਹ ਟੈਕਸ ਭਰਦਾ ਸੀ। ਸਰਦਾਰ ਚੜ੍ਹਤ ਸਿੰਘ ਸ਼ੁੱਕਰਚੱਕੀਆ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਭਰੋਸੇਯੋਗ ਸਾਥੀ ਸੀ।
18ਵੀਂ ਸਦੀ ਦੇ ਅੰਤ ਤੱਕ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਨੂੰ ਮੈਦਾਨ-ਏ-ਜੰਗ ਵਿਚ ਲਲਕਾਰਨ ਲਈ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਸਰਦਾਰ ਰਣਜੀਤ ਸਿੰਘ ਅੱਗੇ ਆਇਆ ਤੇ ਲਾਹੌਰ ’ਤੇ ਰਾਜ ਸਥਾਪਤ ਕਰਨ ’ਚ ਕਾਮਯਾਬ ਹੋ ਗਿਆ। ਉਸ ਨਾਲ ਅੰਗਰੇਜ਼ ਤੇ ਨੈਪੋਲੀਅਨ, ਦੋਵੇਂ ਸੰਧੀ ਕਰਨਾ ਚਾਹੁੰਦੇ ਸਨ। ਇਹ ਰਾਜ ਸਰਬ ਸਾਂਝੀਵਾਲਤਾ ਤੇ ਗੁਰੂ ਸਾਹਿਬਾਨ ਦੇ ਹਲੇਮੀ ਰਾਜ ਦੀ ਉਦਾਹਰਨ ਸੀ।
ਸੰਨ 1839 ਵਿਚ ਮਹਾਰਾਜਾ ਦੇ ਅਕਾਲ ਚਲਾਣੇ ਤੋਂ ਬਾਅਦ ਖ਼ਾਲਸਾ ਰਾਜ ਹੜੱਪਣ ਲਈ ਅੰਗਰੇਜ਼ਾਂ ਦੀ ਸਾਜ਼ਿਸ਼ ਦਾ ਇਹ ਸਤਲੁਜ ਪਾਰ ਦੇ ਸਿੱਖ ਵੀ ਹਿੱਸਾ ਬਣੇ। ਚਾਹੀਦਾ ਤਾਂ ਇਹ ਸੀ ਇਹ ਮਹਾਰਾਜਾ ਖੜਕ ਸਿੰਘ ਜਾਂ ਮਹਾਰਾਜਾ ਸ਼ੇਰ ਸਿੰਘ ਦੇ ਨਾਲ ਖੜੇ੍ਹ ਹੁੰਦੇ। ਅੰਗਰੇਜ਼ਾਂ ਨੇ ਆਪਣੇ ਧਰਮ ਦੇ ਪ੍ਰਚਾਰ ਨੂੰ ਸ਼ਕਤੀ ਦੇਣ ਲਈ ਸਿੱਖ ਧਰਮ ਅਸਥਾਨਾਂ ਦਾ ਪ੍ਰਬੰਧ ਆਪਣੇ ਪਿੱਠੂਆਂ ਦੇ ਹਵਾਲੇ ਕਰ ਕੇ ਉਨ੍ਹਾਂ ਨੂੰ ਵਿਭਚਾਰ ਤੇ ਭ੍ਰਿਸ਼ਟਾਚਾਰ ਦੇ ਅੱਡੇ ਬਣਾ ਦਿੱਤਾ।
ਜਦੋਂ 1873 ’ਚ ਮਿਸ਼ਨ ਸਕੂਲ ਦੇ ਚਾਰ ਵਿਦਿਆਰਥੀਆਂ ਨੂੰ ਈਸਾਈ ਬਣਾਉਣ ਵਿਰੁੱਧ ਸਿੰਘ ਸਭਾ ਲਹਿਰ ਸ਼ੁਰੂ ਹੋਈ ਤਾਂ ਅੰਗਰੇਜ਼ ਨੇ ਚਲਾਕੀ ਨਾਲ ਇਸ ਲਹਿਰ ਨੂੰ ਚੀਫ ਖ਼ਾਲਸਾ ਦੀਵਾਨ ਬਣਾ ਕੇ 1902 ਈ. ਤੱਕ ਖ਼ਤਮ ਕਰ ਦਿੱਤਾ। ਚੀਫ ਖ਼ਾਲਸਾ ਦੀਵਾਨ ਦੇ ਪੰਜ ਮਨੋਰਥ ਪੜ੍ਹਨ-ਸੁਣਨ ਨੂੰ ਚੰਗੇ ਹਨ ਪਰ ਕੀ ਇਨ੍ਹਾਂ ’ਤੇ ਅਮਲ ਹੋ ਰਿਹਾ ਹੈ ਤੇ ਅੱਜ ਸਥਿਤੀ ਕੀ ਹੈ?
ਸੰਨ 1920 ਦੀ ਗੁਰਦੁਆਰਾ ਸੁਧਾਰ ਲਹਿਰ ਵੱਡੀਆਂ ਕੁਰਬਾਨੀਆਂ ਮਗਰੋਂ ਕਾਮਯਾਬ ਹੋਈ ਸੀ ਪਰ ਇਹ ਵੀ ਸਿੱਖ ਕੌਮ ਦੀ ਜਿੱਤ ਨੂੰ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਆਖਣ ਵਾਲੇ ਕਾਂਗਰਸੀਆਂ ਦੀ ਝੋਲੀ ਪੈ ਗਈ। ਰਾਜਕੁਮਾਰੀ ਬੰਬਾ ਜੋ ਉਸ ਸਮੇਂ ਲਾਹੌਰ ’ਚ ਸੀ, ਨੂੰ ਨਾ ਇਨ੍ਹਾਂ ਨੇ ਨਾਲ ਲਿਆ, ਨਾ ਮਦਦ ਕੀਤੀ ਅਤੇ ਨਾ ਹੀ ਉਸ ਨੂੰ ਮੁੜ ਆਪਣੇ ਪੁਰਖਿਆਂ ਦੇ ਧਰਮ ਨਾਲ ਜੁੜਨ ਲਈ ਪ੍ਰੇਰਿਆ ਜਦਕਿ ਉਹ ਅਜ਼ਾਦੀ ਘੁਲਾਟੀਆਂ ਦੇ ਸੰਪਰਕ ਵਿਚ ਸੀ। ਅੰਗਰੇਜ਼ ਲਈ ਦੁਨੀਆ ਭਰ ਵਿਚ ਵਿਸ਼ਵ ਜੰਗਾਂ ਸਮੇਂ ਲੜਨ-ਮਰਨ ਵਾਲਿਆਂ ਸਿੱਖਾਂ ਦੀ ਸੂਚੀ ਬੜੀ ਲੰਬੀ ਹੈ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਸਿੱਖ ਕੌਮ ਨੇ ਕੁਝ ਸਿਆਣਪ ਕੀਤੀ ਹੋਵੇ, ਇਸ ਬਾਰੇ ਵੀ ਪੜਤਾਲ ਕਰਨੀ ਬਣਦੀ ਹੈ। ਕਾਂਗਰਸ ਵੱਲੋਂ 1928 ਈ. ਦੀ ਮੋਤੀ ਲਾਲ ਨਹਿਰੂ ਰਿਪੋਰਟ ਹੀ ਸਪਸ਼ਟ ਗਵਾਹੀ ਭਰਦੀ ਸੀ ਕਿ ਸਿੱਖਾਂ ਨੂੰ ਕੁਝ ਵੀ ਵੱਖਰਾ ਮਿਲਣ ਵਾਲਾ ਨਹੀਂ। ਆਗੂਆਂ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਵਿੱਦਿਆ ਲਈ ਪ੍ਰਬੰਧ ਕਰਨ ਲਈ ਕੋਈ ਯੋਜਨਾਬੰਦੀ ਨਹੀਂ ਕੀਤੀ। ਆਜ਼ਾਦੀ ਤੋਂ ਤੁਰੰਤ ਬਾਅਦ ਅੰਗਰੇਜ਼ ਪ੍ਰਸਤ ਫਿਰ ਕਾਂਗਰਸੀ ਬਣ ਕੇ ਅੱਗੇ ਹੋ ਗਏ ਜਿਨ੍ਹਾਂ ਦੇ ਪੁਰਖਿਆਂ ਦਾ ਪਿਛੋਕੜ ਕਦੇ ਵੀ ਕੌਮ ਲਈ ਕੁਰਬਾਨੀ ਵਾਲਾ ਨਹੀਂ ਰਿਹਾ ਸੀ।
ਅਜੋਕੇ ਸਮੇਂ ਧਰਮ ਨੂੰ ਰਾਜਨੀਤਕ ਕੁਰਸੀ ਤੱਕ ਪੁੱਜਣ ਲਈ ਘੋੜੀ ਬਣਾਉਣ ਵਾਲੇ ਇਕ-ਦੂਜੇ ’ਤੇ ਚਿੱਕੜ ਸੁੱਟਣਾ ਹੀ ਸ਼ਾਇਦ ਰਾਜਨੀਤੀ ਮੰਨਦੇ ਹਨ। ਸਮਾਂ ਕਿਸੇ ਨੂੰ ਮਾਫ਼ ਨਹੀਂ ਕਰਦਾ। ਵਿਸ਼ਲੇਸ਼ਣ ਨਿਰਪੱਖ ਹੋਣਾ ਚਾਹੀਦਾ ਹੈ। ਪੰਜਾਬ ’ਚ ਸਿੱਖ ਆਬਾਦੀ 63 ਫ਼ੀਸਦੀ ਤੋਂ ਘਟ ਕੇ 57 ਫ਼ੀਸਦੀ ਹੋ ਗਈ ਹੈ। ਬੱਚੇ-ਬੱਚੀਆਂ ਵਿਦੇਸ਼ਾਂ ਵੱਲ ਭੱਜ ਰਹੇ ਹਨ ਜਿੱਥੇ ਉਨ੍ਹਾਂ ਦੀ ਹਾਲਤ ਬਾਰੇ ਪੜ੍ਹ ਕੇ ਚਿੰਤਾ ਹੁੰਦੀ ਹੈ।
ਉੱਚ ਸਰਕਾਰੀ ਅਹੁਦਿਆਂ ਤੇ ਦਫ਼ਤਰਾਂ ਵਿੱਚੋਂ ਦਸਤਾਰ ਗਾਇਬ ਹੁੰਦੀ ਜਾ ਰਹੀ ਹੈ। ਚਰਚਾ ਹੈ ਕਿ ਇਕ ਧਰਮ ਜਿਸ ਦੀ ਸੰਖਿਆ ਦੋ ਫ਼ੀਸਦੀ ਤੋਂ ਵੀ ਘੱਟ ਸੀ, ਅੱਜ ਨਿਰਮਲ ਪੰਥ ਨੂੰ ਸਰਾਲ਼ ਵਾਂਗ ਨਿਗਲ ਰਿਹਾ ਹੈ। ਧਰਮ ਅਸਥਾਨਾਂ ਦੇ ਪ੍ਰਬੰਧਕਾਂ ’ਤੇ ਮੁੜ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ। ਭਾਰਤ ਵਿਰੋਧੀ ਵਿਦੇਸ਼ੀ ਤਾਕਤਾਂ ਸਿੱਖਾਂ ਨੂੰ ਝੂਠੀਆਂ ਕਹਾਣੀਆਂ ਨਾਲ ਦੇਸ਼ ਵਿਰੁੱਧ ਭੜਕਾ ਰਹੀਆਂ ਹਨ। ਇਹ ਕੇਵਲ ਕੌਮ ਨੂੰ ਬਦਨਾਮ ਤੇ ਕਮਜ਼ੋਰ ਕਰਨ ਲਈ ਹੋ ਰਿਹਾ ਹੈ। ਸਮਾਂ ਵਿਚਾਰਨ ਦਾ ਹੈ।
ਜਿੱਥੇ ਸ੍ਰੀ ਗੁਰੂ ਨਾਨਕ ਦੇਵ ਤੇ ਹੋਰ ਗੁਰੂ ਸਾਹਿਬਾਨ ਨੇ ਪ੍ਰਚਾਰ ਕੇਂਦਰ ਸਥਾਪਤ ਕੀਤੇ ਸਨ, ਕੀ ਅਸੀਂ ਉੱਥੇ ਖੋਜ ਕੇਂਦਰ ਤੇ ਯੂਨੀਵਰਸਿਟੀਆਂ ਬਣਾ ਲਈਆਂ ਹਨ? ਕੀ ਪੰਥਕ ਅਦਾਰਿਆਂ ਦੇ ਨਾਂ ’ਤੇ ਚੱਲ ਰਹੇ ਵਿੱਦਿਅਕ ਸਥਾਨ ਸਭ ਤੋਂ ਉੱਤਮ ਹਨ? ਕੀ ਪਿੰਡ ਦੇ ਗ਼ਰੀਬ ਦੀ ਧੀ ਦੇ ਵਿਆਹ ਲਈ ਅਸੀਂ ਕੁਝ ਕਰਦੇ ਹਾਂ? ਕੀ ਪੰਜਾਬ ਵਿਚ ਖੇਤੀ ਆਧਾਰਤ ਕਾਰਖਾਨੇ ਲੱਗ ਚੁੱਕੇ ਹਨ। ਕੀ ਨਿਰਮਲ ਪੰਥ ਵਿਚ ਡੇਰਾਵਾਦ ਲਈ ਕੋਈ ਥਾਂ ਹੈ? ਕੀ ਧਾਰਮਿਕ ਰੂਪ ਵਿਚ ਇਕੱਠੇ ਹੋ ਕੇ ਪੰਥ ਤੇ ਪੰਜਾਬ ਦੇ ਵਿਕਾਸ ਲਈ ਕੰਮ ਨਹੀਂ ਕਰਨਾ ਚਾਹੀਦਾ? ਕੀ ਕੇਂਦਰ ਸਰਕਾਰ ਨਾਲ ਲੜਨ ਤੋਂ ਬਿਨਾਂ ਤਰੱਕੀ ਦਾ ਕੋਈ ਰਾਹ ਨਹੀਂ? ਕੀ ਦੋਸਤ ਤੇ ਦੁਸ਼ਮਣ ਵਿਚ ਫ਼ਰਕ ਨਹੀਂ ਕਰਨਾ ਚਾਹੀਦਾ? ਜੇ ਇਨ੍ਹਾਂ ’ਤੇ ਚਰਚਾ ਬਣਦੀ ਹੈ ਤਾਂ ਕੀ ਅੱਜ ਸਿਰ ਜੋੜ ਕੇ ਬੈਠਣ ਦਾ ਸਮਾਂ ਨਹੀਂ? ਜਦ ਦੇਸ਼ ਅੱਗੇ ਵਧ ਰਿਹਾ ਹੈ ਤਾਂ ਪੰਜਾਬ ਪਿੱਛੇ ਕਿਉਂ? ਇਹ ਲੇਖ ਕੇਵਲ ਸਾਰਥਕ ਚਰਚਾ ਲਈ ਪੇਸ਼ ਹੈ।
.jpg)
-ਇਕਬਾਲ ਸਿੰਘ ਲਾਲਪੁਰਾ
-(ਚੇਅਰਮੈਨ, ਕੌਮੀ ਘੱਟ-ਗਿਣਤੀ ਕਮਿਸ਼ਨ, ਭਾਰਤ ਸਰਕਾਰ)।
-ਮੋਬਾਈਲ : 98773-53321



