ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ

ਪਾਤੜਾਂ ਪੁਲਿਸ ਨੇ ਰਾਤ ਸਮੇਂ ਪਿੰਡਾਂ ‘ਚੋਂ ਮੱਝਾਂ ਚੋਰੀ ਕਰ ਕੇ ਯੂਪੀ ਲੈ ਜਾਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਮੱਝਾਂ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦਿਆ ਥਾਣਾ ਮੁਖੀ ਪਾਤੜਾਂ ਹਰਮਨਪ੍ਰਰੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼ਹਿਰ ਦੇ ਨਾਲ ਲੱਗਦੇ ਪਿੰਡ ਨਿਆਲ ‘ਚ ਕੁਝ ਮਹੀਨੇ ਪਹਿਲਾਂ ਇਕ ਕਿਸਾਨ ਦੀਆਂ 8 ਮੱਝਾਂ ਤੇ ਇਕ ਕੱਟੀ ਰਾਤ ਸਮੇਂ ਇਕ ਕੈਂਟਰ ‘ਤੇ ਚੋਰ ਚੋਰੀ ਕਰ ਕੇ ਲੈ ਗਏ ਸਨ। ਚੋਰੀ ਦੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਸਨ। ਚੋਰੀ ਦੀ ਇਸ ਵਾਰਦਾਤ ਦਾ ਪਰਦਾਫ਼ਾਸ਼ ਕਰਨ ਲਈ ਪੁਲਿਸ ਨੇ ਉਕਤ ਪਰਿਵਾਰਾਂ ਦੀ ਮਦਦ ਨਾਲ ਗੰਭੀਰਤਾ ਨਾਲ ਕੀਤੀ ਗਈ ਪੜਤਾਲ ਦੌਰਾਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦਾ ਪਤਾ ਲਗਾ ਲਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਨੂੂੰ ਸੁਲਝਾਉਦਿਆਂ ਗੁਫਰਾਨ, ਸ਼ਹਿਜ਼ਾਦ ਤੇ ਆਸਿਫ਼ ਤਿੰਨੇ ਵਾਸੀਆਨ ਪਿੰਡ ਬਗਰਾ ਥਾਣਾ ਤਿਤਾਬੀ ਮੁਜ਼ੱਫਰਨਗਰ ਯੂਪੀ ਨੂੰ ਕਾਬੂ ਕਰ ਕੇ ਕੀਤੀ ਗਈ ਪੁੱਛਗਿੱਛ ‘ਚ ਇਨ੍ਹਾਂ ਨੇ ਮੰਨਿਆ ਹੈ ਕਿ ਉਕਤ ਚੋਰੀ ਤੋਂ ਇਲਾਵਾ ਜੁਲਾਈ ਮਹੀਨੇ ਦੀ 16 ਅਤੇ 17 ਦੀ ਰਾਤ ਨੂੰ ਸ਼ੰਭੂ ਏਰੀਆ ਦੇ ਪਿੰਡ ਲੋਹੰਡ ਤੇ ਖੇੜੀ ਗੁੱਜਰਾਂ ਤੋਂ 7 ਮੱਝਾਂ, ਸਤੰਬਰ 1 ਅਤੇ 2 ਦੀ ਰਾਤ ਨੂੰ ਨਾਭੇ ਦੇ ਪਿੰਡ ਗੁਣੀਕੇ ਤੋਂ ਤਿੰਨ ਮੱਝਾਂ 2 ਕੱਟੀਆਂ, ਅਤੇ ਮਈ ਮਹੀਨੇ ‘ਚ 11 ਤੇ 12 ਦੀ ਰਾਤ ਨੂੰ ਸਮਾਣਾ ਦੇ ਪਿੰਡ ਧਨੌਰੀ ਤੋਂ 4 ਮੱਝਾਂ ਇਕ ਝੋਟਾ ਚੋਰੀ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਚੋਰੀ ਕੀਤੇ ਪਸ਼ੂਆਂ ਨੂੰ ਛੇਤੀ ਬਰਾਮਦ ਕਰ ਲਿਆ ਜਾਵੇਗਾ।