ਸੰਜੀਵ ਗੁਪਤਾ, ਜਗਰਾਓਂ : ਬੀਤੀ ਦੇਰ ਸ਼ਾਮ ਸਥਾਨਕ ਕਮਲ ਚੌਕ ਨੇੜੇ ਕੱਪੜੇ ਦੀ ਖ਼ਰੀਦਦਾਰੀ ਕਰਕੇ ਸ਼ੋਅ ਰੂਮ ‘ਚੋਂ ਬਾਹਰ ਆਉਂਦਿਆਂ ਐੱਨਆਰਆਈ ਮਹਿਲਾ ਦੀ ਸੋਨੇ ਦੀ ਚੇਨ ਲਾਉਣ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ।
ਜਿਕਰਯੋਗ ਹੈ ਕਿ ਜਗਰਾਓਂ ਦੇ ਕਮਲ ਚੌਕ ਨੇੜੇ ਕੱਪੜੇ ਦੇ ਸ਼ੋਅ ਰੂਮ ਬੰਬੇ ਸਿਲਕ ਸਟੋਰ ‘ਤੇ ਐੱਨਆਰਆਈ ਕਰਮਜੀਤ ਕੌਰ ਵਾਸੀ ਆਲੀਗੜ੍ਹ ਆਪਣੇ ਰਿਸ਼ਤੇਦਾਰਾਂ ਨਾਲ ਖ਼ਰੀਦਦਾਰੀ ਕਰਨ ਆਏ ਸਨ। ਖ਼ਰੀਦਦਾਰੀ ਕਰਕੇ ਸ਼ੋਅ ਰੂਮ ‘ਚੋਂ ਬਾਹਰ ਨਿਕਲੇ ਤਾਂ ਇਕ ਵਿਅਕਤੀ ਨੇ ਕਰਮਜੀਤ ਦੇ ਗਲੇ ‘ਚ ਪਾਈ ਚੇਨ ਝਪਟ ਲਈ, ਜਿਸ ਨੂੰ ਮੌਕੇ ‘ਤੇ ਹੀ ਕਰਮਜੀਤ ਕੌਰ ਦੇ ਰਿਸ਼ਤੇਦਾਰ ਰਘਵੀਰ ਸਿੰਘ ਵਾਸੀ ਅਗਵਾੜ ਡਾਲਾ ਤੇ ਲੋਕਾਂ ਨੇ ਕਾਬੂ ਕਰ ਲਿਆ। ਇਸ ਦੌਰਾਨ ਉਕਤ ਵਿਅਕਤੀ ਕੋਲੋਂ ਇਕ ਨਕਲੀ ਪਿਸਤੌਲ ਵੀ ਬਰਾਮਦ ਹੋਇਆ, ਜਿਸ ‘ਤੇ ਲੋਕਾਂ ਨੇ ਉਕਤ ਦੀ ਚੰਗੀ ਤਰ੍ਹਾਂ ‘ਸੇਵਾ’ ਕੀਤੀ।
ਇਸ ਮਾਮਲੇ ‘ਚ ਥਾਣਾ ਸਿਟੀ ਦੇ ਮੁਖੀ ਦਿਲਜੀਤ ਸਿੰਘ ਨੇ ਦੱਸਿਆ ਉਕਤ ਵਿਅਕਤੀ ਗੁਰਮੇਲ ਸਿੰਘ ਵਾਸੀ ਚੌਧਰੀਆਂ ਦੀ ਗਲੀ ਮੋਗਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਉਕਤ ਕੱਲ੍ਹ ਮੋਗੇ ਤੋਂ ਜਗਰਾਓਂ ਵਾਰਦਾਤ ਲਈ ਪੁੱਜਾ ਸੀ, ਜਿਸ ਨੂੰ ਲੋਕਾਂ ਨੇ ਮੌਕੇ ਤੋਂ ਕਾਬੂ ਕਰ ਲਿਆ।


