ਨਵੀਂ ਦਿੱਲੀ (ਏਜੰਸੀ) : ਮਨੀਪੁਰ ’ਚ ਇੰਫਾਲ ਹਵਾਈ ਅੱਡੇ ਦੇ ਨਜ਼ਦੀਕ ਐਤਵਾਰ ਨੂੰ ਅਸਮਾਨ ’ਚ ਉੱਡਦੀ ਅਣਪਛਾਤੀ ਚੀਜ਼ ਦਿਖਾਈ ਦੇਣ ਦੀ ਸੂਚਨਾ ਤੋਂ ਬਾਅਦ ਹਵਾਈ ਫ਼ੌਜ ਵੱਲੋਂ ਉਸਦੀ ਭਾਲ ’ਚ ਦੋ ਰਾਫੇਲ ਲੜਾਕੂ ਜਹਾਜ਼ ਭੇਜੇ ਗਏ। ਹਵਾਈ ਅੱਡੇ ਦੇ ਨਜ਼ਦੀਕ ਦੁਪਹਿਰ 2.30 ਵਜੇ ਦੇ ਕਰੀਬ ਯੂਐੱਫਓ ਦਿਸਣ ਦਾ ਦਾਅਵਾ ਕੀਤਾ ਗਿਆ ਸੀ। ਇਸ ਕਾਰਨ ਤਿੰਨ ਘੰਟੇ ਉਡਾਣਾਂ ਪ੍ਰਭਾਵਿਤ ਰਹੀਆਂ।

ਰੱਖਿਆ ਸੂਤਰਾਂ ਮੁਤਾਬਕ ਬਹੁਤ ਹੀ ਉੱਨਤ ਸੈਂਸਰ ਨਾਲ ਲੈਸ ਜਹਾਜ਼ ਨੇ ਯੂਐੱਫਓ ਦੀ ਭਾਲ ਲਈ ਸੰਭਾਵਿਤ ਖੇਤਰਾਂ ’ਚ ਕਾਫ਼ੀ ਹੇਠਾਂ ਤੋਂ ਉਡਾਣ ਭਰੀ, ਪਰ ਉੱਥੇ ਕੁਝ ਨਹੀਂ ਮਿਲਿਆ। ਪਹਿਲਾਂ ਜਹਾਜ਼ ਦੇ ਵਾਪਸ ਪਰਤਣ ਤੋਂ ਬਾਅਦ ਇਕ ਹੋਰ ਰਾਫੇਲ ਭੇਜਿਆ ਗਿਆ। ਕਾਫ਼ੀ ਭਾਲ ਕੀਤੀ ਗਈ, ਪਰ ਕੋਈ ਵੀ ਯੂਐੱਫਓ ਇਲਾਕੇ ਦੇ ਆਸਪਾਸ ਨਹੀਂ ਦੇਖਿਆ ਗਿਆ। ਇੰਫਾਲ ਹਵਾਈ ਅੱਡੇ ਨੂੰ ਉਡਾਣ ਲਈ ਮਨਜ਼ੂਰੀ ਮਿਲਣ ਦੇ ਫ਼ੌਰੀ ਬਾਅਦ ਹਵਾਈ ਫ਼ੌਜ ਦੇ ਸ਼ਿਲਾਂਗ ਹੈੱਡਕੁਆਰਟਰ ਵਾਲੀ ਪੂਰਬੀ ਕਮਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਹਵਾਈ ਰੱਖਿਆ ਪ੍ਰਤੀਕ੍ਰਿਆ ਤੰਤਰ ਨੂੰ ਸਰਗਰਮ ਕਰ ਦਿੱਤਾ ਹੈ।

ਭਾਰਤ ਹਵਾਈ ਫ਼ੌਜ ਦੇ ਰਾਫੇਲ ਜਹਾਜ਼ ਬੰਗਾਲ ਦੇ ਹਾਸੀਮਾਰਾ ਹਵਾਈ ਅੱਡੇ ’ਤੇ ਤਾਇਨਾਤ ਹਨ ਤੇ ਚੀਨੀ ਸਰਹੱਦ ਦੇ ਨਾਲ ਪੂਰਬੀ ਖੇਤਰ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ ਉਡਾਣ ਭਰਦੇ ਰਹਿੰਦੇ ਹਨ।