ਅਵਤਾਰ ਧੀਮਾਨ, ਜ਼ੀਰਕਪੁਰ

ਸ਼ਹਿਰ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਦੇ ਦਆਵਿਆਂ ਦੇ ਬਾਵਜੂਦ ਜ਼ੀਰਕਪੁਰ ਬਿਜਲੀ ਬੋਰਡ ਖੇਤਰ ਵਿਚ ਬਿਜਲੀ ਸਪਲਾਈ ਬਹਾਲ ਰੱਖਣ ਵਿਚ ਨਾਕਾਮ ਸਾਬਿਤ ਹੋ ਰਿਹਾ ਹੈ। ਇਕ ਹੀ ਸਮੇਂ ਕਈ ਥਾਵਾਂ ‘ਤੇ ਬਿਜਲੀ ਸਪਲਾਈ ਵਿਚ ਨੁਕਸ ਪੈਣ ਕਾਰਨ ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਿਹਾ ਵਿਭਾਗ ਕਈ-ਕਈ ਘੰਟੇ ਸਪਲਾਈ ਚਾਲੂ ਨਹੀਂ ਕਰ ਸਕ ਰਿਹਾ ਹੈ, ਜਿਸ ਕਾਰਨ ਬਲਟਾਣਾ ਦੀਆਂ ਕਈ ਕਾਲੋਨੀਆਂ ਦੇ ਸੈਂਕੜੇ ਵਸਨੀਕਆਂ ਨੂੰ ਕਰੀਬ 18 ਘੰਟੇ ਬਿਨਾਂ ਬਿਜਲੀ ਤੋਂ ਰਹਿਣਾ ਪਿਆ। ਖਬਰ ਲਿਖੇ ਜਾਣ ਤੱਕ ਵੀ ਬਲਟਾਣਾ ਖੇਤਰ ਵਿਚ ਬਿਜਲੀ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕੀ ਸੀ ਅਤੇ ਲਗਾਤਾਰ ਬਿਜਲੀ ਦਾ ਜਾਣਾ ਜਾਰੀ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ ਬਲਟਾਣਾ ਪੰਚਕੂਲਾ ਸੈਕਟਰ 19 ਵਾਲੀ ਸੜਕ ‘ਤੇ ਕਿਸੇ ਵਾਹਨ ਵੱਲੋਂ ਬਿਜਲੀ ਦੀ ਤਾਰ ਤੋੜ ਦੇਣ ਕਾਰਨ ਕਈ ਕਾਲੋਨੀਆਂ ਵਿਚ ਬਿਜਲੀ ਸਪਲਾਈ ਸਾਰੀ ਰਾਤ ਗੁੱਲ ਰਹੀ ਜਿਨ੍ਹਾਂ ਵਿੱਚੋਂ ਕਈ ਕਾਲੋਨੀਆਂ ਦੀ ਬਿਜਲੀ ਸਪਲਾਈ ਦੁਪਿਹਰ 12 ਵਜੇ ਦੇ ਕਰੀਬ ਹੀ ਬਹਾਲ ਹੋ ਸਕੀ। ਇਸ ਤੋਂ ਪਹਿਲਾਂ ਬਲਟਾਣਾ ਖੇਤਰ ਵਿਚ ਬਿਜਲੀ ਦਾ ਟ੍ਾਂਸਫਾਰਮਰ ਖਰਾਬ ਹੋਣ ਕਾਰਨ ਉਸ ਨੂੰ ਬਦਲਣ ਲਈ ਦੁਪਿਹਰ 3 ਵਜੇ ਹੀ ਬਿਜਲੀ ਬੰਦ ਕਰ ਦਿੱਤੀ ਗਈ ਸੀ। ਬਲਟਾਣਾ ਦੀ ਰਵਿੰਦਰਾ ਇਨਕਲੇਵ ਕਾਲੋਨੀ ਦੇ ਵਸਨੀਕਾਂ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 6 ਵਜੇ ਗਈ ਉਨ੍ਹਾਂ ਦੀ ਕਾਲੋਨੀ ਦੀ ਬਿਜਲੀ ਅੱਜ ਕਰੀਬ 11 ਵਜੇ ਬਹਾਲ ਹੋਈ। ਉਨ੍ਹਾਂ ਦੱਸਿਆ ਕਿ ਅੱਜ ਸਾਰਾ ਦਿਨ ਵੀ ਬਿਜਲੀ ਸਪਲਾਈ ਦਾ ਹਾਲ ਮਾੜਾ ਹੀ ਰਿਹਾ। ਇਸ ਤੋਂ ਇਲਾਵਾ ਸੈਣੀ ਵਿਹਾਰ ਫੇਜ਼-2, ਸੈਣੀ ਵਿਹਾਰ ਫੇਜ਼-3 ਦਾ ਕੁਝ ਹਿੱਸਾ, ਸੈਣੀ ਵਿਹਾਰ ਫੇਜ਼-1 ਦਾ ਕੁਝ ਹਿੱਸਾ ਅਤੇ ਪੀਰ ਬਾਬਾ ਸੜਕ, ਅੰਮਿ੍ਤ ਵਿਹਾਰ, ਵਿਸ਼ਵਕਰਮਾ ਕਾਲੋਨੀ, ਏਕਤਾ ਵਿਹਾਰ, ਗੁਰੂਨਾਨਕ ਕਾਲੋਨੀ ਸਮੇਤ ਹੋ ਕਈ ਕਾਲੋਨੀਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦ ਤੋਂ ਬਲਟਾਣਾ ਬਿਜਲੀ ਗਰਿੱਡ ਬਣਿਆ ਹੈ ਉਦੋਂ ਤੋਂ ਹੀ ਬਿਜਲੀ ਸਪਲਾਈ ਦਾ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹਾ ਦਿਨ ਨਹੀਂ ਹੁੰਦਾ ਜਿਸ ਵਿਚ ਕਈ ਘੰਟੇ ਬਿਜਲੀ ਦਾ ਕੱਟ ਨਾ ਲੱਗਦਾ ਹੋਵੇ। ਸ਼ਹਿਰ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਜਾਰੀ ਹੈਲਪਲਾਈਨ ਨੰਬਰ 1912 ‘ਤੇ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਉੱਤਰ ਨਹੀਂ ਮਿਲਦਾ। ਉਨ੍ਹਾਂ ਵਿਭਾਗ ਦੇ ਜੇਈ ਅਤੇ ਹੋਰ ਅਧਿਕਾਰੀਆਂ ਤੇ ਉਨਾਂ ਦਾ ਫੋਨ ਨਾ ਚੁੱਕਣ ਦਾ ਵੀ ਦੋਸ਼ ਲਾਇਆ।

ਸਟਾਫ ਦੀ ਕਮੀ ਬਣ ਰਹੀ ਹੈ ਸਿਸਟਮ ਸੁਧਾਰ ‘ਚ ਅੜਿੱਕਾ

ਜ਼ੀਰਕਪੁਰ ਸ਼ਹਿਰ ਦੀ ਅਬਾਦੀ ਇਸ ਸਮੇਂ ਲਗਭਗ 5 ਲੱਖ ਨੂੰ ਵੀ ਪਾਰ ਚੁਕੀ ਹੈ। ਇਕ ਅੰਕੜੇ ਅਨੁਸਾਰ ਜ਼ੀਰਕਪੁਰ ਖੇਤਰ ਵਿਚ ਕਰੀਬ ਸਵਾ ਲੱਖ ਬਿਜਲੀ ਦੇ ਰਿਹਾਇਸ਼ੀ ਅਤੇ ਵਪਾਰਕ ਕੁਨੈਕਸ਼ਨ ਹਨ ਜਿਨ੍ਹਾਂ ਦੀ ਸੰਭਾਲ ਲਈ ਗਿਣਤੀ ਦੇ ਹੀ ਮੁਲਾਜ਼ਮ ਹਨ। ਇਕ ਜੇਈ ਦੇ ਹਿੱਸੇ ਬਹੁਤ ਵੱਡਾ ਏਰੀਆ ਆਉਂਦਾ ਹੈ। ਦਿਨ ਤੇ ਰਾਤ ਵੇਲੇ ਬਿਜਲੀ ਤਾਰਾਂ ਵਿਚ ਪੈਂਦੇ ਨੁਕਸ ਦੀ ਮੁਰਮੰਤ ਲਈ ਇਕ ਜੇਈ ਕੋਲ ਸਿਰਫ ਦੋ ਜਾਂ ਤਿੰਨ ਹੀ ਮੁਲਾਜ਼ਮ ਹੁੰਦੇ ਹਨ ਜਿਨ੍ਹਾਂ ‘ਤੇ ਕਰੀਬ 20 ਤੋਂ 25 ਹਜ਼ਾਰ ਬਿਜਲੀ ਕੁਨੈਕਸ਼ਨਾਂ ਦੀ ਸਪਲਾਈ ਸੁਚਾਰੂ ਰੱਖਣ ਦਾ ਜਿੰਮਾ ਹੁੰਦਾ ਹੈ। ਇਕ ਥਾਂ ਤੋਂ ਵੱਧ ਥਾਵਾਂ ਤੇ ਨੁਕਸ ਪੈਣ ਦੀ ਸੂਰਤ ਵਿਚ ਬਿਜਲੀ ਸਪਲਾਈ ਠੀਕ ਕਰਨ ਮਿੰਟਾਂ ਦੇ ਕੰਮ ਨੁੰ ਘੰਟੇ ਲੱਗ ਜਾਦੇ ਹਨ ਜਿਸ ਲਈ ਜ਼ਿਆਦਾ ਸਮੇਂ ਲਈ ਗਰਿੱਡ ਤੋਂ ਚਲਦਾ ਫੀਡਰ ਬੰਦ ਰੱਖਣਾ ਪੈਂਦਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਬਾਅਦ ਤਿੰਨ ਵਜੇ ਤੋਂ ਅੱਜ ਸਵੇਰੇ ਤੱਕ ਬਿਜਲੀ ਸਪਲਾਈ ਨਾ ਹੋਣ ਸਬੰਧੀ ਢਾਈ ਤੋਂ ਤਿੰਨ ਹਜ਼ਾਰ ਸ਼ਿਕਾਇਤਾਂ ਨੋਡਲ ਨੰਬਰਾਂ ਅਤੇ ਪੀਸੀਪੀਐੱਲ ਦੀ ਐਪ ‘ਤੇ ਦਰਜ ਹੋਈਆਂ ਦੱਸੀਆਂ ਜਾ ਰਹੀਆਂ ਹਨ।

ਕੋਟਸ

ਕੱਲ੍ਹ ਬਿਜਲੀ ਸਪਲਾਈ ਵਿਚ ਨੁਕਸ ਪੈਣ ਕਾਰਨ ਸ਼ਹਿਰ ਵਾਸੀਆਂ ਵਿਸ਼ੇਸ਼ ਕਰ ਕੇ ਬਲਟਾਣਾ ਖੇਤਰ ਦੇ ਵਸਨੀਕਾਂ ਨੂੰ ਬਿਜਲੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਦੇਰ ਰਾਤ ਤੱਕ ਬਲਟਾਣਾ ਪੰਚਕੂਲਾ ਸੜਕ ‘ਤੇ ਟੁੱਟੀਆਂ ਤਾਰਾਂ ਨੂੰ ਮੁਰਮੰਤ ਕਰ ਲੇਣ ਦੇ ਬਾਵਜੂਦ ਸਾਰੇ ਖੇਤਰ ਦੀ ਬਿਜਲੀ ਸਪਲਾਈ ਬਹਾਲ ਨਹੀਂ ਕੀਤੀ ਜਾ ਸਕੀ। ਉਨ੍ਹਾਂ ਕਿਹਾ ਕਿ ਬਿਜਲੀ ਨਾ ਹੋਣ ਦੀਆਂ ਸ਼ਿਕਾਇਤਾਂ ਦੀ ਗਿਣਤੀ ਵੱਧ ਹੋਣ ਕਾਰਨ ਸਾਰੀ ਬਿਜਲੀ ਸਪਲਾਈ ਹੋਣ ਨੂੰ ਅੱਜ ਵੀ ਕਾਫੀ ਸਮਾ ਲੱਗ ਗਿਆ। ਫਿਰ ਵੀ ਕਰੀਬ 11 ਵਜੇ ਤੱਕ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਸੀ।

ਰਾਕੇਸ਼ ਭਾਟੀਆ, ਐੱਸਡੀਓ

ਪਾਵਰਕੌਮ ਟੈਕ-2, ਜ਼ੀਰਕਪੁਰ