ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆਂ ਦੇ ਸਰਵਪੱਖੀ ਵਿਕਾਸ ਦੀ ਵਚਨਬੱਧਤਾ ਤਹਿਤ ਕੰਮ ਕਰਦਿਆਂ ਬੱਚਿਆਂ ਦੀ ਭਲਾਈ ਸਬੰਧੀ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।

ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਦੀ ਸਾਂਭ-ਸੰਭਾਲ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ ਤਾਂ ਜੋ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਨਵੀਆਂ ਯੋਜਨਾਵਾਂ ਅਤੇ ਸਕੀਮਾਂ ਬਣਾਈਆਂ ਜਾ ਸਕਣ ਅਤੇ ਕੋਈ ਵੀ ਬੱਚਾ ਇਨ੍ਹਾਂ ਲਾਭਾਂ ਤੋਂ ਵਾਂਝਾ ਨਾ ਰਹਿ ਸਕੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਉਦੇਸ਼ ਤਹਿਤ ‘ਬਾਲ ਅਧਿਕਾਰਾਂ ਬਾਲ ਰੱਖਿਆ’ ਵਿਸ਼ੇ ‘ਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਫਾਰ ਪਬਲਿਕ ਐਡਮਿਨਿਸਟਰੇਸ਼ਨ (ਮੈਗਸੀਪਾ) ਚੰਡੀਗੜ੍ਹ ਵਿਖੇ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ। ਇਸ ਵਿੱਚ ਮਿਸ਼ਨ ਵਾਤਸੱਲਿਆ ਸਕੀਮ ਅਧੀਨ ਕੰਮ ਕਰ ਰਹੇ ਸਟੇਕਹੋਲਡਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਬਾਲ ਸੁਰੱਖਿਆ ਅਫਸਰ, ਕਾਉਂਸਲਰ ਮੈਂਬਰ ਬਾਲ ਭਲਾਈ ਕਮੇਟੀ, ਮੈਂਬਰ, ਜੁਵੇਨਾਇਲ ਜਸਟਿਸ ਬੋਰਡ, ਚਾਈਲਡ ਕੇਅਰ ਇੰਸਟੀਚਿਊਟ ਦੇ ਨੁਮਾਇੰਦੇ, ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਅਤੇ ਸਪੈਸ਼ਲ ਜੁਵੇਨਾਇਲ ਪੁਲਿਸ ਅਫਸਰਾਂ ਵੱਲੋ ਭਾਗ ਲਿਆ ਗਿਆ।

ਮੰਤਰੀ ਵੱਲੋਂ ਇਸ ਪ੍ਰੋਗਰਾਮ ਵਿਚ ਆਏ ਸਾਰੇ ਸਟੇਕਹੋਲਡਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਾਲ ਸ਼ੋਸ਼ਣ, ਬਾਲ ਮਜ਼ਦੂਰੀ, ਬਾਲ ਭਿਖਾਰੀ ਅਜਿਹੇ ਮੁੱਦੇ ਹਨ, ਜਿਨ੍ਹਾਂ ਕਰਕੇ ਬੱਚਿਆਂ ਦੇ ਭਵਿੱਖ ਦਾ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਹਰੇਕ ਬੱਚੇ ਨੂੰ ਉਨ੍ਹਾਂ ਦੇ ਅਧਿਕਾਰਾਂ ਤਹਿਤ ਸਿੱਖਿਆ, ਮੈਡੀਕਲ ਸਹੂਲਤਾਂ ਅਤੇ ਜ਼ਿੰਦਗੀ ਜਿਉਣ ਲਈ ਵਿੱਤੀ ਸਹਾਇਤਾ ਸਹੂਲਤਾਂ ਦਿੱਤੀਆਂ ਜਾਣ ਤਾਂ ਹਰ ਬੱਚੇ ਨੂੰ ਸੁਰੱਖਿਅਤ ਭਵਿੱਖ ਦਿੰਦੇ ਹੋਏ ਦੇਸ਼ ਦਾ ਵਧੀਆ ਅਤੇ ਕਾਮਯਾਬ ਨਾਗਰਿਕ ਬਣਾਇਆ ਜਾ ਸਕਦਾ ਹੈ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਦੀ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰਿਆ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਟੇਕਹੋਲਡਰਾਂ ਦਾ ਸਵਾਗਤ ਕੀਤਾ ਗਿਆ ਅਤੇ ਪ੍ਰੋਗਰਾਮ ਦੇ ਉਦੇਸ ਬਾਰੇ ਜਾਣੂੰ ਕਰਵਾਇਆ। ਉਨਾ ਵੱਲੋ ਵਿਭਾਗ ਦੇ ਸਟੇਕਹੋਲਡਰਾਂ ਬਾਲ ਭਲਾਈ ਕਮੇਟੀ, ਜੁਵੇਨਾਈਲ ਜਸਟਿਸ ਬੋਰਡ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਚਾਈਲਡ ਕੇਅਰ ਇੰਸਟੀਚਿਊਟਸ ਵੱਲੋਂ ਕੀਤੇ ਜਾ ਰਹੇ ਬੱਚਿਆਂ ਸਬੰਧੀ ਕੰਮਾਂ ਅਤੇ ਉਨਾਂ ਨੂੰ ਸਿੱਖਿਆ, ਵੋਕੇਸ਼ਨਲ ਟ੍ਰੇਨਿੰਗ, ਖੇਡਾਂ ਆਦਿ ਵਿਚ ਮੇਨਸਟਰੀਮ ਕਰਨ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਦੱਸਿਆ ਅਤੇ ਇਸ ਪ੍ਰੋਗਰਾਮ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

ਪੰਜਾਬ ਸਰਕਾਰ ਮਿਸ਼ਨ ਵਾਤਸੱਲਿਆ ਸਕੀਮ ਅਧੀਨ ਬੇਸਹਾਰਾ ਅਤੇ ਲੋੜਵੰਦ ਬੱਚਿਆ ਦੀ ਸੁਰੱਖਿਆ ਲਈ ਵਚਨਬੱਧ ਹੈ ਤਾਂ ਜੋ ਬੱਚਿਆਂ ਨੂੰ ਰਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਬੱਚਿਆਂ ਨਾਲ ਸਬੰਧਤ ਸਕੀਮਾਂ ਸਬੰਧੀ ਸੂਚਨਾ ਵਿਭਾਗ ਦੀ ਵੈਬਸਾਈਟ [email protected] ਤੇ ਉਪਲਬੱਧ ਹੈ।

ਇਸ ਮੌਕੇ ਸ੍ਰੀ ਕੰਨਵਰਦੀਪ ਸਿੰਘ, ਚੇਅਰਪਰਸਨ, ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸਨ, ਡਾ. ਉਮਾ ਐੱਸ. ਨਾਇਕ ਚੇਅਰਪਰਸਨ ਐੱਨਜੀਓ ਇੰਡੀਅਨ ਚਾਈਲਡ ਐਬਿਊਜ਼ ਐਡ ਨਿਗਲੈਕਟ ਐਂਡ ਚਾਈਲਡ ਲੇਬਰ, ਨਵੀਂ ਦਿੱਲੀ, ਡਾ. ਰਾਜੀਵ ਸੇਠ ਐਡਵਾਈਜਰ, ਸ੍ਰੀ ਬਲਜਿੰਦਰ ਸਿੰਘ ਮਾਨ, ਸੀਜੇਐੱਮ ਕਮ ਸਕੱਤਰ ਡਾਲਸਾ, ਐੱਸਏਐੱਸ ਨਗਰ ਅਤੇ ਬਚਪਨ ਬਚਾਓ ਅੰਦੋਲਨ ਦੇ ਡਾਇਰੈਕਟਰ ਸ੍ਰੀ ਵੀਐੱਸ ਸੁਕਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।