ਅਰਵਿੰਦ ਪਾਂਡੇ, ਨਵੀਂ ਦਿੱਲੀ : ਪੀਐੱਮ-ਸ਼੍ਰੀ (ਪੀਐੱਮ-ਸਕੂਲ ਫਾਰ ਰਾਈਜ਼ਿੰਗ ਇੰਡੀਆ) ਤਹਿਤ ਸਰਕਾਰੀ ਸਕੂਲਾਂ ਦੀ ਕਾਇਆਕਲਪ ਦਾ ਜੋ ਸੁਪਨਾ ਦੇਖਿਆ ਗਿਆ ਸੀ, ਉਸ ਨੂੰ ਜ਼ਮੀਨ ’ਤੇ ਉਤਾਰਨ ’ਚ ਹੁਣ ਆਈਆਈਟੀ-ਆਈਆਈਐੱਮ ਜਿਹੇ ਵਿੱਦਿਅਕ ਅਦਾਰੇ ਵੀ ਹੱਥ ਵੰਡਾਉਣਗੇ। ਇਨ੍ਹਾਂ ਸਕੂਲਾਂ ’ਚ ਗਣਿਤ ਤੇ ਵਿਗਿਆਨ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਲਈ ਲੀਡਰਸ਼ਿਪ ਨਾਲ ਜੁੜਿਆ ਸਿਖਲਾਈ ਪ੍ਰੋਗਰਾਮ ਵੀ ਚਲਾਉਣਗੇ। ਇਸ ਨੂੰ ਲੈ ਕੇ ਦੇਸ਼ ਭਰ ਦੇ ਆਈਆਈਟੀ ਤੇ ਆਈਆਈਐੱਮ ਨਾਲ ਚਰਚਾ ਹੋ ਚੁੱਕੀ ਹੈ। ਮਾਡਿਊਲ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਤਿਆਰ ਹੁੰਦਿਆਂ ਹੀ ਉਹ ਪੀਐੱਮ-ਸ਼੍ਰੀ ’ਚ ਚੁਣੇ ਗਏ ਆਪਣੇ ਆਸਪਾਸ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਦੇਣਾ ਸ਼ੁਰੂ ਕਰ ਦੇਣਗੇ।

ਸਿੱਖਿਆ ਮੰਤਰਾਲੇ ਨੇ ਇਸ ਦੇ ਨਾਲ ਹੀ ਪੀਐੱਮ-ਸ਼੍ਰੀ ਸਕੀਮ ’ਚ ਪਹਿਲੀ ਖੇਪ ’ਚ ਚੋਣਵੇਂ ਦੇਸ਼ ਭਰ ਦੇ 6260 ਸਕੂਲਾਂ ਨੂੰ ਤੇਜ਼ੀ ਨਾਲ ਅਪਗ੍ਰੇਡ ਕਰਨ ਦੀ ਹੋਰ ਯੋਜਨਾ ’ਤੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਸਕੂਲਾਂ ਦੇ ਸਾਰੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਚਾਹੇ ਉਹ ਕਿਸੇ ਵਿਸ਼ੇ ਦੇ ਹੋਣ। ਇਸ ਤਹਿਤ ਹਰ ਜ਼ਿਲ੍ਹੇ ’ਚ ਪੀਐੱਮ-ਸ਼੍ਰੀ ਲਈ ਚੋਣਵੇਂ ਸਕੂਲਾਂ ’ਚੋਂ ਇਕ-ਇਕ ਪ੍ਰਿੰਸੀਪਲ ਨੂੰ ਮਾਸਟਰ ਟ੍ਰੇਨਰ ਬਣਾਇਆ ਜਾਵੇਗਾ, ਜੋ ਆਪਣੇ ਜ਼ਿਲ੍ਹੇ ਦੇ ਸਕੂਲਾਂ ’ਚ ਪੜ੍ਹਾਉਣ ਵਾਲੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਸਿਖਲਾਈ ਦੇਣਗੇ। ਸਿੱਖਿਆ ਮੰਤਰਾਲੇ ਨੇ ਐੱਨਸੀਈਆਰਟੀ ਨਾਲ ਮਿਲ ਕੇ ਇਸ ਸਿਖਲਾਈ ਦੀ ਸ਼ੁਰੂਆਤ ਕੀਤੀ ਹੈ। ਇਹ ਤਿੰਨ ਦਿਨ ਦਾ ਹੋਵੇਗਾ। ਮੰਤਰਾਲੇ ਨੇ ਸੂਬਿਆਂ ਨਾਲ ਮਿਲ ਕੇ ਖੇਤਰੀ ਸਿਖਲਾਈ ਦੀ ਵੀ ਯੋਜਨਾ ਬਣਾਈ ਹੈ।

ਸਿੱਖਿਆ ਮੰਤਰਾਲੇ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਮੁਤਾਬਕ ਇਨ੍ਹਾਂ ਚੋਣਵੇਂ ਸਕੂਲਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਪਿੱਛੇ ਮੁੱਖ ਮਕਸਦ ਇਨ੍ਹਾਂ ਨੂੰ ਇਨ੍ਹਾਂ ਸਕੂਲਾਂ ਦੇ ਉਦੇਸ਼ਾਂ ਤੋਂ ਜਾਣੂ ਕਰਵਾਉਣਾ ਹੈ। ਨਾਲ ਹੀ ਨਵੀਂ ਕੌਮੀ ਸਿੱਖਿਆ ਨੀਤੀ ਤਹਿਤ ਸਕੂਲੀ ਸਿੱਖਿਆ ਦੇ ਖੇਤਰ ’ਚ ਜਿਨ੍ਹਾਂ ਸੁਧਾਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ, ਉਸ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨਾ ਹੈ। ਇਸ ਦੇ ਨਾਲ ਹੀ ਬੱਚਿਆਂ ਦੀ ਪ੍ਰਤਿਭਾ ਨੂੰ ਸ਼ੁਰੂਆਤੀ ਪੱਧਰ ’ਤੇ ਹੀ ਪਛਾਣ ਕੇ ਉਨ੍ਹਾਂ ਨੂੰ ਨਵੀਂ ਉੱਚਾਈ ਦੇਣ ਜਿਹੀਆਂ ਪਹਿਲਾਂ ਲਈ ਵੀ ਤਿਆਰ ਕਰਨਾ ਹੈ। ਇਹੋ ਕਾਰਨ ਹੈ ਕਿ ਸਿੱਖਿਆ ਮੰਤਰਾਲੇ ਨੇ ਮਾਸਟਰ ਟੇ੍ਰਨਰ ਦੇ ਰੂਪ ’ਚ ਸਾਰੇ ਜ਼ਿਲ੍ਹਿਆਂ ’ਚੋਂ ਇਕ-ਇਕ ਪ੍ਰਿੰਸੀਪਲ ਨੂੰ ਸਿਖਲਾਈ ਦੇਣ ਦੀ ਮੁਹਿੰਮ ਸ਼ਰੂ ਕੀਤੀ ਹੈ। ਇਸ ਤਹਿਤ ਉਨ੍ਹਾਂ ਨੂੰ ਨੀਤੀ ਦੀਆਂ ਸਿਫ਼ਾਰਸ਼ਾਂ ਦੇ ਨਾਲ ਹੀ ਇਨੋਵੇਸ਼ਨ ਕੌਂਸਲ ਦੇ ਗਠਨ, ਲੀਡਰਸ਼ਿਪ ਨਾਲ ਜੁੜੀ ਸਿਖਲਾਈ ਦੇ ਨਾਲ ਹੀ ਇਨ੍ਹਾਂ ਪਹਿਲਾਂ ਨੂੰ ਜਿਨ੍ਹਾਂ ਸਕੂਲਾਂ ’ਚ ਲਾਗੂ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਵੀ ਦਿਖਾਇਆ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਇਹ ਸਿਖਲਾਈ ਸਕੂਲਾਂ ’ਚ ਗਣਿਤ ਤੇ ਵਿਗਿਆਨ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਆਈਆਈਟੀ-ਆਈਆਈਐੱਮ ਜਿਹੀਆਂ ਸੰਸਥਾਵਾਂ ਤੋਂ ਸਿਖਲਾਈ ਦਿਵਾਉਣ ਵਾਲੀ ਪਹਿਲ ਤੋਂ ਵੱਖਰੀ ਹੈ।